ਡਾ. ਆਸਮਾ ਕਾਦਰੀ ਨਾਲ ਰੂ-ਬ-ਰੂ ਅਤੇ ਸਾਹਿਤਕ ਪ੍ਰੋਗਰਾਮ ਕਰਵਾਇਆ

ਮਿਸੀਸਾਗਾ (ਟੋਰਾਂਟੋ) : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ ਮਿਸੀਸਾਗਾ ਵਿਖੇ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਡਾ. ਆਸਮਾ ਕਾਦਰੀ ਨਾਲ ਰੂਬਰੂ ਅਤੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। 10 ਜੂਨ ਨੂੰ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਲਈ ਵੀ ਵਿਚਾਰ ਵਿਚਾਰ ਵਿਟਾਂਦਰਾ ਕੀਤਾ ਗਿਆ।
ਰੋਇਲ ਬੈਂਕਟ ਹਾਲ ਮਿਸੀਸਾਗਾ ਵਿਖੇ ਕਰਵਾਏ ਗਏ ਸ਼ਾਨਦਾਰ ਪ੍ਰੋਗਰਾਮ ਦਾ ਉਦਘਾਟਨ ਡਾ. ਸੋਲਮਨ ਨਾਜ਼ ਨੇ ਰਿਬਨ ਕੱਟ ਕੇ ਕੀਤਾ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਕੰਵਲਜੀਤ ਕੌਰ ਬੈਂਸ, ਡਾ. ਸੋਲਮਨ ਨਾਜ਼, ਡਾ. ਆਸਮਾ ਕਾਦਰੀ, ਡਾ. ਰਮਨੀ ਬਤਰਾ, ਹਲੀਮਾ ਸਾਦੀਆ ਅਤੇ ਅਜੈਬ ਸਿੰਘ ਚੱਠਾ ਸ਼ਾਮਲ ਸਨ। ਇਸ ਮੌਕੇ ਸਰਦੂਲ ਸਿੰਘ ਥਿਆੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਸਖਸ਼ੀਅਤਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਯਤਨ ਕਰਨ ਦੇ ਉਦੇਸ਼ ਵਜੋਂ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਇਕੱਠ ਨਾਲ ਇਸ ਸੰਸਥਾ ਦੇ ਮੈਂਬਰਾਂ ਦਾ ਹੌਸਲਾ ਕਈ ਗੁਣਾ ਵਧ ਗਿਆ ਹੈ।
ਇਸ ਤੋਂ ਬਾਅਦ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ ਸੋਲਮਨ ਨਾਜ਼ ਨੇ ਅਜਿਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਪੰਜਾਬੀ ਮਾਂ ਬੋਲੀ ਦਾ ਪਸਾਰ ਹੋ ਰਿਹਾ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਾਹਿਤਕਾਰਾਂ ਦਾ ਹੌਸਲਾ ਵੀ ਵਧਦਾ ਹੈ। ਉਨ੍ਹਾਂ ਨੇ ਡਾ. ਆਸਮਾ ਕਾਦਰੀ ਦੇ ਸਾਹਿਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ੍ਰੀ ਅਜੈਬ ਸਿੰਘ ਚੱਠਾ ਵਲੋਂ ਕਰਵਾਏ ਜਾਂਦੇ ਅਜਿਹੇ ਪ੍ਰੋਗਰਾਮਾਂ ਦੇ ਬਹੁਤ ਹੀ ਵਧੀਆ ਸਿੱਟੇ ਨਿਕਲਣਗੇ।
ਇਸ ਤੋਂ ਬਾਅਦ ਪਾਕਿਸਤਾਨ ਦੀ ਪ੍ਰਸਿੱਧ ਲੇਖਕਾ ਅਤੇ ਪੰਜਾਬ ਯੂਨੀਵਰਸਿਟੀ ਲਹੌਰ ਦੀ ਸਹਾਇਕ ਪ੍ਰੋਫੈਸਰ ਡਾ. ਆਸਮਾ ਕਾਦਰੀ ਨੇ ਆਪਣੇ ਭਾਸ਼ਨ ਵਿਚ ਬਾਬਾ ਫਰੀਦ ਜੀ ਦੀ ਬਾਣੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਬਾਬਾ ਫਰੀਦ ਜੀ ਦੀ ਬਾਣੀ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਨੇ ਕਿਹਾ ਕਿ ਫਰੀਦ ਜੀ ਦੇ ਸਲੋਕ ਪੰਜਾਬੀ ਭਾਸ਼ਾ ਦੀ ਜਿੰਦ ਜਾਨ ਹਨ। ਉਨ੍ਹਾਂ ਨੇ ਇਸ ਸਮਾਗਮ ਰਾਹੀਂ ਦਰਸ਼ਕਾਂ ਦੇ ਰੂ ਬ ਰੂ ਕਰਨ ਲਈ ਅਜੈਬ ਸਿੰਘ ਚੱਠਾ ਅਤੇ ਉਨ੍ਹਾਂ ਦੇ ਕਮੇਟੀ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।