ਡਿਉਢਾ ਛੰਦ

-ਸੇਵਕ ਸਿੰਘ ਸੇਖੋਂ

ਪਾਣੀ ਪਿਉ ਘੁੱਟ-ਘੁੱਟ ਉਠ ਅੰਮ੍ਰਿਤ ਵੇਲੇ, ਨਾਮ ਲਉ ਰੱਬ ਦਾ,
ਗੌਰ ਨਾਲ ਸੁਣ ਉਹ ਵਿੱਚ ਬੋਲੇ ਤੇਰੇ, ਜਿਸ ਨੂੰ ਬਾਹਰੋਂ ਲੱਭਦਾ।

ਮੰਦਰੀਂ-ਮਸੀਤੀਂ ਨਾ ਉਹ ਵਸੇ ਵਿੱਚ ਡੇਰੇ, ਕਾਹਨੂੰ ਧੱਕੇ ਖਾਂਵਦਾਂ,
ਮਿਲਣੈ ਜੇ ਉਹਨੂੰ ਛੱਡ ਦੁਨੀਆ ਦੇ ਝੇੜੇ, ਰੱਬ ਹੈ ਬੁਲਾਉਂਦਾ।

ਕੰਮ ਤੇਰਾ ਧਰਮ ਤੂੰ ਮਨ ਲਾ ਕੇ ਕਰ ਭਾਈ, ਵਿਹਲੜਾਂ ਤੋਂ ਕਰ ਲੈ ਕਿਨਾਰਾ,
ਐਵੇਂ ਕਾਹਤੋਂ ਤੀਰਥਾਂ ‘ਤੇ ਧੱਕੇ ਜਾਵੇਂ ਖਾਈਂ, ਸੱਭੋਂ ਚੰਗਾ ਛੱਜੂ ਦਾ ਚੁਬਾਰਾ।

ਲਾਲੋਆਂ ਦੀ ਘਾਟ ਤੇਰੇ ਸੱਜਣ ਚੁਫੇਰੇ, ਕਿਉਂ ਨਾਲ ਨਜ਼ਰ ਘੁਮਾਂਵਦਾ,
ਮਿਲਣੈ ਜੇ ਉਹਨੂੰ ਛੱਡ ਦੁਨੀਆ ਦੇ ਝੇੜੇ, ਰੱਬ ਹੈ ਬੁਲਾਉਂਦਾ।

ਜੋੜ ਤੋੜ ਚੀਜ਼ਾਂ ਦੁਨਿਆਵੀ ਰੱਖ ਨਾ, ਨਾਲ ਨਹੀਉਂ ਜਾਣੀਆਂ,
ਜ਼ਿੰਦਗੀ ਵਿੱਚ ਕਰ ਜਾ ਕੋਈ ਕੰਮ ਵੱਖਰਾ, ਤੁਰਨ ਕਹਾਣੀਆਂ।

ਪਲ ਪਲ ਕੀਮਤੀ ਜੋ ਜਾਵੇ ਬੀਤਦਾ, ਕਾਹਤੋਂ ਨਹੀਂ ਸੰਭਾਲਦਾ,
ਮਿਲਣੈ ਜੇ ਉਹ ਨੂੰ ਛੱਡ ਦੁਨੀਆ ਦੇ ਝੇੜੇ, ਰੱਬ ਹੈ ਬੁਲਾਉਂਦਾ।