ਡੇਰਾ ਸੱਚਾ ਸੌਦਾ ਦੀ ਜਾਂਚ ਕਰਨ ਲਈ ਹਾਈ ਕੋਰਟ ਨੇ ਸਾਬਕਾ ਜੱਜ ਨੂੰ ਅਦਾਲਤੀ ਕਮਿਸ਼ਨਰ ਥਾਪਿਆ

ramrahim
ਚੰਡੀਗੜ੍ਹ, 5 ਸਤੰਬਰ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਅੱਜ ਸੇਵਾਮੁਕਤ ਜੱਜ ਦੇ ਅਧੀਨ ਡੇਰਾ ਸੱਚਾ ਸੌਦਾ ਸਿਰਸਾ ਦੀ ਜਾਂਚ ਦੀ ਇਜਾਜ਼ਤ ਦਿੰਦੇ ਹੋਏ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਨਿਲ ਕੁਮਾਰ ਸਿੰਘ ਪਵਾਰ ਨੂੰ ਅਦਾਲਤੀ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ।
ਹਰਿਆਣਾ ਸਰਕਾਰ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਉਤੇ ਸੁਣਵਾਈ ਦੌਰਾਨ ਜਸਟਿਸ ਸੂਰਿਆ ਕਾਂਤ, ਜਸਟਿਸ ਅਗਸਟਿਨ ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਣ ਦੇ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਸੱਤ ਸੌ ਏਕੜ ਵਿੱਚ ਫੈਲੇ ਹੋਏ ਇਸ ਡੇਰੇ ਦੀ ਸਮੁੱਚੀ ਜਾਂਚ ਅਦਾਲਤੀ ਕਮਿਸ਼ਨਰ ਦੀਆਂ ਹਦਾਇਤਾਂ ਅਤੇ ਨਿਗਰਾਨੀ ਹੇਠ ਹੋਵੇਗੀ। ਇਸ ਜਾਂਚ ਲਈ ਹਰਿਆਣਾ ਸਰਕਾਰ ਨੂੰ ਸਹਿਯੋਗ ਕਰਨ ਲਈ ਇਕ ਡਿਊਟੀ ਮੈਜਿਸਟਰੇਟ ਨਿਯੁਕਤ ਕਰਨ ਦਾ ਵੀ ਆਦੇਸ਼ ਦਿੱਤਾ ਗਿਆ। ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਡੀਓਗ੍ਰਾਫੀ ਹੇਠ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਮੌਕੇ ਮਾਲ, ਟੈਕਸ, ਫੋਰੈਂਸਿਕ ਮਾਹਰਾਂ ਤੇ ਪੈਰਾ ਮਿਲਟਰੀ ਦਸਤਿਆਂ ਦਾ ਵੀ ਸਹਿਯੋਗ ਲਿਆ ਜਾਵੇ। ਅਦਾਲਤੀ ਕਮਿਸ਼ਨਰ ਇਸ ਜਾਂਚ ਦੀ ਪ੍ਰਕਿਰਿਆ ਦੌਰਾਨ ਮਿਲਣ ਵਾਲੇ ਸਾਰੇ ਸਾਮਾਨ ਦਾ ਪੂਰਾ ਰਿਕਾਰਡ ਰੱਖੇਗਾ ਤੇ ਹਾਈ ਕੋਰਟ ਤੇ ਸਰਕਾਰ ਨੂੰ ਵਿਸਥਾਰ ਨਾਲ ਇਸ ਦੀ ਰਿਪੋਰਟ ਸੌਂਪੇਗਾ। ਸਿਰਸਾ ਜਾਂ ਕਿਸੇ ਵੀ ਹੋਰ ਥਾਂ ਇਸ ਕਮਿਸ਼ਨਰ ਨੂੰ ਸਰਕਾਰੀ ਗੱਡੀ, ਸੁਰੱਖਿਆ ਤੇ ਹੋਰ ਸਹਾਇਤਾ ਦੇਣ ਲਈ ਵੀ ਹਰਿਆਣਾ ਸਰਕਾਰ ਨੂੰ ਹੁਕਮ ਕੀਤਾ ਗਿਆ ਹੈ। ਅਦਾਲਤੀ ਕਮਿਸ਼ਨਰ ਲੋੜ ਮੁਤਾਬਕ ਕਿਸੇ ਵੀ ਹੋਰ ਏਜੰਸੀ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਦਾ ਹੱਕਦਾਰ ਹੋਵੇਗਾ।