ਡੇਰਾ ਸੱਚਾ ਸੌਦਾ ਤੋਂ ਸਿਆਸੀ ਮਦਦ ਮੰਗਣ ਦੇ ਦੋਸ਼ ਵਿੱਚ 44 ਆਗੂ ਅਕਾਲ ਤਖਤ ਵਿਖੇ ਤਲਬ

Fullscreen capture 452017 54008 AM* 17 ਅਪਰੈਲ ਨੂੰ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦਾ ਹੁਕਮ
ਅੰਮ੍ਰਿਤਸਰ, 4 ਅਪਰੈਲ, (ਪੋਸਟ ਬਿਊਰੋ)- ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਜਾ ਕੇ ਉਸ ਡੇਰੇ ਦੇ ਮੁਖੀ ਦਾ ਆਸ਼ੀਰਵਾਦ ਲੈਣ ਤੇ ਇਸ ਤਰ੍ਹਾਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੰਜ ਸਿੰਘ ਸਾਹਿਬਾਨ ਨੇ 44 ਸਿੱਖ ਰਾਜਸੀ ਆਗੂਆਂ ਨੂੰ 17 ਅਪਰੈਲ ਨੂੰ ਆਪਣਾ ਪੱਖ ਪੇਸ਼ ਕਰਨ ਲਈ ਅਕਾਲ ਤਖ਼ਤ ਉੱਤੇ ਤਲਬ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕੀਤਾ ਗਿਆ, ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਸਨ। ਅਗਲੀ ਕਾਰਵਾਈ 17 ਅਪਰੈਲ ਨੂੰ ਕੀਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਖੁਲਾਸਾ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕੁਝ ਸਿਆਸੀ ਪਾਰਟੀਆਂ ਦੇ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਵੋਟਾਂ ਲਈ ਸਮਰਥਨ ਮੰਗਿਆ ਤੇ ਆਸ਼ੀਰਵਾਦ ਲਿਆ ਸੀ। ਇਸ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮੈਂਬਰੀ ਜਾਂਚ ਕਮੇਟੀ ਬਣਾਈ ਸੀ, ਜਿਸ ਵੱਲੋਂ ਅਕਾਲ ਤਖ਼ਤ ਨੂੰ ਸੌਂਪੀ ਰਿਪੋਰਟ ਉੱਤੇ ਅੱਜ ਵਿਚਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਵਿੱਚ 44 ਸਿਆਸੀ ਆਗੂਆਂ ਦੇ ਨਾਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਹੈ ਕਿ ਜਾਂਚ ਕਮੇਟੀ ਵੱਲੋਂ ਇਸ ਵਾਰ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਗਏ ਸਿੱਖ ਆਗੂਆਂ ਬਾਰੇ ਹੀ ਜਾਂਚ ਕੀਤੀ ਗਈ ਹੈ। ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਲੈਣ ਸਬੰਧੀ ਦਿੱਤੇ ਗਏ ਬਿਆਨ ਉੱਤੇ ਕੋਈ ਕਾਰਵਾਈ ਕਰਨ ਬਾਰੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਝ ਨਹੀਂ ਆਖਿਆ।
ਅੱਜ ਦੀ ਮੀਟਿੰਗ ਵਿੱਚ ਜਿਨ੍ਹਾਂ ਸਿੱਖ ਆਗੂਆਂ ਨੂੰ ਸਪੱਸ਼ਟੀਕਰਨ ਲਈ ਤਲਬ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਕਾਲੀ ਦਲ ਨਾਲ ਸਬੰਧਤ ਜੀਤ ਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਟ ਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਨਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਢਾ, ਮਨਤਾਰ ਸਿੰਘ ਬਰਾੜ ਸ਼ਾਮਲ ਹਨ। ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਅਰਜੁਨ ਸਿੰਘ ਬਾਦਲ (ਪੁੱਤਰ ਮਨਪ੍ਰੀਤ ਸਿੰਘ ਬਾਦਲ), ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤ ਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਜੈਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ, ਦਮਨ ਕੌਰ ਬਾਜਵਾ ਦੇ ਨਾਂਅ ਹਨ। ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸੰਘਾ ਫਿਰੋਜ਼ਪੁਰ ਦਾ ਵੀ ਨਾਂਅ ਵੀ ਸ਼ਾਮਲ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਬਾਹਰ ਮੀਟਿੰਗਾਂ ਕਰਨ ਵਾਲੇ ਸਿੱਖ ਆਗੂਆਂ ਵਿੱਚ ਅਕਾਲੀ ਦਲ ਦੇ ਇੰਦਰ ਇਕਬਾਲ ਸਿੰਘ ਅਟਵਾਲ, ਰਣਜੀਤ ਸਿੰਘ ਤਲਵੰਡੀ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਈਸ਼ਰ ਸਿੰਘ ਮੇਹਰਬਾਨ, ਜਗਦੀਪ ਸਿੰਘ ਨਕੱਈ, ਦਰਸ਼ਨ ਸਿੰਘ ਕੋਟਫੱਤਾ, ਗੁਲਜ਼ਾਰ ਸਿੰਘ ਦਿੜ੍ਹਬਾ, ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਨਾਭਾ, ਅਜੀਤ ਸਿੰਘ ਸ਼ਾਂਤ, ਸੁਰਿੰਦਰ ਸਿੰਘ ਸਿਬੀਆ, ਪਰਮਬੰਸ ਸਿੰਘ ਬੰਟੀ ਅਤੇ ਮਨਪ੍ਰੀਤ ਸਿੰਘ ਇਆਲੀ ਦੇ ਨਾਂਅ ਸ਼ਾਮਲ ਹਨ।
ਵਰਨਣ ਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਇਸੇ ਮਾਮਲੇ ਬਾਰੇ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਵੱਲੋਂ ਲਗਪਗ 40 ਸਿੱਖ ਆਗੂਆਂ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਜਥੇਦਾਰਾਂ ਨੇ ਇਨ੍ਹਾ ਦੇ ਖਿਲਾਫ 20 ਅਪਰੈਲ ਨੂੰ ਅਗਲੀ ਕਾਰਵਾਈ ਦਾ ਐਲਾਨ ਕੀਤਾ ਹੋਇਆ ਹੈ।