ਡਰੱਗ ਕੇਸ ਵਿੱਚ ਹਾਈ ਕੋਰਟ ਨੇ ਈ ਡੀ ਅਫਸਰ ਨੂੰ ਵਾਧੂ ਚਾਰਜ ਦੇਣ ਤੋਂ ਨਾਂਹ ਕੀਤੀ

ED
ਜਲੰਧਰ, 12 ਅਗਸਤ (ਪੋਸਟ ਬਿਊਰੋ)- ਸਿੰਥੈਟਿਕ ਡਰੱਗ ਕੇਸ ਵਿੱਚ ਸਾਬਕਾ ਡੀ ਐਸ ਪੀ ਜਗਦੀਸ਼ ਸਿੰਘ ਭੋਲਾ ਦੇ ਕੇਸ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਸੀਨੀਅਰ ਅਫਸਰ ਨੂੰ ਦਿੱਲੀ ਦੇ ਈ ਡੀ ਦਫਤਰ ਦਾ ਵਾਧੂ ਕੰਮ ਸੌਂਪੇ ਜਾਣ ਤੋਂ ਹਾਈ ਕੋਰਟ ਨੇ ਸਾਫ ਨਾਂਹ ਕਰ ਦਿੱਤੀ ਹੈ। ਹਾਈ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਇਸ ਕੇਸ ਦੀ ਜਾਂਚ ਕਰ ਰਹੇ ਨਿਰੰਜਣ ਸਿੰਘ ਦਾ ਧਿਆਨ ਹਟਾਉਣ ਲਈ ਉਸ ਨੂੰ ਦਫਤਰ ਦੀਆਂ ਵਾਧੂ ਜ਼ਿੰਮੇਵਾਰੀਆਂ ਨਾ ਦਿੱਤੀਆਂ ਜਾਣ।
ਜਲੰਧਰ ਦੇ ਈ ਡੀ ਦਫਤਰ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਉਹ ਨਿਰੰਜਣ ਸਿੰਘ ਨੂੰ ਦਿੱਲੀ ਦੇ ਈ ਡੀ ਦਫਤਰ ਦੀਆਂ ਵਾਧੂ ਜ਼ਿੰਮੇਵਾਰੀਆਂ ਦੇਣਾ ਚਾਹੁੰਦੇ ਹਨ, ਜਿਸ ਦੀ ਇਜਾਜ਼ਤ ਦਿੱਤੀ ਜਾਵੇ। ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਦੀ ਜਾਂਚ ਪੜਤਾਲ ਅਜੇ ਪੂਰੀ ਨਹੀਂ ਹੋਈ, ਇਸ ਪੜਾਅ ਉੱਤੇ ਜਾਂਚ ਕਰ ਰਹੇ ਨਿਰੰਜਣ ਸਿੰਘ ਦਾ ਧਿਆਨ ਹੋਰ ਕੰਮਾਂ ਵਿੱਚ ਲਾਉਣ ਲਈ ਉਸ ਨੂੰ ਵਾਧੂ ਜ਼ਿੰਮੇਵਾਰਆਂ ਨਹੀਂ ਦਿੱਤੀਆਂ ਜਾ ਸਕਦੀਆਂ।
ਵਰਨਣ ਯੋਗ ਹੈ ਕਿ ਈ ਡੀ ਦਫਤਰ ਦਾ ਇਹ ਦੂਜਾ ਮੌਕਾ ਹੈ, ਜਦੋਂ ਡਰੱਗ ਕੇਸ ਦੀ ਜਾਂਚ ਵਾਲੇ ਨਿਰੰਜਣ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਜਨਵਰੀ 2015 ਵਿੱਚ ਨਿਰੰਜਣ ਸਿੰਘ ਨੂੰ ਕਲਕੱਤਾ ਦੇ ਈ ਡੀ ਦਫਤਰ ਵਿੱਚ ਬਦਲ ਦਿੱਤਾ ਗਿਆ ਸੀ, ਜਦੋਂ ਉਸ ਵੇਲੇ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਈ ਡੀ ਦਫਤਰ ਤਲਬ ਕਰਨ ਨੂੰ 20 ਦਿਨ ਹੀ ਹੋਏ ਸਨ। ਈ ਡੀ ਦਫਤਰ ਵੱਲੋਂ 31 ਜੁਲਾਈ ਨੂੰ ਦਾਇਰ ਇਕ ਹੋਰ ਅਰਜ਼ੀ ‘ਤੇ ਫੈਸਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਡਰੱਗ ਮਾਮਲਿਆਂ ਵਿੱਚ ਨਿਰੰਜਣ ਸਿੰਘ ਦੀ ਸਹਾਇਤਾ ਲਈ ਦੋ ਸਹਾਇਕ ਡਾਇਰੈਕਟਰ ਨਿਯੁਕਤ ਕੀਤੇ ਜਾ ਸਕਦੇ ਹਨ, ਨਾ ਕਿ ਕੋਈ ਹੇਠਲੇ ਰੈਂਕ ਦੇ ਅਧਿਕਾਰੀ ਨੂੰ ਉਨ੍ਹਾਂ ਨਾਲ ਲਾਇਆ ਜਾਵੇ।