ਡਾ. ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਲੋਕ-ਅਰਪਿਤ

ਮੈਂ ਲਿਖਦਾ ਨਹੀਂ, ਮੈਥੋਂ ਲਿਖਿਆ ਜਾਂਦਾ ਏ : ਡਾ. ਭੰਡਾਲ


ਬਰੈਂਪਟਨ, (ਡਾ. ਝੰਡ) – ਬੀਤੇ ਐਤਵਾਰ 29 ਅਪ੍ਰੈਲ ਨੂੰ ਸਥਾਨਕ ਰਾਮਗੜ੍ਹੀਆ ਭਵਨ ਵਿਚ ਬਾਅਦ ਦੁਪਹਿਰ 2.00 ਵਜੇ ਆਯੋਜਿਤ ਕੀਤੇ ਗਏ ਇਕ ਅਦਬੀ ਸਮਾਗ਼ਮ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵ-ਪ੍ਰਕਾਸਿ਼ਤ ਵਾਰਤਕ ਪੁਸਤਕ ‘ਕਾਇਆ ਦੀ ਕੈਨਵਸ’ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦੇ ਵੱਡੇ ਇਕੱਠ ਲੋਕ-ਅਰਪਿਤ ਕੀਤੀ ਗਈ। ਸਭ ਤੋਂ ਪਹਿਲਾਂ ਇਕਬਾਲ ਨੇ ਹਾਜਰੀਨ ਦਾ ਸਵਾਗਤ ਕਰਦਿਆਂ। ਡਾ ਭਮਡਾਲ ਨਾਲ ਆਪਣੇ ਪੁਰ-ਖਲੂਸ ਸਬੰਧਾਂ `ਤੇ ਮਾਣ ਮਹਿਸੂਸ ਕਰਦਿਆਂ, ਉਸਦੀ ਲੇਖਣੀ ਅਤੇ ਸਖਸ਼ੀਅਤ ਦੇ ਬਿਹਤਰੀਨ ਸੰਤੁਲਨ ਬਾਰੇ ਵਿਚਾਰ ਪੇਸ਼ ਕੀਤੇ।
ਡਾ. ਜਤਿੰਦਰ ਰੰਧਾਵਾ ਨੇ ਪੁਸਤਕ ਬਾਰੇ ਪਰਚਾ ਪੜਦਿਆਂ, ਪੁਸਤਕ ਦੀ ਵਿਲੱਖਣ ਸ਼ੈਲੀ, ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਬਾਰੇ ਦਿੱਤੀ ਗਈ ਜਾਣਕਾਰੀ ਦੇ ਸਾਹਿਤਕ ਤੇ ਸਭਿਆਚਾਰਕ ਸੁਮੇਲ ਦਾ ਬਾਖ਼ੂਬੀ ਵਰਨਣ ਕੀਤਾ। ਉਨ੍ਹਾਂ ਪੁਸਤਕ ਵਿੱਚੋਂ ਕਈ ਟੂਕਾਂ ਦਾ ਹਵਾਲਾ ਦੇ ਕੇ ਡਾ. ਭੰਡਾਲ ਦੀ ਵਿਦਵਤਾ ਅਤੇ ਇਸ ਦੀ ਖ਼ੂਬਸੂਰਤ ਪੇਸ਼ਕਾਰੀ ਦੀ ਭਰਪੂਰ ਸਰਾਹਨਾ ਕੀਤੀ। ਪ੍ਰਿੰਸੀਪਲ ਸਰਵਣ ਸਿੰਘ ਨੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਰਿੰਦਰ ਸਿੰਘ ਕਪੂਰ ਆਦਿ ਪ੍ਰਸਿੱਧ ਵਾਰਤਕ ਲਿਖਕਾਂ ਦੀ ਵਾਰਤਕ-ਸ਼ੈਲੀ ਦਾ ਜਿ਼ਕਰ ਕਰਦਿਆਂ ਹੋਇਆਂ ਕਿਹਾ ਹਰੇਕ ਦੇ ਲਿਖਣ ਦਾ ਆਪੋ ਆਪਣਾ ਅੰਦਾਜ਼ ਹੈ ਅਤੇ ਡਾ. ਭੰਡਾਲ ਦੀ ਵਾਰਤਕ ਦਾ ਅੰਦਾਜ਼ ਇਨ੍ਹਾਂ ਸਾਰਿਆਂ ਨਾਲੋਂ ਨਿਵੇਕਲਾ ਹੈ। ਉਸ ਦੀ ਵਾਰਤਕ ਕਾਵਿ-ਮਈ ਹੈ ਅਤੇ ਇਸ ਨੂੰ ਥੋੜ੍ਹੇ ਜਿਹੇ ਫੇਰ-ਬਦਲ ਨਾਲ ਸਹਿਜੇ ਹੀ ਕਾਵਿ-ਰੂਪ ਵਿਚ ਲਿਖਿਆ ਜਾ ਸਕਦਾ ਹੈ। ਉਨ੍ਹਾਂ ਪ੍ਰੋੜ੍ਹ-ਲੇਖਕ ਪੂਰਨ ਸਿੰਘ ਪਾਂਧੀ ਜੋ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਇਸ ਸਮਾਗ਼ਮ ਵਿਚ ਹਾਜ਼ਰ ਨਾ ਹੋ ਸਕੇ, ਦਾ ਲਿਖਤੀ-ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਪ੍ਰਸਿੱਧ ਕਹਾਣੀਕਾਰ ਜਰਨੈਲ ਸਿੰਘ ਨੇ ਪੁਸਤਕ ਵਿੱਚੋਂ ਮਨੁੱਖੀ ਅੰਗਾਂ ਗਰਦਨ ਅਤੇ ਲੱਤਾਂ ਨੂੰ ਲੈ ਕੇ ਇਨ੍ਹਾਂ ਨਾਲ ਜੁੜੇ ਡਾ. ਭੰਡਾਲ ਵੱਲੋਂ ਵਰਤੇ ਗਏ ਪ੍ਰਤੀਕਾਂ ਤੇ ਬਿੰਬਾਂ, ਜਿਵੇਂ ਖ਼ੂਬਸੂਰਤੀ ਦੀ ਪ੍ਰਤੀਕ ਲੰਮੀ ਸੁਰਾਹੀਦਾਰ ਗਰਦਨ, ਸਾਰੇ ਸਰੀਰ ਦਾ ਭਾਰ ਢੋਂਦੀਆਂ ਕਦੇ ਨਾ ਥੱਕਣ ਵਾਲੀਆਂ ਅਤੇ ਕਿਸੇ ਨੂੰ ‘ਉੱਡਣਾ ਸਿੱਖ’ ਤੇ ਕਿਸੇ ਨੂੰ ਲੰਮੀਆਂ ਦੌੜਾਂ ਦਾ ‘ਬਜ਼ੁਰਗ ਚੈਂਪੀਅਨ’ ਬਣਾਉਂਦੀਆਂ ਤਾਕਤਵਰ ਲੱਤਾਂ ਦਾ ਬਾਖ਼ੂਬੀ ਵਰਨਣ ਕੀਤਾ।
ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਸੰਬੋਧਨ ਵਿਚ ਡਾ. ਭੰਡਾਲ ਨੂੰ ਮੁੱਢਲੇ ਰੂਪ ਵਿਚ ਭੌਤਿਕ-ਵਿਗਿਆਨੀ ਹੋਣ ਦੇ ਨਾਲ ਨਾਲ ਇਕ ਖ਼ੂਬਸੂਰਤ ਕਵੀ, ਵਧੀਆ ਵਾਰਤਕ ਲੇਖਕ ਅਤੇ ਸੁਹਿਰਦ ਪੱਤਰਕਾਰ ਕਰਾਰ ਦਿੱਤਾ। ਉਨ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਗੱਲ ਕਰਦੀ ਪੁਸਤਕ ‘ਕਾਇਆ ਦੀ ਕੈਨਵਸ’ ਵਿਚੋਂ’ ਦੋ ਅਹਿਮ ਮਨੁੱਖੀ ਅੰਗਾਂ ਦਿਲ ਅਤੇ ਦਿਮਾਗ਼ ਦੇ ਹਵਾਲੇ ਨਾਲ ਡਾ. ਭੰਡਾਲ ਦੀ ਕਾਵਿਕ ਤੇ ਮੁਹਾਵਰੇਦਾਰ ਵਾਰਤਕ-ਸ਼ੈਲੀ ਦਾ ਨਮੂੰਨਾ ਹਾਜ਼ਰੀਨ ਦੇ ਸਾਹਮਣੇ ਪੇਸ਼ ਕੀਤਾ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਪੰਜਾਬੀ ਦੇ ਸੱਭ ਤੋਂ ਪਹਿਲੇ ਵਾਰਤਕ ਲੇਖਕ ਪੰਡਤ ਸ਼ਰਧਾ ਰਾਮ ਫਿਲੌਰੀ ਦੀ ਲੇਖਣੀ ਦੇ ਹਵਾਲੇ ਨਾਲ ਡਾ. ਭੰਡਾਲ ਦੀ ਇਸ ਵੱਖਰੇ ਅੰਦਾਜ਼ ਦੀ ਪੁਸਤਕ ਸ਼ੈਲੀ ਦੀ ਗੱਲ ਛੋਹੀ। ਕਵਿੱਤਰੀ ਸੁਰਜੀਤ ਕੌਰ ਨੇ ਆਪਣੇ ਸੰਖੇਪ ਪੇਪਰ ਵਿਚ ਡਾ. ਭੰਡਾਲ ਦੀ ਵਾਰਤਕ ਲੇਖਣੀ ਨੂੰ ਦੂਸਰੇ ਵਾਰਤਕ ਲਿਖਾਰੀਆਂ ਨਾਲੋਂ ਬਿਲਕੁਲ ਵੱਖਰਾ ਦੱਸਦਿਆਂ ਹੋਇਆਂ ਇਸ ਨੂੰ ਪੰਜਾਬੀ ਵਾਰਤਕ ਵਿਚ ‘ਨਵੀਂ ਪੈੜ’ ਕਿਹਾ। ਰੇਡੀਓ ‘ਪੰਜਾਬੀ ਲਹਿਰਾਂ’ ਸਤਿੰਦਰਪਾਲ ਸਿੱਧਵਾਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਭੰਡਾਲ ਨੂੰ ਇਹ ਖੂਬਸੂਰਤ ਵਾਰਤਕ ਪੁਸਤਕ ਪੰਜਾਬੀ ਪਾਠਕਾਂ ਦੇ ਸਨਮੁਖ ਕਰਨ ‘ਤੇ ਹਾਰਦਿਕ ਵਧਾਈ ਪੇਸ਼ ਕੀਤੀ। ਏਸੇ ਤਰ੍ਹਾਂ ਕਹਾਣੀਕਾਰ ਕੁਲਜੀਤ ਮਾਨ, ਕਵੀ ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ, ਹਰਜੀਤ ਬਾਜਵਾ ਤੇ ਕਈ ਹੋਰਨਾਂ ਨੇ ਆਪਣੇ ਸੰਬੋਧਨਾਂ ਦੌਰਾਨ ਡਾ. ਭੰਡਾਲ ਦੀ ਇਸ ਖ਼ੂਬਸੂਰਤ ਪੁਸਤਕ ਦੀ ਆਮਦ ‘ਤੇ ਉਨ੍ਹਾਂ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਬੋਲਦਿਆਂ ਡਾ. ਭੰਡਾਲ ਨੇ ਕਿਹਾ, “ਮੈਂ ਲਿਖਦਾ ਨਹੀਂ ਹਾਂ। ਮੈਥੋਂ ਲਿਖਿਆ ਜਾਂਦਾ ਏ।” ਪੁਸਤਕ ‘ਕਾਇਆ ਦੀ ਕੈਨਵਸ’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਤਿਆਰ ਕਰਦਿਆਂ ਉਨ੍ਹਾਂ ਨੂੰ ਦੋ ਸਾਲ ਲੱਗ ਗਏ। ਉਨ੍ਹਾਂ ਦਾ ਲਿਖਣ ਦਾ ਕੋਈ ਪੱਕਾ ਸਮਾਂ ਅਤੇ ਪ੍ਰੋਗਰਾਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਫਿ਼ਜਿ਼ਕਸ ਪੜ੍ਹਾਉਣਾ ਉਨ੍ਹਾਂ ਦਾ ਪੋ੍ਰਫ਼ੈਸ਼ਨ ਹੈ ਤੇ ਲਿਖਣਾ ਪੈਸ਼ਨ ਹੈ ਅਤੇ ਉਹ ਇਨ੍ਹਾਂ ਦੋਹਾਂ ਵਿਚ ਸਮਤੋਲ ਰੱਖਣ ਦੀ ਕੋਸਿ਼ਸ਼ ਕਰਦੇ ਹਨ। ਇਸ ਮੌਕੇ ਰਾਮਗੜ੍ਹੀਆ ਸਿੱਖ ਫ਼ੈੱਡਰੇਸ਼ਨ ਆਫ਼ ਓਨਟਾਰੀਓ ਵੱਲੋਂ ਡਾ. ਭੰਡਾਲ ਨੂੰ ਖ਼ੂਬਸੂਰਤ ਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗ਼ਮ ਦੌਰਾਨ ਮੰਚ-ਸੰਚਾਲਨ ਦੀ ਜਿ਼ੰਮੇਂਵਾਰੀ ਪਰਮਜੀਤ ਦਿਓਲ ਵੱਲੋਂ ਬੜੇ ਸੁਚੱਜੇ ਤਰੀਕੇ ਨਾਲ ਨਿਭਾਈ ਗਈ। ਹਾਜ਼ਰੀਨ ਵਿਚ ਰਿੰਟੂ ਭਾਟੀਆ, ਸਾਬਕਾ ਐਮਪੀ ਗੁਰਬਖ਼ਸ਼ ਸਿੰਘ ਮੱਲੀ, ਨਿਊ ਹੋਪ ਸੀਨੀਅਰ ਕਲੱਬ ਤੋਂ ਸੰਭੂ ਦੱਤ ਸ਼ਰਮਾ, ਰਾਜਪਾਲ ਹੋਠੀ, ਰਾਜ ਝੱਜ, ਕੇਵਲ ਸਿੰਘ ਹੇਰਾਂ, ਮਰਗਿੰਦ ਨੱਤ, ਸਮਾਜ ਸੇਵਕਾ ਸੁੰਦਰ ਸਿੰਘ, ਜਸਬੀਰ ਸਿੰਘ ਸੈਂਹਬੀ, ਜਰਨੈਲ ਸਿੰਘ ਮਠਾੜੂ, ਹਰਦਿਆਲ ਸਿੰਘ ਝੀਤਾ, ਜਨਾਬ ਮਕਸੂਦ ਚੌਧਰੀ, ਪ੍ਰਤੀਕ ਆਟਿਸਟ, ਪਰਮਜੀਤ ਢਿੱਲੋਂ, ਰਾਜਪਾਲ ਹੋਠੀ, ਹਰਜੀਤ ਗਿੱਲ, ਜੋਗਿੰਦਰ ਸਿੰਘ ਅਰੋੜਾ, ਇੰਦਰਜੀਤ ਸਿੰਘ ਪਲਾਹੀ, ਬਲਰਾਜ ਧਾਲੀਵਾਲ, ਬਲਜੀਤ ਧਾਲੀਵਾਲ, ਮਨਮੋਹਨ ਸਿੰਘ ਗੁਲਾਟੀ, ਬਰਜਿੰਦਰ ਗੁਲਾਟੀ, ਸਰਬਜੀਤ ਕਾਹਲੋਂ ਤੇ ਕਈ ਹੋਰ ਸ਼ਾਮਲ ਸਨ।