ਡੀ ਐੱਸ ਪੀ ਦਾ ਗੰਨਮੈਨ ਰਿਸ਼ਵਤ ਫੜਨ ਲੱਗ ਫੜਿਆ ਗਿਆ


ਜਲਾਲਾਬਾਦ, 29 ਦਸੰਬਰ (ਪੋਸਟ ਬਿਊਰੋ)- ਡੀ ਐੱਸ ਪੀ ਜਲਾਲਾਬਾਦ ਦੇ ਗੰਨਮੈਨ ਸੁਖਦੇਵ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਲਾਲਾਬਾਦ ਡੀ ਐੱਸ ਪੀ ਦਫਤਰ ਵਿਖੇ ਵਿਜੀਲੈਂਸ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਡੀ ਐੱਸ ਪੀ ਦੇ ਗੰਨਮੈਨ ਸੁਖਦੇਵ ਸਿੰਘ ਨੇ ਕੁਝ ਦਿਨ ਪਹਿਲਾਂ ਪਿੰਡ ਚੱਕ ਮੌਜਦੀਨ ਵਾਲਾ ਵਿਖੇ ਝੋਲਾ ਛਾਪ ਡਾਕਟਰ ਕ੍ਰਿਸ਼ਨ ਸਿੰਘ ਨੂੰ ਧਮਕੀਆਂ ਦੇ ਕੇ ਬਲੈਕਮੇਲ ਕੀਤਾ ਗਿਆ ਸੀ ਕਿ ਉਹ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਤੇ ਉਸ ਦੇ ਖਿਲਾਫ ਦਫਤਰ ਵਿੱਚ ਸ਼ਿਕਾਇਤ ਆਈ ਹੈ। ਗੰਨਮੈਨ ਸੁਖਦੇਵ ਸਿੰਘ ਨੇ ਡਾਕਟਰ ਕ੍ਰਿਸ਼ਨ ਸਿੰਘ ਨੂੰ ਉਸ ਦੇ ਖਿਲਾਫ ਪੁਲਸ ਕਾਰਵਾਈ ਕਰਨ ਦੀ ਧਮਕੀ ਦਿੱਤੀ ਅਤੇ ਡਾਕਟਰ ਕ੍ਰਿਸ਼ਨ ਤੋਂ ਉਸ ਨੇ ਕਾਰਵਾਈ ਨਾ ਕਰਨ ਲਈ ਡੇਢ ਲੱਖ ਰੁਪਏ ਦੀ ਰਿਸ਼ਵਤ ਮੰਗੀ। ਇਸ ਦੌਰਾਨ ਡਾਕਟਰ ਕ੍ਰਿਸ਼ਨ ਅਤੇ ਗੰਨਮੈਨ ਸੁਖਦੇਵ ਸਿੰਘ ਦਾ 70 ਹਜ਼ਾਰ ਰੁਪਏ ਵਿੱਚ ਰਾਜ਼ੀਨਾਮਾ ਹੋ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰ ਕ੍ਰਿਸ਼ਨ ਨੇ ਚਾਲੀ ਹਜ਼ਾਰ ਰੁਪਏ ਕੁਝ ਦਿਨ ਪਹਿਲਾਂ ਗੰਨਮੈਨ ਸੁਖਦੇਵ ਸਿੰਘ ਨੂੰ ਦੇ ਦਿੱਤੇ ਸਨ ਅਤੇ ਕੱਲ੍ਹ 30 ਹਜ਼ਾਰ ਰੁਪਏ ਹੋਰ ਦੇਣੇ ਸਨ। ਇਸ ਦੌਰਾਨ ਉਸ ਨੇ ਵਿਜੀਲੈਂਸ ਫਾਜ਼ਿਲਕਾ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਟੀਮ ਨੇ ਡਾਕਟਰ ਕ੍ਰਿਸ਼ਨ ਨੂੰ ਗੰਨਮੈਨ ਸੁਖਦੇਵ ਸਿੰਘ ਕੋਲ 20 ਹਜ਼ਾਰ ਰੁਪਏ ਦੇ ਕੇ ਭੇਜਿਆ ਤੇ ਉਸੇ ਵਕਤ ਰੇਡ ਕਰ ਕੇ ਗੰਨਮੈਨ ਨੂੰ ਰਿਸ਼ਵਤ ਦੇ 20 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਫੜ ਲਿਆ ਗਿਆ। ਵਿਜੀਲੈਂਸ ਟੀਮ ਫਾਜ਼ਿਲਕਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੰਨਮੈਨ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।