ਡੇਰਾ ਮੁਖੀ ਨੇ ਘਾਟੇ ਦੀਆਂ ਫਿਲਮਾਂ ਬਣਾਈਆਂ ਤੇ ਬਹਾਨੇ ਨਾਲ ਕਾਲੀ ਕਮਾਈ ਸਫੈਦ ਕੀਤੀ

ram rahim
ਚੰਡੀਗੜ੍ਹ, 1 ਸਤੰਬਰ (ਪੋਸਟ ਬਿਊਰੋ)- ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਪਹੁੰਚ ਗਏ ਗੁਰਮੀਤ ਰਾਮ ਰਹੀਮ ਸਿੰਘ ਨੇ ਬੜੀ ਚਲਾਕੀ ਨਾਲ ਆਪਣੀ ਅਰਬਾਂ ਰੁਪਏ ਦੀ ਕਾਲੀ ਕਮਾਈ ਨੂੰ ਸਫੈਦ ਕਰ ਲਿਆ। ਇਸ ਕੰਮ ਲਈ ਉਸ ਨੇ ਆਪਣੀ ਹਰ ਫਿਲਮ ਦਾ ਕੁਲੈਕਸ਼ਨ 200 ਤੋਂ 500 ਕਰੋੜ ਰੁਪਏ ਤੱਕ ਹੋਇਆ ਦੱਸਿਆ। ਅਸਲ ਵਿੱਚ ਦੋ ਨੂੰ ਛੱਡ ਕੇ ਬਾਕੀ ਫਿਲਮਾਂ ਲਾਗਤ ਵੀ ਨਹੀਂ ਸਨ ਕੱਢ ਸਕੀਆਂ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਸਾਲ 2015 ਵਿੱਚ ਫਿਲਮਾਂ ਵਿੱਚ ਐਂਟਰੀ ਕੀਤੀ ਅਤੇ ਪਹਿਲੀ ਫਿਲਮ ‘ਐੱਮ ਐੱਸ ਜੀ ਦਿ ਮੈਸੇਂਜਰ ਆਫ ਗਾਡ’ ਬਣਾ ਕੇ ਦਾਅਵਾ ਕੀਤਾ ਕਿ ਫਿਲਮ ਨੇ ਸੌਂ ਕਰੋੜ ਤੋਂ ਵੱਧ ਕਾਰੋਬਾਰ ਕੀਤਾ ਹੈ, ਪਰ ਬਾਕਸ ਆਫਿਸ ਦੇ ਮਾਹਰਾਂ ਮੁਤਾਬਕ ਫਿਲਮ ਸਿਰਫ 16.65 ਕਰੋੜ ਰੁਪਏ ਦਾ ਕਾਰੋਬਾਰ ਕਰ ਸਕੀ ਸੀ। ਇਸ 30 ਕਰੋੜ ਵਿੱਚ ਬਣੀ ਫਿਲਮ ਤੋਂ ਡੇਰਾ ਮੁਖੀ ਨੂੰ 13.35 ਕਰੋੜ ਦਾ ਨੁਕਸਾਨ ਹੋਇਆ ਸੀ। ਆਮ ਸਕਰੀਨ ‘ਤੇ ਰਿਲੀਜ਼ ਇਹ ਫਿਲਮ ਫਲਾਪ ਹੁੰਦੀ ਵੇਖੀ ਤਾਂ ਡੇਰੇ ਨੇ ਕਈ ਥੀਏਟਰਾਂ ਦੀਆਂ ਸਾਰੀਆਂ ਟਿਕਟਾਂ ਖੁਦ ਹੀ ਖਰੀਦ ਲਈਆਂ। ਸੱਤ ਮਹੀਨੇ ਬਾਅਦ ਆਈ ਦੂਸਰੀ ਫਿਲਮ ‘ਐੱਮ ਐੱਸ ਜੀ 2 : ਦਿ ਮੈਸੇਂਜਰ’ ਦੀ ਕਮਾਈ 300 ਕਰੋੜ ਰੁਪਏ ਦੇ ਦਾਅਵੇ ਦੇ ਉਲਟ ਮਸਾਂ 17 ਕਰੋੜ ਰੁਪਏ ਹੋਈ ਸੀ। ਇਹ 23 ਕਰੋੜ ਵਿੱਚ ਬਣੀ ਸੀ। ਉਸ ਸਾਲ 2016 ਵਿੱਚ ਅਗਲੀ ਫਿਲਮ ‘ਐੱਮ ਐੱਸ ਜੀ ਦਿ ਵਾਰੀਅਰ ਲਾਇਨ ਹਰਟ’ ਰਿਲੀਜ਼ ਕੀਤੀ ਤਾਂ ਡੇਰੇ ਵੱਲੋਂ ਕਿਹਾ ਗਿਆ ਕਿ ਫਿਲਮ ਪੰਜਾਬ ਵਿੱਚ ਹਾਊਸਫੁਲ ਹੈ, ਪਰ ਮੀਡੀਆ ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਹਫਤੇ ਵਿੱਚ ਸਿਰਫ 5.75 ਕਰੋੜ ਰੁਪਏ ਕਮਾਏ ਅਤੇ ਕੁੱਲ 17.60 ਕਰੋੜ ਦਾ ਕਲੈਕਸ਼ਨ ਕਰ ਸਕੀ। ਇਸ ਸਾਲ ਫਰਵਰੀ ਵਿੱਚ ਆਈ ਫਿਲਮ ਵਿੱਚ ਵੀ ਉਡਦੀਆਂ ਕਾਰਾਂ ਅਤੇ ਬੰਬ ਦੇ ਰੂਪ ਵਿੱਚ ਕੰਮ ਕਰਨ ਵਾਲੀ ਘੜੀ ਦਿਖਾਈ ਗਈ। ਇਸ ਵਿੱਚ ਰਾਮ ਰਹੀਮ ਭਾਰਤੀ ਜਾਸੂਸ ‘ਸ਼ੇਰ ਏ ਹਿੰਦ’ ਦੇ ਰੋਲ ਵਿੱਚ ਦਿਸਿਆ। ਕੁੱਲ 12 ਕਰੋੜ ਵਿੱਚ ਬਣੀ ਇਹ ਫਿਲਮ ਸਿਰਫ 14 ਕਰੋੜ ਦਾ ਕਾਰੋਬਾਰ ਕਰ ਸਕੀ, ਪਰ ਡੇਰਾ ਮੁਖੀ ਨੇ ਦਾਅਵਾ ਕੀਤਾ ਕਿ ਫਿਲਮ ਨੇ ਸੱਤ ਦਿਨਾਂ ਵਿੱਚ ਸੌ ਕਰੋੜ ਰੁਪਏ ਕਮਾਏ ਹਨ। ਇਸੇ ਸਾਲ ਮਈ ਵਿੱਚ ਰਿਲੀਜ਼ ਹੋਈ ‘ਜੱਟ ਇੰਜੀਨੀਅਰ’ ਲਈ ਡੇਰਾ ਮੁਖੀ ਦਾ ਦਾਅਵਾ ਸੀ ਕਿ ਫਿਲਮ ਨੇ ਚਾਰ ਹਫਤਿਆਂ ਵਿੱਚ 395 ਕਰੋੜ ਰੁਪਏ ਕਮਾਏ, ਪ੍ਰੰਤੂ ਮੀਡੀਆ ਰਿਪੋਰਟਾਂ ਅਨੁਸਾਰ 9 ਕਰੋੜ ਵਿੱਚ ਬਣੀ ਇਹ ਫਿਲਮ ਕੇਵਲ 9.83 ਕਰੋੜ ਰੁਪਏ ਕਮਾ ਸਕੀ। ਫਿਲਮਾਂ ਨੂੰ ਚਲਾਉਣ ਲਈ ਡੇਰਾ ਮੁਖੀ ਨੇ ਕਾਫੀ ਪ੍ਰਪੰਚ ਕੀਤੇ। ਫਿਲਮਾਂ ਦੇ ਪ੍ਰਚਾਰ ਦੌਰਾਨ ਗਿਨੀਜ਼ ਬੁੱਕ ਸਮੇਤ ਹੋਰ ਕਈ ਰਿਕਾਰਡ ਬਣੇ, ਪਰ ਫਿਲਮਾਂ ਬਾਕਸ ਆਫਿਸ ‘ਤੇ ਦਮ ਤੋੜ ਗਈ।