ਡਾਂਸ ਕਰਨਾ ਚੁਣੌਤੀ ਪੂਰਨ ਹੁੰਦੈ: ਨਵਾਜੂਦੀਨ ਸਿੱਦੀਕੀ

sidiqui
ਨਵਾਜੂਦੀਨ ਸਿੱਦੀਕੀ, ਕੱਦ-ਕਾਠੀ ਤੋਂ ਬੇਹੱਦ ਮਾਮੂਲੀ ਨਜ਼ਰ ਆਉਂਦੇ ਹਨ, ਪਰ ਉਹ ਲਾਜਵਾਬ ਅਭਿਨੇਤਾ ਹਨ। ਟੈਲੇਂਟ ਤਾਂ ਜਿਵੇਂ ਉਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੈ। ਇਸ ਵਿੱਚ ਦੋ ਰਾਇ ਨਹੀਂ ਕਿ ਨਵਾਜ ਇਸ ਦੌਰ ਦੇ ਹੁਨਰਮੰਦ ਅਭਿਨੇਤਾਵਾਂ ਵਿੱਚੋਂ ਹਨ। ਅਮਿਤਾਭ ਤੋਂ ਲੈ ਕੇ ਖਾਨ ਸਟਾਰਸ ਉਨ੍ਹਾਂ ਦੀ ਅਦਾਕਾਰੀ ਦੇ ਕਾਇਲ ਹਨ। ਆਪਣੀ ਐਕਟਿੰਗ ਸਟਾਈਲ ਤੇ ਅੱਖਾਂ ਦੇ ਐਕਸਪ੍ਰੈਸ਼ਨ ਨਾਲ ਉਹ ਆਪਣੀ ਹਰ ਫਿਲਮ ਵਿੱਚ ਆਪਣੇ ਕਿਰਦਾਰ ਨੂੰ ਮਨੋਰੰਜਕ ਬਣਾ ਦਿੰਦੇ ਹਨ। ਨੰਦਿਤਾ ਦਾਸ ‘ਸਆਦਤ ਹਸਨ ਮੰਟੋ’ ਦੀ ਬਾਇਓਪਿਕ ਬਣਾ ਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਨਵਾਜੂਦੀਨ ਨੂੰ ਮੰਟੋ ਦੀ ਭੂਮਿਕਾ ਲਈ ਸਾਈਨ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਲਈ ਨਵਾਜੂਦੀਨ ਸਿੱਦੀਕੀ ਨੇ ਆਪਣੇ ਮਿਹਨਤਾਨੇ ਤੋਂ ਘੱਟ ਰਕਮ ਲਈ ਹੈ। ਲੰਡਨ ਦਾ ਬਿਊਟੀਫੁੱਲ ਬੇਅ ਇੰਟਰਟੇਨਮੈਂਟ ਪ੍ਰੋਡਕਸ਼ਨ ਹਾਊਸ ਨਵਾਜੂਦੀਨ ਨੂੰ ਲੈ ਕੇ ‘ਸੁਲਤਾਨਾ ਡਾਕੂḔ ਦੀ ਬਾਇਓਪਿਕ ਨਾਂਅ ਨਾਲ ਬਣਾ ਰਿਹਾ ਹੈ। ਇਸ ਨੂੰ ਕਾਲਿਨ ਬਿਲ ਅਤੇ ਮਾਈਕਲ ਵਾਰਡ ਪ੍ਰੋਡਿਊਸ ਕਰ ਰਹੇ ਹਨ। ਇਸ ਦਾ ਨਿਰਦੇਸ਼ਨ ਸ਼ੇਖਰ ਕਪੂਰ ਦੇ ਸਹਾਇਕ ਰਹਿ ਚੁੱਕੇ ਹੀਰਾਜ ਰਫਤੀਆ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਹਲੱਦਾਨੀ ਸਮੇਤ ਸਾਰੀਆਂ ਰੀਅਲ ਲੋਕੇਸ਼ਨਾਂ ‘ਤੇ ਕੀਤੀ ਜਾਏਗੀ। ਇਹ ਫਿਲਮ 2009 ਵਿੱਚ ਲਿਖੀ ਗਈ ਸੁਜੀਤ ਸਰਾਫ ਦੀ ਕਿਤਾਬ ‘ਤੇ ਆਧਾਰਤ ਹੋਵੇਗੀ। ਸੱਤ ਜੁਲਾਈ ਨੂੰ ਰਿਲੀਜ਼ ਹੋਣ ਵਾਲੀ ‘ਮੁੰਨਾ ਮਾਈਕਲ’ ਵਿੱਚ ਨਵਾਜੂਦੀਨ ਇੱਕ ਡਾਂਸਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਹਾਲ ਹੀ ਵਿੱਚ ਰਿਲੀਜ਼ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਵਿੱਚ ਉਹ ਇੱਕ ਪੁਲਸ ਅਧਿਕਾਰੀ ਦੇ ਸ਼ਾਨਦਾਰ ਕਿਰਦਾਰ ਵਿੱਚ ਨਜ਼ਰ ਆਏ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਹ ਫਿਲਮ ਦੀ ਮੇਨ ਲੀਡ ਵਾਲੇ ਸ਼ਾਹਰੁਖ ਦੇ ਮੁਕਾਬਲੇ ਬਾਜ਼ੀ ਮਾਰ ਗਏ। ਪੇਸ਼ ਹਨ ਨਵਾਜ ਨਾਲ ਕੀਤੀ ਗਈ ਮੁਲਾਕਾਤ ਦੇ ਕੁਝ ਅੰਸ਼ :
* ‘ਰਈਸ’ ਦੇ ਲਈ ਸ਼ਾਹਰੁਖ ਦੇ ਮੁਕਾਬਲੇ ਤੁਹਾਡੇ ਕੰਮ ਦੀ ਬੜੀ ਪ੍ਰਸ਼ੰਸਾ ਹੋ ਰਹੀ ਹੈ। ਕੀ ਤੁਸੀਂ ਇਸ ਦੀ ਉਮੀਦ ਕੀਤੀ ਸੀ?
– ਸ਼ਾਹਰੁਖ ਤਾਂ ਸ਼ਾਹਰੁਖ ਹਨ। ਉਨ੍ਹਾਂ ਕੋਲ ਸਾਲਾਂ ਦਾ ਤਜਰਬਾ ਹੈ। ਮੈਂ ਅਜੇ ਨਵਾਂ ਹਾਂ। ਜਿਸ ਵਕਤ ਮੈਨੂੰ ‘ਰਈਸḔ ਦਾ ਇਹ ਕਿਰਦਾਰ ਆਫਰ ਹੋਇਆ, ਮੈਨੂੰ ਉਸੇ ਵਕਤ ਉਮੀਦ ਸੀ ਕਿ ਦਰਸ਼ਕਾਂ ਨੂੰ ਉਹ ਖੂਬ ਪਸੰਦ ਆਏਗਾ। ਕਿਰਦਾਰ ਵਿੱਚ ਇੱਕ ਨਵਾਂਪਣ ਸੀ ਅਤੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਉਹੀ ਪਸੰਦ ਆਇਆ ਹੈ।
* ਤੁਹਾਨੂੰ ਇਥੇ ਕਾਫੀ ਘੱਟ ਸਮੇਂ ਵਿੱਚ ਕਾਮਯਾਬੀ ਹਾਸਲ ਹੋਈ। ਇਸ ਕਾਮਯਾਬੀ ਦਾ ਸਿਹਰਾ ਕਿਸ ਨੂੰ ਦੇਵੋਗੇ?
