ਡੇਰਾ ਸਿਰਸਾ ਵੱਲੋਂ ਹਿੰਸਾ ਕਰਨ ਦੇ ਮੁੱਖ ਸਾਜਿ਼ਸ਼ ਕਰਤਿਆਂ ਵਿੱਚੋਂ ਦੁਨੀ ਚੰਦ ਗ੍ਰਿਫਤਾਰ

duni chand arrested
ਸੰਗਰੂਰ, 4 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੀ ਬੀ ਆਈ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ਾਂ ਵਿੱਚ ਸਜ਼ਾ ਦਿਤੇ ਜਾਣ ਦੇ ਵਿਰੁੱਧ ਰੋਸ ਵਜੋਂ ਮਾਲਵੇ ਵਿੱਚ ਹਿੰਸਾ ਫੈਲਾਉਣ ਦੇ ਮੁੱਖ ਸਾਜਿ਼ਸ਼ ਕਰਤਿਆਂ ਵਿੱਚ ਸ਼ਾਮਲ ਦੁਨੀ ਚੰਦ ਨਾਂਅ ਦੇ ਡੇਰਾ-ਪ੍ਰੇਮੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਦੁਨੀ ਚੰਦ ਕੋਲੋਂ 1,70,000 ਰੁਪਏ ਵੀ ਮਿਲੇ ਹਨ।
ਸੰਗਰੂਰ ਜਿ਼ਲੇ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਇਸ ਜਿ਼ਲੇ ਵਿੱਚ ਡੇਰਾ ਸਮਰਥਕਾਂ ਨੇ ਵੱਖ-ਵੱਖ ਥਾਈਂ ਗਰਿੱਡ, ਤਹਿਸੀਲ, ਪੈਟਰੋਲ ਪੰਪ ਆਦਿ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਸਬੰਧੀ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਸਨ। ਦਿੜ੍ਹਬਾ ਪੁਲਿਸ ਨੇ ਪਿੰਡ ਗੁਜਰਾਂ ਵਿਖੇ ਇੱਕ ਮੁੱਖ ਸ਼ਾਜ਼ਸਕਾਰ ਦੁਨੀ ਚੰਦ ਵਾਸੀ ਸ਼ੇਰਪੁਰ ਨੂੰ ਰਿਟਜ਼ ਕਾਰ ਸਮੇਤ ਕਾਬੂ ਕੀਤਾ। ਉਸ ਕੋਲੋਂ ਪੀਸੀਆਂ ਹੋਈਆਂ ਮਿਰਚਾਂ ਤੇ ਡੇਰੇ ਨਾਲ ਸਬੰਧਤ ਲਿਟਰੇਚਰ ਵੀ ਮਿਲਿਆ ਹੈ। ਸੰਗਰੂਰ ਪੁਲਿਸ ਨੇ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਹੁਣ ਤਕ 59 ਦੋਸ਼ੀ ਗ੍ਰਿਫ਼ਤਾਰ ਕੀਤੇ ਹਨ। ਐਸ ਐਸ ਪੀ ਨੇ ਦੱਸਿਆ ਕਿ ਦੁਨੀ ਚੰਦ ਨੇ ਮੰਨਿਆ ਹੈ ਕਿ ਡੇਰਾ ਸੱਚਾ ਸੌਦਾ ਸਾਧ ਦੇ ਵਿਸ਼ਵਾਸ ਪਾਤਰ ਰਾਕੇਸ਼ ਕੁਮਾਰ ਨੇ ਪੰਜਾਬ ਵਿੱਚ ਹਿੰਸਾ ਭੜਕਾਉਣ ਲਈ 8 ਮੈਂਬਰ ਨਿਯੁਕਤ ਕੀਤੇ ਸਨ, ਜਿਨ੍ਹਾਂ ਵਿਚ ਸੰਗਰੂਰ ਤੋਂ ਦੁਨੀ ਚੰਦ, ਮਾਨਸਾ ਤੋਂ ਮੇਜਰ ਸਿੰਘ ਖ਼ਿਆਲਾ, ਬਠਿੰਡਾ ਤੋਂ ਬਲਵਿੰਦਰ ਸਿੰਘ ਬੇਦੀ ਅਤੇ ਗੁਰਦੇਵ ਸਿੰਘ, ਬਾਘਾ ਪੁਰਾਣਾ ਤੋਂ ਪ੍ਰਿਥਵੀ ਚੰਦ, ਕੋਟ ਕਪੂਰਾ ਤੋਂ ਮਹਿੰਦਰ ਪਾਲ ਸਿੰਘ ਬਿੱਟੂ, ਕੋਟ ਭਾਈ ਬਠਿੰਡਾ ਤੋਂ ਗੁਰਦਾਸ ਸਿੰਘ ਤੇ ਗੁਰਜੀਤ ਸਿੰਘ ਮੋਗਾ ਸ਼ਾਮਲ ਸਨ। ਇਨ੍ਹਾਂ ਸਾਰੇ ਲੋਕਾਂ ਨੂੰ ‘ਏ’ ਟੀਮ ਦਾ ਨਾਮ ਦਿਤਾ ਗਿਆ ਸੀ। ਰਵੀ ਕੁਮਾਰ ਵਾਸੀ ਮੁਕਤਸਰ ਨੂੰ ਪੰਜਾਬ ਦੀ ‘ਏ’ ਟੀਮ ਦਾ ਇੰਚਾਰਜ ਬਣਾਇਆ ਗਿਆ। ਐਸ ਐਸ ਪੀ ਨੇ ਦਸਿਆ ਕਿ ‘ਏ’ ਟੀਮ ਦੀ ਪਹਿਲੀ ਮੀਟਿੰਗ 17 ਅਗੱਸਤ ਨੂੰ ਸਿਰਸਾ ਵਿਖੇ ਰਵੀ ਕੁਮਾਰ ਨੇ ਤੜਕੇ 2 ਵਜੇ ਕੀਤੀ, ਜਿਹੜੀ 30 ਤੋਂ 40 ਮਿੰਟ ਚੱਲੀ ਸੀ। ਇਸ ਮੀਟਿੰਗ ਵਿਚ ਕਿਹਾ ਗਿਆ ਕਿ ਜੇ ਫ਼ੈਸਲਾ ਡੇਰਾ ਮੁਖੀ ਦੇ ਵਿਰੁਧ ਆਇਆ ਤਾਂ ਹਿੰਸਾ ਫੈਲਾਈ ਜਾਵੇ। 8 ਮੈਂਬਰੀ ਟੀਮ ਅੱਗੇ ਦੋ ਥਾਂ ਵੰਡੀ ਗਈ। ਮੈਬਰਾਂ ਨੇ ਮੋਬਾਈਲ ਫ਼ੋਨ ਅਤੇ ਹੋਰ ਢੰਗਾਂ ਨਾਲ ਅਪਣੇ ਸਮਰਥਕਾਂ ਨਾਲ ਸੰਪਰਕ ਸ਼ੁਰੂ ਕਰ ਦਿਤਾ। ਇਹ ਵੀ ਫ਼ੈਸਲਾ ਹੋਇਆ ਕਿ ਫ਼ੈਸਲੇ ਵਾਲੇ ਦਿਨ ਪੰਚਕੂਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਸਮਰਥਕ ਪਹੁੰਚਣ ਦਾ ਪ੍ਰਬੰਧ ਕੀਤਾ ਜਾਵੇ।