ਡਾ:ਅਜਮੇਰ ਔਲਖ ਦਾ ਸ਼ਰਧਾਜਲੀ ਸਮਾਗਮ ਤੇ ਸੈਮੀਨਾਰ 8 ਜੁਲਾਈ ਨੂੰ

(ਬਰੈਂਪਟਨ / ਹਰਜੀਤ ਬੇਦੀ): ਨਾਰਥ ਅਮੈਰਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ 8 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ। ਇਹ ਸਮਾਗਮ ਰੌਇਲ ਬੈਂਕੁਟ ਹਾਲ, 185-ਸਟੇਟਸਮੈਨ ਡਰਾਈਵ ਮਿਸੀਸਾਗਾ ਵਿਖੇ ਠੀਕ 11:30 ਵਜੇ ਹੋਵੇਗਾ। ਚਾਹ ਪਾਣੀ ਤੋਂ ਤੁਰੰਤ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ।
ਥੁੜਾਂ ਮਾਰੇ ਮੁਜ਼ਾਰਾ ਕਿਸਾਨ ਪਰਿਵਾਰ ਵਿੱਚ ਜਨਮੇ ਡਾ: ਔਲਖ ਉੱਤੇ ਬਚਪਨ ਵਿੱਚ ਹੰਢਾਈਆਂ ਤੰਗੀਆਂ ਤੁਰਸ਼ੀਆ ਦਾ ਗਹਿਰਾ ਅਸਰ ਸੀ। ਅਜਿਹੇ ਪਰਵਾਰ ਵਿੱਚ ਜਨਮ ਲੈ ਕੇ ਐਮ ਏ ਤੱਕ ਦੀ ਪੜ੍ਹਾਈ ਕਰਕੇ ਕਾਲਜ ਵਿੱਚ ਪਰੋਫੈਸਰ ਲੱਗਣਾ ਉਸਦੇ ਸਿਰੜ ਦਾ ਫਲ ਸੀ। ਕਾਲਜ ਦੀਆਂ ਸਭਿੱਆਚਾਰਕ ਸਰਗਰਮੀਆਂ ਦਾ ਇੰਚਾਰਜ ਹੋਣ ਕਰ ਕੇ ਵਿਦਿਆਰਥੀਆਂ ਨੂੰ ਨਾਟਕ ਤਿਆਰ ਕਰਾਉਣ ਅਤੇ ਨਾਟਕ ਲਿਖਣ ਲੱਗਾ। ਚੰਡੀਗੜ੍ਹ ਦੇ ਟੇਗੋਰ ਥੀਏਟਰ ਵਿੱਚ ਉਹਨਾਂ ਦੁਆਰਾ ਲਿਖੇ ਅਤੇ ਸਿਰਫ ਇੱਕ ਖੁੰਢ ਰੱਖ ਕੇ ਕੀਤੀ ਸਟੇਜ ਸੱਜਾ ਨਾਲ ਹੀ ਖੇਡੇ ਨਾਟਕ “ਬਿਗਾਨੇ ਬੋਹੜ ਦੀ ਛਾਂ” ਨੇ ਉਹਨਾਂ ਦੀ ਗਿਣਤੀ ਚੋਟੀ ਦੇ ਨਾਟਕਕਾਰਾਂ ਵਿੱਚ ਲੈ ਆਂਦੀ। ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਦੱਬੇ ਕੁਚਲੇ ਲੋਕਾਂ ਦੇ ਜੀਵਣ ਦੁਆਲੇ ਘੁੰਮਦੇ ਉਹਨਾਂ ਦੇ ਨਾਟਕਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਪਰ ਲੋਕ ਵਿਰੋਧੀ ਸ਼ਕਤੀਆਂ ਨੂੰ ਉਹ ਕੰਡੇ ਵਾਂਗੂ ਚੁਭਣ ਲੱਗਾ। ਇਸ ਕਾਰਣ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਅਤੇ ਜੇਲ੍ਹ ਵੀ ਜਾਣਾ ਪਿਆ।
ਡਾ: ਔਲਖ ਜਿੱਥੇ ਖੁਦ ਆਪ ਇੱਕ ਸੰਸਥਾ ਸੀ ਪ ਲ ਸ ਮੰਚ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਵਰਗੀਆਂ ਅਨੇਕਾਂ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ। ਉਸਦਾ ਕਾਰਜ ਖੇਤਰ ਪਿੰਡਾਂ ਤੋਂ ਲੈ ਕੇ ਚੰਡੀਗੜ੍ਹ, ਦਿੱਲੀ ਅਤੇ ਬਦੇਸ਼ਾ ਤੱਕ ਸੀ। ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਦੇ ਸੱਦੇ ਤੇ ਉਸ ਨੇ 2011 ਅਤੇ 2013 ਵਿੱਚ ਦੋ ਵਾਰ ਟੋਰਾਂਟੋ ਏਰੀਆ ਦੇ ਦਰਸ਼ਕਾਂ ਵਿੱਚ ਆਪਣੇ ਨਾਟਕ ਪੇਸ਼ ਕੀਤੇ । ਸਾਹਿਤ ਅਕੈਡਮੀ ਅਵਾਰਡ ਸਮੇਤ ਬਹੁਤ ਸਾਰੇ ਸਨਮਾਨ ਪਰਾਪਤ ਡਾ: ਔਲਖ ਨੂੰ ਮਾਰਚ 2015 ਨੂੰ ਵੀਹ ਹਜ਼ਾਰ ਲੋਕਾਂ ਦੇ ਇਕੱਠ ਵਿੱਚ ” ਭਾਈ ਲਾਲੋ ਕਲਾ ਸਨਮਾਨ ” ਮਿਲਣਾ ਇੱਕ ਕਲਾਕਾਰ ਦੀ ਬਹੁਤ ਵੱਡੀ ਪਰਾਪਤੀ ਹੈ।
ਤਰਕਸ਼ੀਲ ਸੁਸਾਇਟੀ ਉਹਨਾਂ ਦੇ ਨਾਟ-ਸੰਸਾਰ, ਸਾਹਿਤ ਸਿਰਜਣਾ, ਲੋਕਾਂ ਦੇ ਹਾਣ ਦੀ ਸਰਲ ਪੇਸ਼ਕਾਰੀ, ਪ੍ਰਤੀਬੱਧਤਾ, ਸਿਰੜ, ਸਿਦਕਦਿਲੀ, ਸਰਗਰਮੀਆਂ ਅਤੇ ਦੱਬੇ ਕੁਚਲੇ ਲੋਕਾਂ ਲਈ ਸਮਰਪਤ ਜੀਵਣ ਨੂੰ ਸਿਜਦਾ ਕਰਦੀ ਹੋਈ ਇਹ ਸਰਧਾਂਜਲੀ ਸਮਾਗਮ ਕਰ ਰਹੀ ਹੈ ਤੇ ਸਮੂਹ ਸੰਸਥਾਵਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਹੈ। ਸਮਾਗਮ ਦੇ ਦੂਜੇ ਦੌਰ ਵਿੱਚ ਮਨਜੀਤ ਬੋਪਾਰਾਏ ਦੀ ਪੁਸਤਕ ” ਜੋਤਿਸ਼ ਝੂਠ ਬੋਲਦਾ ਹੈ” ਤੇ ਸੈਮੀਨਾਰ ਕੀਤਾ ਜਾਵੇਗਾ। ਜਿਸ ਵਿੱਚ ਇਸ ਕਿਤਾਬ ਦੇ ਲੇਖਕ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸ ਵਿੱਚ ਕਿਤਾਬ ਤੇ ਵਿਚਾਰ ਤੋਂ ਬਾਦ ਮਨਜੀਤ ਬੋਪਾਰਾਏ ਦੁਆਰਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਸਮੂਹ ਲੋਕਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੇ ਨਾਲ ਹੀ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ, ਧਾਗੇ ਤਵੀਜ਼ਾਂ ਰਾਹੀਂ ਇਲਾਜ ਕਰਨ ਵਾਲਿਆਂ ਨੂੰ਼ ਸੱਦਾ ਹੈ ਕਿ ਉਹ ਸੁਸਾਇਟੀ ਦੀਆਂ ਸ਼ਰਤਾਂ ਅਧੀਨ ਆਪਣੀ ਸ਼ਕਤੀ ਜਾਂ ਇਲਮ ਦਾ ਪਰਗਟਾਵਾ ਕਰ ਕੇ ਇਨਾਮ ਪਰਾਪਤ ਕਰ ਸਕਦੇ ਹਨ। ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਦੀ ਸੂਚਨਾ ਅਨੁਸਾਰ ਮਨਜੀਤ ਬੋਪਾਰਾਏ ਇੱਕ ਲੱਖ ਆਸਟਰੇਲੀਅਨ ਡਾਲਰ ਦਾ ਚੈੱਕ ਲੈ ਕੇ ਆ ਰਹੇਹਨ। ਪਰੋਗਰਾਮ ਅਤੇ ਵਧੇਰੇ ਜਾਣਕਾਰੀ ਲਈ ਬਲਰਾਜ ਛੋਕਰ ਫੋਨ 647-838-4749, ਡਾ:ਬਲਜਿੰਦਰ ਸੇਖੋਂ ਫੋਨ 905-781-1197, ਨਿਰਮਲ ਸੰਧੂ ਫੋਨ 416-835-3450 ਜਾਂ ਨਛੱਤਰ ਬਦੇਸ਼ਾ ਨਾਲ ਫੋਨ 647-267-3397 ਤੇ ਸੰਪਰਕ ਕੀਤਾ ਜਾ ਸਕਦਾ ਹੈ।