– ਇਸ ਦਾ ਸਿਹਰਾ ਮੇਰੇ ਟੀਚਰਾਂ ਅਤੇ ਦੋਸਤਾਂ ਨੂੰ ਜਾਂਦਾ ਹੈ। ਮੈਂ ਜੋ ਕੁਝ ਵੀ ਜਾਣਦਾ ਹਾਂ ਅਤੇ ਜੋ ਕੁਝ ਮੈਨੂੰ ਆਉਂਦਾ ਹੈ, ਉਹ ਸਭ ਮੈਂ ਇਨ੍ਹਾਂ ਤੋਂ ਸਿਖਿਆ ਹੈ, ਜੋ ਕੁਝ ਸਿੱਖਿਆ, ਉਹੀ ਕਰ ਰਿਹਾ ਹਾਂ। ਮੇਰਾ ਕੰਮ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ, ਇਸ ਲਈ ਮੇਰੀ ਕਾਮਯਾਬੀ ਦੇ ਪਿੱਛੇ ਦਰਸ਼ਕਾਂ ਦਾ ਵੀ ਹੱਥ ਹੈ।
* ਕੀ ਕਦੇ ਤੁਹਾਨੂੰ ਅਜਿਹਾ ਮਹਿਸੂਸ ਹੋਇਆ ਕਿ ਮੁਸਲਿਮ ਹੋਣ ਕਾਰਨ ਤੁਹਾਨੂੰ ਦੂਸਰੇ ਧਰਮ ਦੇ ਦਰਸ਼ਕਾਂ ਦਾ ਓਨਾ ਪਿਆਰ ਨਹੀਂ ਮਿਲਿਆ?
– ਫਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੇ ਦਰਸ਼ਕ ਹਰ ਧਰਮ ਦੇ ਹੁੰਦੇ ਹਨ। ਦਰਸ਼ਕਾਂ ਨੂੰ ਇਸ ਚੀਜ਼ ਤੋਂ ਕੁਝ ਲੈਣਾ-ਦੇਣਾ ਨਹੀਂ ਹੁੰਦਾ ਕਿ ਕਲਾਕਾਰ ਕਿਸ ਖਾਸ ਜਾਤੀ ਜਾਂ ਧਰਮ ਦਾ ਹੈ। ਉਨ੍ਹਾਂ ਨੂੰ ਬਿਹਤਰੀਨ ਪ੍ਰਫਾਰਮੈਂਸ ਚਾਹੀਦੀ ਹੈ। ਇਹ ਤਾਂ ਕੁਝ ਤਾਕਤਵਰ ਲੋਕ ਹੁੰਦੇ ਹਨ, ਜੋ ਸਾਨੂੰ ਦੇਸ਼ ਅਤੇ ਧਰਮ ਦੇ ਨਾਂਅ ‘ਤੇ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਇਹ ਉਨ੍ਹਾਂ ਦਾ ਗੇਮ ਹੁੰਦਾ ਹੈ। ਇਹ ਲੋਕ ਰਾਜ ਕਰਨਾ ਚਾਹੁੰਦੇ ਹਨ। ਸਾਡੇ ਵਰਗੇ ਲੋਕ ਜੇ ਬੇਵਕੂਫ ਬਣਨਗੇ ਤਾਂ ਇਸ ਵਿੱਚ ਸਾਡੀ ਹੀ ਗਲਤੀ ਹੈ।
* ਸੰਘਰਸ਼ ਦੇ ਦਿਨਾਂ ਦੀਆਂ ਕੁਝ ਅਜਿਹੀਆਂ ਗੱਲਾਂ, ਜੋ ਤੁਹਾਡੇ ਦਿਲ ਵਿੱਚ ਡੂੰਘੀ ਪੈਠ ਬਣਾ ਚੁੱਕੀਆਂ ਹੋਣ?
