ਠੀਕਰੀ ਪਹਿਰੇ ਵਾਲਿਆਂ ਉਤੇ ਗੱਡੀ ਚੜ੍ਹੀ, ਇਕ ਮੌਤ, ਤਿੰਨ ਜ਼ਖਮੀ

pehredar
ਲਹਿਰਾਗਾਗਾ, 12 ਸਤੰਬਰ (ਪੋਸਟ ਬਿਊਰੋ)- ਪਿੰਡ ਘੋੜੇਨੱਬ ਵਿੱਚ ਠੀਕਰੀ ਪਹਿਰਾ ਦੇਣ ਵਾਲਿਆਂ ਵੱਲੋਂ ਰੋਕੀ ਗੱਡੀ ਵਿੱਚ ਇਕ ਤੇਜ਼ ਰਫਤਾਰ ਪਿੱਕਅੱਪ ਗੱਡੀ ਵੱਜ ਕੇ ਪਲਟ ਗਈ, ਜਿਸ ਕਾਰਨ ਪਹਿਰੇਦਾਰਾਂ ਵਿੱਚੋਂ ਇਕ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਉਹ ਰਾਜਿੰਦਰ ਹਸਪਤਾਲ, ਪਟਿਆਲਾ ਵਿੱਚ ਦਾਖਲ ਹਨ।
ਮਿਲੀ ਜਾਣਕਾਰੀ ਮੁਤਾਬਕ ਸਦਰ ਥਾਣੇ ਦੀ ਪੁਲਸ ਨੇ ਡੇਰਾ ਸਿਰਸਾ ਕੇਸ ਦੇ ਮੱਦੇਨਜ਼ਰ ਪਿੰਡ ‘ਚ ਠੀਕਰੀ ਪਹਿਰਾ ਲਾਉਣ ਨੂੰ ਕਿਹਾ ਹੋਇਆ ਸੀ। ਕੱਲ੍ਹ ਰਾਤ ਰਮੇਸ਼ ਚੰਦ (40 ਸਾਲ) ਪੁੱਤਰ ਪ੍ਰਕਾਸ਼ ਚੰਦ, ਅਮਰੀਕ ਸਿੰਘ ਪੁੱਤਰ ਲਾਭ ਸਿੰਘ, ਕੁਲਦੀਪ ਸਿੰਘ ਪੁੱਤਰ ਮੱਘਰ ਸਿੰਘ, ਗੁਰਪਿਆਰ ਸਿੰਘ ਪੁੱਤਰ ਰਾਮ ਸਿੰਘ ਠੀਕਰੀ ਪਹਿਰੇ ‘ਤੇ ਸਨ। ਉਨ੍ਹਾਂ ਨੇ ਰਾਤ ਕੌਹਰੀਆਂ ਤੋਂ ਆ ਰਹੀ ਇਕ ਮਹਿੰਦਰਾ ਪਿੱਕਅੱਪ ਗੱਡੀ ਨੂੰ ਪੜਤਾਲ ਲਈ ਰੋਕਿਆ। ਉਹ ਹਾਲੇ ਪੁੱਛਗਿੱਛ ਕਰ ਰਹੇ ਸਨ ਕਿ ਪਿੱਛੋਂਂ ਆਈ ਮਹਿੰਦਰਾ ਪਿੱਕਅੱਪ ਪਹਿਲਾਂ ਖੜੀ ਗੱਡੀ ਵਿੱਚ ਵੱਜ ਕੇ ਪਲਟ ਗਈ, ਜਿਸ ਕਾਰਨ ਚਾਰੇ ਪਹਿਰੇਦਾਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਲਿਆਂਦਾ, ਜਿਥੇ ਡਾਕਟਰਾਂ ਨੇ ਰਮੇਸ਼ ਚੰਦ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਜ਼ਖਮੀ ਅਮਰੀਕ ਸਿੰਘ, ਕੁਲਦੀਪ ਸਿੰਘ ਅਤੇ ਗੁਰਪਿਆਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਰੈਫਰ ਕੀਤਾ, ਜਿਥੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਭੇਜ ਦਿੱਤਾ ਗਿਆ।