ਡੇਰਾ ਸੱਚਾ ਸੌਦਾ ਕੋਲ 1435 ਕਰੋੜ ਦੀ ਜ਼ਮੀਨ ਦਾ ਪਤਾ ਲੱਗਾ

dera
ਸਿਰਸਾ, 8 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇਮੁਖੀ ਨੂੰ ਸਜ਼ਾ ਸੁਣਾਉਣ ਦੇ ਬਾਅਦ ਸਮਰਥਕਾਂ ਵੱਲੋਂ ਫੈਲਾਈ ਹਿੰਸਾ ਦੀ ਭਰਪਾਈ ਡੇਰੇ ਦੀ ਜਾਇਦਾਦ ਜ਼ਬਤ ਕਰਨ ਦੇ ਹਾਈ ਕੋਰਟ ਦੇ ਹੁਕਮ ਹੇਠ ਸਿਰਸਾ ਜ਼ਿਲੇ ਦੇ ਮਾਲ ਵਿਭਾਗ ਨੇ ਡੇਰੇ ਦੇ ਨਾਮ ਜ਼ਮੀਨਾਂ ਲੱਭ ਕੇ ਉਨ੍ਹਾਂ ਦੀ ਅਸਲ ਕੀਮਤ ਦਾ ਮੁਲਾਂਕਣ ਕਰਕੇ ਰਿਪੋਰਟ ਭੇਜੀ ਹੈ। ਡੇਰੇ ਦੇ ਨਾਮ 953 ਏਕੜ ਜ਼ਮੀਨ ਹੈ। ਇਸ ਦੀ ਕੀਮਤ ਕਰੀਬ 1435 ਕਰੋੜ ਰੁਪਏ ਹਨ।
ਤਹਿਸੀਲ ਦਫਤਰ ਦੇ ਅੰਕੜਿਆਂ ਅਨੁਸਾਰ ਸਿਰਸਾ ਤਹਿਸੀਲ ਵਿੱਚ ਬਣੇ ਡੇਰਾ ਹੈਡਕੁਆਰਟਰ ਦੇ ਕੋਲ ਕੁੱਲ 766 ਏਕੜ ਜ਼ਮੀਨ ਹੈ, ਜਿਸ ਵਿੱਚ ਖੇਤੀ ਯੋਗ ਜ਼ਮੀਨ ਅਤੇ ਉਹ ਜ਼ਮੀਨ ਸ਼ਾਮਲ ਹੈ, ਜਿਸ ਉੱਤੇ ਭਵਨ ਅਤੇ ਹੋਰ ਸੰਸਥਾਵਾਂ ਬਣੀਆਂ ਹਨ। ਮਾਲ ਵਿਭਾਗ ਨੇ ਇਸ ਦੀ ਕੀਮਤ 1359 ਕਰੋੜ ਮੰਨੀ ਹੈ। ਚੌਪਟਾ ਤਹਿਸੀਲ ਵਿੱਚ 146 ਏਕੜ ਜ਼ਮੀਨ ਡੇਰੇ ਦੇ ਨਾਮ ਹੈ, ਜਿਸ ਦੀ ਕੀਮਤ 60 ਕਰੋੜ ਹੈ। ਡੱਬਵਾਲੀ ਤਹਿਸੀਲ ਵਿੱਚ 27 ਏਕੜ ਜ਼ਮੀਨ ਦੀ ਕੀਮਤ ਚਾਰ ਕਰੋੜ, ਕਾਲਾਂਵਾਲੀ ਤਹਿਸੀਲ ਵਿੱਚ 10 ਏਕੜ ਜ਼ਮੀਨ ਦੀ ਕੀਮਤ 2,90 ਕਰੋੜ ਰੁਪਏ, ਰਾਣੀਆਂ ਤਹਿਸੀਲ ਵਿੱਚ ਤਿੰਨ ਏਕੜ ਜ਼ਮੀਨ ਦੀ ਕੀਮਤ 7.94 ਕਰੋੜ ਰੁਪਏ ਹੈ। ਹਾਈ ਕੋਰਟ ਨੇ ਡੇਰੇ ਦੀ ਸਾਰੀ ਜਾਇਦਾਦ ਅਟੈਚ ਕਰਨ ਬਾਰੇ ਸਿਰਸਾ ਵਿੱਚ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਜਦ ਜ਼ਿਲਾ ਮਾਲ ਅਧਿਕਾਰੀ ਨੌਰੰਗਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਉਨ੍ਹਾਂ ਨੂੰ ਕੇਵਲ ਡੇਰੇ ਦੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਹੁਕਮ ਮਿਲੇ ਹਨ, ਜਿਸ ‘ਤੇ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਡੇਰੇ ਦੀ ਜਾਇਦਾਦ ਅਟੈਚ ਕਰਨ ਲਈ ਉਨ੍ਹਾਂ ਕੋਲ ਕੋਈ ਹੁਕਮ ਨਹੀਂ ਆਏ, ਜਦ ਵੀ ਹੁਕਮ ਆਵੇਗਾ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।