ਟੋਰਾਂਟੋ ਵਿੱਚ 1000 ਤੋਂ ਵੀ ਵੱਧ ਪੁਲਿਸ ਅਧਿਕਾਰੀਆਂ ਨੂੰ ਨੈਲੌਕਸੋਨ ਕਿੱਟਜ਼ ਨਾਲ ਕੀਤਾ ਜਾ ਰਿਹਾ ਹੈ ਲੈਸ

ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦੇ ਪ੍ਰਭਾਵ ਨੂੰ ਘਟਾਉਣ ਲਈ ਲਾਈਫਸੇਵਿੰਗ ਦਵਾਈ ਨਾਲ ਟੋਰਾਂਟੋ ਪੁਲਿਸ ਨੇ ਆਪਣੇ ਅਧਿਕਾਰੀਆਂ ਨੂੰ ਲੈਸ ਕਰਨ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਪਹਿਲਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਟੋਰਾਂਟੋ ਪੁਲਿਸ ਸਰਵਿਸ ਨੇ ਆਖਿਆ ਕਿ ਡਾਊਨਟਾਊਨ ਵਿੱਚ ਕੰਮ ਕਰਨ ਵਾਲੇ 1034 ਪੁਲਿਸ ਅਧਿਕਾਰੀਆਂ ਨੂੰ ਜਲਦੀ ਹੀ ਨੈਲੌਕਸੋਨ ਕਿੱਟਜ਼ ਨਾਲ ਲੈਸ ਕੀਤਾ ਜਾਵੇਗਾ। ਟੋਰਾਂਟੋ ਪੁਲਿਸ ਦੇ ਤਰਜ਼ਮਾਨ ਮੇਘਨ ਗ੍ਰੇਅ ਨੇ ਆਖਿਆ ਕਿ ਇਸ ਦਵਾਈ ਦੀ ਵਰਤੋਂ ਕਰਨ ਲਈ ਟਰੇਨਡ ਕੀਤੇ ਗਏ ਅਧਿਕਾਰੀਆਂ ਨੂੰ ਵੀਰਵਾਰ ਸ਼ਾਮ ਜਾਂ ਸੁ਼ੱਕਰਵਾਰ ਤੱਕ ਇਹ ਕਿੱਟਜ਼ ਮਿਲ ਜਾਣਗੀਆਂ।
ਨੈਲੌਕਸੋਨ ਅਜਿਹੀ ਦਵਾਈ ਹੈ ਜਿਹੜੀ ਥੋੜ੍ਹੀ ਦੇਰ ਲਈ ਨਸ਼ੀਲੇ ਪਦਾਰਥਾਂ ਜਿਵੇਂ ਕਿ ਫੈਂਟਾਨਿਲ, ਮੌਰਫੀਨ, ਮੈਥਾਡੌਨ ਤੇ ਹੈਰੋਇਨ ਵਰਗੇ ਨਸਿ਼ਆਂ ਨੂੰ ਮੋੜ ਦਿੰਦੀ ਹੈ। ਟੋਰਾਂਟੋ ਪੁਲਿਸ ਨੇ ਇਸ ਦਵਾਈ ਦੀ ਵਰਤੋਂ ਸੱਭ ਤੋਂ ਪਹਿਲਾਂ ਡਾਊਨਟਾਊਨ ਇਲਾਕੇ ਤੋਂ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਸੱਭ ਤੋਂ ਵੱਧ ਓਵਰਡੋਜ਼ ਨਾਲ ਸਬੰਧਤ ਕਾਲਜ਼ ਇਸ ਇਲਾਕੇ ਤੋਂ ਹੀ ਆਉਂਦੀਆਂ ਹਨ।