ਇਸ ਤੋਂ ਬਾਅਦ ਕੰਵਲਜੀਤ ਕੌਰ ਬੈਂਸ, ਤਾਹਿਰ ਅਸਲਮ ਗੋਰਾ, ਡਾ. ਰਮਨੀ ਬਤਰਾ, ਰਾਮ ਪਵਾਰ, ਭੁਪਿੰਦਰ ਸਿੰਘ ਬਾਜਵਾ ਅਤੇ ਹਰਪ੍ਰੀਤ ਸਿੰਘ ਦਰਦੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਸਮਾਗਮ ਕਰਵਾਏ ਜਾਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਸੰਸਥਾ ਵਲੋਂ ਪੰਜਾਬੀਆਂ ਵਿਚ ਨੈਤਿਕਤਾ ਦੇ ਪਾਸਾਰ ਲਈ ਯਤਨ ਸ਼ੁਰੂ ਕੀਤੇ ਗਏ ਹਨ। ਇਸੇ ਸਿਲਸਲੇ ਵਿਚ ਹੀ 10 ਜੂਨ ਨੂੰ ਮਿਸੀਸਾਗਾ ਵਿਖੇ ਹੀ ਨੈਤਿਕਤਾ ਬਾਰੇ ਬੱਚਿਆਂ ਅਤੇ ਨੌਜਵਾਨਾਂ ਦੇ ਭਾਸ਼ਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵੀ ਇਹੀ ਹੈ ਕਿ ਪੰਜਾਬੀਆਂ ਵਿਚ ਨੈਤਿਕਤਾ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।ਇਸ ਤੋਂ ਬਾਅਦ ਸਾਰੇ ਕਮੇਟੀ ਮੈਂਬਰਾਂ ਨੇ ਸ੍ਰੀਮਤੀ ਬਲਵਿੰਦਰ ਕੌਰ ਚੱਠਾ ਦੀ ਅਗਵਾਈ ਵਿਚ ਡਾ. ਆਸਮਾ ਕਾਦਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਬਲਵਿੰਦਰ ਕੌਰ ਚੱਠਾ ਦੇ ਨਾਲ ਡਾ. ਰਮਨੀ ਬਤਰਾ, ਰੁਪਿੰਦਰ ਕੌਰ ਸੰਧੂ, ਹਰਕਿਰਨ ਕੌਰ ਸੰਧੂ, ਗਗਨਦੀਪ ਕੌਰ ਚੱਠਾ, ਅਮਨ ਸਿੱਧੂ, ਜਸਪ੍ਰੀਤ ਕੌਰ ਭੰਬਰਾ, ਅੰਸ਼ੂ ਖੁਰਾਣਾ, ਮਨਜਿੰਦਰ ਕੌਰ ਸਹੋਤਾ, ਤ੍ਰਿਪਤ ਸੋਢੀ, ਰਣਜੀਤ ਕੌਰ ਅਰੋੜਾ ਅਤੇ ਹਲੀਮਾ ਸਾਦੀਆ ਸ਼ਾਮਲ ਸਨ।
ਇਸ ਤੋਂ ਬਾਅਦ ਪੁਬਪਾ ਦੇ ਪੁਰਸ਼ ਮੈਂਬਰਾਂ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਅਜਵਿੰਦਰ ਸਿੰਘ ਚੱਠਾ, ਸੂਰਜ ਸਿੰਘ ਚੌਹਾਨ, ਨਰਵੇਲ ਸਿੰਘ ਅਰੋੜਾ, ਰਾਮ ਪਵਾਰ, ਅਜੈਬ ਸਿੰਘ ਚੱਠਾ, ਭੁਪਿੰਦਰ ਸਿੰਘ ਬਾਜਵਾ, ਤਾਹਿਰ ਅਸਲਮ ਗੋਰਾ, ਡਾ. ਰਾਜੇਸ਼ ਬਤਰਾ, ਤੇਜਿੰਦਰ ਸਿੰਘ ਚੀਮਾ, ਨਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਢੀਂਡਸਾ, ਜਸਪ੍ਰੀਤ ਸਿੰਘ ਨਿਰਵਾਨ ਅਤੇ ਰੋਇਲ ਬੈਂਕਟ ਹਾਲ ਦੇ ਮਾਲਕ ਸ੍ਰੀ ਪੁਰੇਵਾਲ ਨੇ ਵੀ ਗੁਲਦਸਤੇ ਭੇਂਟ ਕੀਤੇ।
ਇਸ ਮੌਕੇ ਜਸਪ੍ਰੀਤ ਕੌਰ ਭੰਬਰ ਨੇ ਸਮਾਗਮ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਪੁਬਪਾ ਵਲੋਂ ਅੱਗੇ ਤੋਂ ਵੀ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ। ਇਸ ਤਰਾਂ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਇਹ ਸਮਾਗਮ ਸ਼ਾਂਤੀਪੂਰਨ ਸਮਾਪਤ ਹੋਇਆ ਅਤੇ ਯਾਦਗਾਰੀ ਹੋ ਨਿੱਬੜਿਆ।