‘ਡੀ ਜੇ ਸਿੱਖ ਨਾਲਜ’ ਹੋਵੇਗਾ ਬਰੈਂਪਟਨ ਦੀ ਪਹਿਲੀ ਸਮਲਿੰਗੀ ਪਰੇਡ ਵਿੱਚ ਸ਼ਾਮਲ

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਵੱਲੋਂ ਜਾਰੀ ਇੱਕ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਵਿੱਚ ਪਹਿਲੀ ਸਮਲਿੰਗੀ ਪਰੇਡ 8 ਜੁਲਾਈ ਦਿਨ ਐਤਵਾਰ ਨੂੰ ਹੋਣ ਜਾ ਰਹੀ ਹੈ। ਇਸ ਈਵੈਂਟ ਵਿੱਚ ਲੋਕਲ ਅਤੇ ਕੌਮੀ ਪੱਧਰ ਦੇ ਕਲਾਕਾਰ, ਸਪੀਕਰ, ਫੇਸ ਪੇਟਿੰਗ ਅਤੇ ਕਮਿਉਨਿਟ ਫੇਅਰ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ।

ਪਰੇਡ ਤੋਂ ਬਾਅਦ ਇੱਕ ਸੰਗੀਤਕ ਈਵੈਂਟ ਹੋਵੇਗੀ ਜੋ ਸਿਰਫ਼ 19 ਸਾਲਾਂ ਤੋਂ ਵੱਧ ਦੇ ਬਾਲਗਾਂ ਵਾਸਤੇ ਖੁੱਲੀ ਹੋਵੇਗੀ। ਇਸ ਸੰਗੀਤਕ ਈਵੈਂਟ ਵਿੱਚ ਮੁੱਖ ਪਰਫਾਰਮੈਂਸ ‘ਡੀ ਜੇ ਸਿੱਖ ਨਾਲਜ’ (DJ Sikh Knowledge) ਦੀ ਹੋਵੇਗੀ ਜਿਸਦਾ ਕਾਰਜਕਰਤਾ ਮਾਂਟਰੀਅਲ ਆਧਾਰਿਤ ਸਮਲਿੰਗੀ ਸਿੱਖ ਹੈ।

ਇਸ ਮੌਕੇ ਸਮਲਿੰਗੀ ਭਾਈਚਾਰੇ ਲਈ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਵੀ ਉਪਲਬਧ ਹੋਵੇਗੀ। ਪੀਲ ਪਰਾਈਡ ਅਤੇ ਪੀਲ ਐਚ ਆਈ ਵੀ /ਏਡਜ਼ ਨੈੱਟਵਰਕ (Peel HIV/AIDS Network ) ਵੱਲੋਂ ਪਹਿਲਾਂ ਵੀ ਕਮਿਉਨਿਟੀ ਆਧਾਰਿਤ ਗਤੀਵਿਧੀਆਂ ਦਾ ਬਰੈਂਪਟਨ ਵਿੱਚ ਆਯੋਜਿਨ ਕੀਤਾ ਜਾਂਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਇੱਕ ਸਮਲਿੰਗੀ ਭਾਈਚਾਰੇ ਦੇ ਸਮਰੱਥਨ ਵਿੱਚ ਪਰੇਡ ਦਾ ਆਯੋਜਿਨ ਕੀਤਾ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਰੀਜਨਲ ਕਾਉਂਸਲਰ ਈਲੇਨ ਮੂਰ ਦੀ ਬੇਟੀ ਸਮਲਿੰਗੀ ਹੈ ਅਤੇ ਉਸਨੇ ਬਰੈਂਪਟਨ ਵਿੱਚ ਪਰਾਈਡ ਮੁਹਿੰਮ ਨੂੰ ਮਜ਼ਬੂਤ ਕਰਨ ਵਿੱਚ ਜਿ਼ਕਰਯੋਗ ਯੋਗਦਾਨ ਪਾਇਆ ਹੈ।