ਡਾਕੂਮੈਂਟਰੀ “ਇੱਕ ਨਾਸੂਰ” 1984 ਦੇ ਕਤਲੇਆਮ ਦਾ ਸੱਚ ਦਰਸਾਉਣ ਦਾ ਯਤਨ 

ਡਾਕੂਮੈਂਟਰੀ “ਇੱਕ ਨਾਸੂਰ” 1984 ਦੇ ਕਤਲੇਆਮ ਦਾ ਸੱਚ ਦਰਸਾਉਣ ਦਾ ਯਤਨ ਬੀਤੇ ਐਤਵਾਰ ਜਰਨਲਿਸਟ ਕੰਵਰ ਸੰਧੂ ਦੁਆਰਾ ਤਿਆਰ ਡਾਕੂਮੈਂਟਰੀ ” ਇਕ ਨਾਸੂਰ” 1984 ਵਿੱਚ ਹੋਏ ਸਿੱਖ ਫਿਰਕੇ ਦੇ ਕਤਲੇਆਮ ਦੀ ਸਚਾਈ ਦੀਆਂ ਪਰਤਾਂ ਖੋਲ੍ਹਦਾ ਇੱਕ ਅਹਿਮ ਦਸਤਾਵੇਜ ਹੈ ਜਿਸ ਵਿੱਚ ਉਸ ਕਾਲੇ ਦੌਰ ਦੇ ਪੀੜਿਤਾਂ ਮੂੰਹੋਂ ਸਭ ਕੁੱਝ ਸੁਣਨ ਨੂੰ ਮਿਲਿਆ। ਇਹ ਡਾਕੂਮੈਂਟਰੀ ਦੇਖ ਕੇ ਇਹ ਸਿੱਧ ਹੁੰਦਾ ਹੈ ਕਿ ਇਹ ਦੰਗੇ ਨਹੀਂ ਸਨ ਸਗੋਂ ਇੱਕ ਸੋਚੀ ਸਮਝੀ ਸਾਜਿਸ਼ ਅਨੁਸਾਰ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪੀੜਤ ਪਰਿਵਾਰਾਂ ਦੇ ਬਿਆਨ ਕਿ ਇਸ ਭਿਆਨਕ ਕਾਂਡ ਲਈ ਦਿੱਲੀ ਤੋਂ ਬਾਹਰੋਂ ਬੰਦੇ ਲਿਆਂਦੇ ਗਏ ਸਨ ਜਿੰਂਨ੍ਹਾਂ ਨੂੰ ਇੱਕ ਖਾਸ ਸਮੇਂ ਤੱਕ ਕਤਲੇਆਮ, ਲੁੱਟਖੋਹ ਅਤੇ ਬਲਾਤਕਾਰ ਤੱਕ  ਕਰਨ ਦੀ ਖੁੱਲ੍ਹ ਸੀ। ਪੀੜਤਾਂ ਦੀ ਸੁਣਵਾਈ ਕਰਨ ਦੀ ਥਾਂ ਉਨ੍ਹਾ ਨੂੰ ਹੀ ਪਰੇਸ਼ਾਨ ਕੀਤਾ ਗਿਆ। ਇਸ ਵਿੱਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਆਪਣੇ ਸਿੱਖ ਗੁਆਂਢੀਆਂ ਨੂੰ ਬਚਾਇਆ। ਇਹ ਤੱਥ ਇਸ ਗੱਲ ਨੂੰ ਝੁਠਲਾਉਂਦੇ ਹਨ ਕਿ ਇਹ ਦੋ ਫਿਰਕਿਆਂ ਵਿੱਚ ਦੰਗੇ ਸਨ। ਇਸ ਡਾਕੂਮੈਂਟਰੀ ਵਿੱਚ ਪੀੜਤ ਪਰਿਵਾਰਾਂ ਦੇ ਬਾਕੀ ਬਚੇ ਮੈਂਬਰਾ ਦੁਆਰਾ ਉਸ ਸਮੇਂ ਦੀ ਹੁਕਮਰਾਨ ਪਾਰਟੀ ਦੇ ਕੁੱਝ ਆਗੂਆਂ ਦੇ ਨਾਂ ਵੀ ਲਏ ਜੋ ਇਸ ਗੈਰ ਮਨੁੱਖੀ ਕਾਰੇ ਦੀ ਅਗਵਾਈ ਕਰਦੇ ਨਜ਼ਰ ਆਏ। ਉਹਨਾਂ ਦੇ ਕਹਿਣ ਮੁਤਾਬਕ ੳਨ੍ਹਾਂ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਜਦੋਂ ਅਜਿਹੇ ਲੀਡਰਾਂ ਨੂੰ ਕੋਈ ਸਜ਼ਾ ਅਜੇ ਤੱਕ ਨਹੀਂ ਮਿਲੀ। ਇਸ ਡਾਕੂਮੈਂਟਰੀ ਵਿੱਚ ਸਿਰਫ ਪੀੜਤ ਲੋਕਾਂ ਦੀ ਇੰਟਰਵਿਊ ਲੈ ਕੇ ਉਹਨਾਂ ਦਾ ਪੱਖ ਅਤੇ ਸਚਾਈ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ। ਕੰਵਰ ਸੰਧੂ ਇੱਕ ਨਿਧੜਕ ਪੱਤਰਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਉਸਦਾ ਇਹ ਉਦਮ ਉਸ ਦੇ ਅਜਿਹਾ ਹੋਣ ਦੀ ਗਵਾਹੀ ਭਰਦਾ ਹੈ। ਇਸ ਡਾਕੂਮੈਂਟਰੀ ਨੂੰ ਕਨੇਡਾ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਇੰਨੀ ਵੱਧ ਗਿਣਤੀ ਵਿੱਚ ਦੇਖਣ ਆਉਣਾ ਇਹ ਸਿੱਧ ਕਰਦਾ ਹੈ ਕਿ ਸਾਡੀ ਕਮਿਊਨਿਟੀ ਦੇ ਲੋਕ ਮਨੁੱਖਤਾਵਾਦੀ ਅਤੇ ਇਨਸਾਫ ਪਸੰਦ ਹਨ। ਪਰ ਇਸ ਦੇ ਨਾਲ ਹੀ ਇਹ ਗੱਲ ਵੀ ਸ਼ਪਸ਼ਟ ਦੇਖਣ ਨੂੰ ਮਿਲੀ ਕਿ ਪੀੜਤ ਧਰਮ ਨਾਲ ਸਬੰਧਤ ਲੋਕ ਹੀ ਬਹੁ-ਗਿਣਤੀ ਵਿੱਚ ਹਾਜ਼ਰ ਸਨ। ਭਾਰਤੀ ਕੌਮ ਦਾ ਇਹੀ ਦੁਖਾਂਤ ਹੈ ਕਿ ਉਹ ਧਰਮਾਂ , ਜਾਤਾਂ ਅਤੇ ਖਿੱਤਿਆਂ ਵਿੱਚ ਵੰਡੀ ਹੋਣ ਕਾਰਣ ਆਪਸੀ ਇੱਕਮੁੱਠਤਾ ਨਹੀਂ ਦਿਖਾਉਂਦੀ। ਪਰ ਆਸ ਦੀ ਕਿਰਣ ਵੀ ਦਿਖਾਈ ਦਿੱਤੀ ਕਿ ਦਰਸ਼ਕਾਂ ਵਿੱਚ ਦੂਜਿਆਂ ਧਰਮਾਂ ਦੇ ਕੁੱਝ ਲੋਕ ਵੀ ਸ਼ਾਮਲ ਸਨ। ਇਸ ਤੋਂ ਬਿਨਾਂ ਮੀਡੀਆ ਦੇ ਡਾ: ਬਲਜਿੰਦਰ, ਰਾਜਿੰਦਰ ਸੈਣੀ, ਹਰਬੰਸ ਸਿੰਘ, ਚਰਨਜੀਤ ਬਰਾੜ, ਦਵਿੰਦਰ ਤੂਰ, ਹਰਜਿੰਦਰ ਗਿੱਲ, ਬਲਜਿੰਦਰ ਸੇਖੌਂ ਤੇ ਕਈ ਹੋਰ ਹਾਜ਼ਰ ਸਨ।