ਡਰੱਗ ਕੇਸ ਵਿੱਚ ਡਿਸਮਿਸ ਕੀਤਾ ਗਿਆ ਡੀ ਐੱਸ ਪੀ ਦਲਜੀਤ ਢਿੱਲੋਂ ਗ੍ਰਿਫ਼ਤਾਰ


* ਦਲਜੀਤ ਦੇ ਵਕੀਲਾਂ ਨੇ ਗ੍ਰਿਫ਼ਤਾਰੀ ਲਈ ਰਾਣਾ ਗੁਰਜੀਤ ਨੂੰ ਦੋਸ਼ ਦਿੱਤਾ
ਐਸ ਏ ਐਸ ਨਗਰ (ਮੁਹਾਲੀ), 3 ਜੁਲਾਈ, (ਪੋਸਟ ਬਿਊਰੋ)- ਡਰੱਗ ਕੇਸ ਵਿੱਚ ਨੌਕਰੀ ਤੋਂ ਬਰਖ਼ਾਸਤ ਕੀਤੇ ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੂੰ ਅੱਜ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਕੱਲ੍ਹ ਥਾਣਾ ਸਟੇਟ ਕਰਾਈਮ ਵਿੱਚ ਐਨ ਡੀ ਪੀ ਐਸ ਅਤੇ ਹੋਰ ਧਾਰਾਵਾਂ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਪਹਿਲਾਂ ਕੁਝ ਕੁੜੀਆਂ ਨੇ ਉਸ ਉੱਤੇ ਡਰੱਗ ਦੀਆਂ ਆਦੀ ਬਣਾਉਣ ਦੇ ਦੋਸ਼ ਲਾਏ ਸਨ।
ਵਰਨਣ ਯੋਗ ਹੈ ਕਿ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਾਰੇ ਤੱਥਾਂ ਦਾ ਕਾਨੂੰਨੀ ਜਾਇਜ਼ਾ ਲੈਣ ਪਿੱਛੋਂ ਸੋਮਵਾਰ ਨੂੰ ਸੰਵਿਧਾਨ ਦੀ ਧਾਰਾ 311(2) (ਬੀ) ਹੇਠ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਦਲਜੀਤ ਸਿੰਘ ਢਿੱਲੋਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ 28 ਜੂਨ ਨੂੰ ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ ਦੀ ਇੱਕ ਲੜਕੀ ਨੂੰ ਨਸ਼ੇ ਦੇ ਰਾਹ ਉੱਤੇ ਧੱਕਣ ਦੇ ਦੋਸ਼ਾਂ ਕਾਰਨ ਸਸਪੈਂਡ ਕੀਤਾ ਗਿਆ ਸੀ, ਜਦੋਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲੜਕੀ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਪੁਲੀਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਅੱਜ ਏਥੇ ਸਰਕਾਰੀ ਵਕੀਲ ਅਤੇ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਦੇ ਏ ਆਈ ਜੀ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲੀਸ ਨੇ ਉਸ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰ ਕੇ ਕਿਹਾ ਕਿ ਉਸ ਕੋਲੋਂ ਨਸ਼ਿਆਂ ਦੇ ਕੇਸ ਵਿੱਚ ਕਾਫੀ ਕੁਝ ਬਰਾਮਦ ਕਰਨਾ ਅਤੇ ਇਸ ਦੇ ਵੱਖ ਵੱਖ ਪੱਖਾਂ ਉੱਤੇ ਪੁੱਛਗਿੱਛ ਕਰਨੀ ਹੈ। ਉਨ੍ਹਾਂ ਦੱਸਿਆ ਕਿ ਬਰਖ਼ਾਸਤ ਡੀ ਐਸ ਪੀ ਦੇ ਖ਼ਿਲਾਫ਼ ਔਰਤਾਂ ਨੂੰ ਨਸ਼ਿਆਂ ਦੇ ਰਾਹ ਤੋਰਨ ਦੇ ਗੰਭੀਰ ਦੋਸ਼ ਲੱਗੇ ਹਨ।
ਦਲਜੀਤ ਸਿੰਘ ਢਿੱਲੋਂ ਵੱਲੋਂ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਡੀ ਐਸ ਪੀ ਢਿੱਲੋਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਸ ਰਾਜਨੀਤੀ ਤੋਂ ਪ੍ਰੇਰਤ ਹੈ। ਬਚਾਅ ਪੱਖ ਦੇ ਵਕੀਲ ਨੇ ਸਿੱਧੇ ਤੌਰ ਉੱਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਲੈਂਦਿਆਂ ਕਿਹਾ ਕਿ ਡੀ ਐਸ ਪੀ ਢਿੱਲੋਂ ਨਾਲ ਉਸ ਦਾ ਵਿਰੋਧ ਸੀ ਅਤੇ ਉਸ ਦੇ ਖ਼ਿਲਾਫ਼ ਡੀ ਡੀ ਆਰ (ਪੁਲਸ ਦੀ ਡੇਲੀ ਡਾਇਰੀ ਰਿਪੋਰਟ) ਵੀ ਦਰਜ ਹਨ। ਵਕੀਲਾਂ ਨੇ ਕਿਹਾ ਕਿ ਸਾਬਕਾ ਮੰਤਰੀ ਆਪਣੀ ਪਾਰਟੀ ਦੀ ਸਰਕਾਰ ਹੋਣ ਕਾਰਨ ਆਪਣਾ ਰਸੂਖ ਵਰਤ ਕੇ ਪੁਲੀਸ ਅਫ਼ਸਰ ਉੱਤੇ ਝੂਠਾ ਕੇਸ ਪੁਆ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ। ਇਸ ਤੋਂ ਬਾਅਦ ਅਦਾਲਤ ਦੇ ਬਾਹਰ ਪੁਲੀਸ ਰੋਕਾਂ ਦੇ ਬਾਵਜੂਦ ਬਰਖ਼ਾਸਤ ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਉਸ ਦੇ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਤੇ ਮਨਘੜਤ ਹਨ। ਮੀਡੀਆ ਕਰਮੀ ਜਦੋਂ ਡੀ ਐਸ ਪੀ ਤੋਂ ਸਵਾਲ ਪੁੱਛ ਰਹੇ ਸਨ ਤਾਂ ਪੁਲੀਸ ਕਰਮਚਾਰੀ ਉਸ ਦੀ ਖਿੱਚ ਧੂਹ ਕਰਦੇ ਹੋਏ ਉੱਥੋਂ ਲੈ ਕੇ ਚਲੇ ਗਏ।