– ਸ਼ੁਰੂ ਵਿੱਚ ਮੈਨੂੰ ਛੋਟੇ-ਮੋਟੇ ਰੋਲ ਮਿਲ ਰਹੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੇ ਹੁੰਦੇ ਸਨ ਜਿਨ੍ਹਾਂ ਵਿੱਚ ਦੂਸਰੇ ਕਿਰਦਾਰਾਂ ਵੱਲੋਂ ਮੇਰੀ ਖੂਬ ਕੁੱਟਮਾਰ ਹੁੰਦੀ ਸੀ। ਇਹ ਗੱਲ ਮੇਰੇ ਵਾਲਿਦ ਸਾਹਿਬ ਨੂੰ ਪਸੰਦ ਨਹੀਂ ਸੀ। ‘ਕਿੱਕḔ ਵਿੱਚ ਉਹ ਪਹਿਲੀ ਵਾਰ ਮੇਰੇ ਕੰਮ ਨੂੰ ਦੇਖ ਕੇ ਥੋੜ੍ਹਾ ਸੰਤੁਸ਼ਟ ਨਜ਼ਰ ਆਏ, ਪਰ ਉਨ੍ਹਾਂ ਨੇ ਇਸ ਬਾਰੇ ਮੈਨੂੰ ਆਪਣੇ ਮੂੰਹੋਂ ਕੁਝ ਨਹੀਂ ਕਿਹਾ। ਹੋ ਸਕਦਾ ਹੈ ਕਿ ‘ਬਜਰੰਗੀ ਭਾਈਜਾਨḔ ਅਤੇ ਉਸ ਦੇ ਬਾਅਦ ਦੀਆਂ ਫਿਲਮਾਂ ਦੇਖ ਕੇ ਉਹ ਮੇਰੀ ਪਿੱਠ ਥਾਪੜਦੇ, ਪਰ ਮੈਂ ਬਦਕਿਸਮਤ ਰਿਹਾ ਕਿ ‘ਬਜਰੰਗੀ ਭਾਈਜਾਨ’ ਦੀ ਰਿਲੀਜ਼ ਦੇ ਵਕਤ ਉਹ ਕੋਮਾ ਵਿੱਚ ਸਨ ਅਤੇ ਰਿਲੀਜ਼ ਦੇ ਫੌਰਨ ਬਾਅਦ ਦੁਨੀਆ-ਏ-ਫਾਨੀ ਤੋਂ ਕੂਚ ਕਰ ਗਏ।
* ਐਕਟਿੰਗ ਦੇ ਬਾਰੇ ਪਹਿਲੀ ਵਾਰ ਕਦੋਂ ਅਤੇ ਕਿਸ ਤਰ੍ਹਾਂ ਤੁਹਾਡੇ ਮਨ ਵਿੱਚ ਵਿਚਾਰ ਆਇਆ?
– ਸਾਡਾ ਪਿੰਡ ਬੜਾ ਛੋਟਾ ਸੀ। ਉਥੇ ਸਿਰਫ ਇੱਕ ਸਿਨੇਮਾ ਹਾਲ ਸੀ, ਜਦੋ ਕਾਫੀ ਕੰਡਮ ਹਾਲਤ ਵਿੱਚ ਸੀ। ਵੱਡੇ ਬਜਟ ਦੀਆਂ ਫਿਲਮਾਂ ਉਸ ਵਿੱਚ ਲੱਗਦੀਆਂ ਨਹੀਂ ਸਨ, ਕਿਉਕਿ ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਟੈਕਸ ਜਾਣ ਦੇ ਬਾਅਦ ਆਮਦਨ ਦਾ ਬਹੁਤ ਵੱਡਾ ਹਿੱਸਾ ਡਿਸਟ੍ਰੀਬਿਊਟਰ ਨੂੰ ਚਲਾ ਜਾਂਦਾ ਸੀ, ਇਸ ਲਈ ਜ਼ਿਆਦਾ ਘੱਟ ਬਜਟ ਵਾਲੀਆਂ ਸੀ ਗ੍ਰੇਡ ਫਿਲਮਾਂ ਲੱਗਦੀਆਂ ਸਨ। ਉਨ੍ਹਾਂ ਫਿਲਮਾਂ ਦੇ ਡਾਇਲਾਗ ਵੀ ਅਲੱਗ ਤਰ੍ਹਾਂ ਦੇ ਹੁੰਦੇ ਸਨ। ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਸੀ। ਮੈਂ ਸੀ ਆਰ ਉੱਤੇ ਬੱਚਨ ਸਾਹਿਬ ਅਤੇ ਦੂਸਰੇ ਵੱਡੇ ਕਲਾਕਰਾਂ ਦੀਆਂ ਕਲਾਸਿਕ ਫਿਲਮਾਂ ਖੂਬ ਦੇਖੀਆਂ ਤੇ ਸ਼ਾਇਦ ਤਦ ਪਹਿਲੀ ਵਾਰ ਮੇਰੇ ਮਨ ਵਿੱਚ ਐਕਟਰ ਬਣਨ ਦਾ ਖਿਆਲ ਆਇਆ। ਮੈਂ ਗ੍ਰੈਜੂਏਸ਼ਨ ਦੇ ਬਾਅਦ ਨੈਸ਼ਨਲ ਸਕੂਲ ਆਫ ਡਰਾਮਾ ਚਲਾ ਗਿਆ। ਉਥੋਂ ਮੁੰਬਈ ਆਇਆ ਤੇ ਫਿਰ ਫਿਲਮ ਨਗਰੀ ਦੇ ਲਈ ਸੰਘਰਸ਼ ਸ਼ੁਰੂ ਹੋ ਗਿਆ।
* ਤੁਸੀਂ ਜਿੰਨੇ ਵਧੀਆ ਐਕਟਰ ਹੋ, ਓਨੇ ਵਧੀਆ ਡਾਂਸਰ ਨਹੀਂ, ਪ੍ਰੰਤੂ ਖਬਰ ਹੈ ਕਿ ਟਾਈਗਰ ਸ਼ਰਾਫ ਦੇ ਆਪੋਜ਼ਿਟ ‘ਮੁੰਨਾ ਮਾਈਕਲ’ ਵਿੱਚ ਤੁਸੀਂ ਡਾਂਸ ਕਰਦੇ ਨਜ਼ਰ ਆਓਗੇ?
– ‘ਮੁੰਨਾ ਮਾਈਕਲ’ ਦੋ ਜਣਿਆਂ ਦੀ ਕਹਾਣੀ ਹੈ, ਜਿਸ ਵਿੱਚ ਇੱਕ ਡਾਂਸਰ ਹੈ ਅਤੇ ਦੂਸਰਾ ਡਾਂਸ ਸਿੱਖਣਾ ਚਾਹੁੰਦਾ ਹੈ। ਦੂਸਰਾ ਕਿਰਦਾਰ ਮੈਂ ਨਿਭਾ ਰਿਹਾ ਹਾਂ। ਬੇਹੱਦ ਲਾਈਟ ਕਰੈਕਟਰ ਹੈ। ਬਦਕਿਸਮਤੀ ਨਾਲ ਮੈਂ ਇਸ ਵਿੱਚ ਡਾਂਸ ਕਰ ਰਿਹਾ ਹਾਂ। ਟਾਈਗਰ ਇੱਕ ਬਿਹਤਰੀਨ ਡਾਂਸਰ ਹੈ। ਉਸ ਦੇ ਨਾਲ ਡਾਂਸ ਕਰਦੇ ਵਕਤ ਮੇਰੀ ਹਾਲਤ ਕਾਫੀ ਖਰਾਬ ਹੋ ਜਾਂਦੀ ਸੀ, ਪਰ ਮੈਂ ਸ਼ੁਰੂ ਤੋਂ ਅਜਿਹੇ ਰੋਲ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਕਰਦੇ ਸਮੇਂ ਮੈਨੂੰ ਇਹ ਸੋਚ ਕੇ ਡਰ ਲੱਗੇ ਕਿ ਪਤਾ ਨਹੀਂ ਮੈਂ ਉਹ ਰੋਲ ਕਰ ਸਕਾਂਗਾ ਜਾਂ ਨਹੀਂ।