ਟੋਰਾਂਟੋ ਵਿੱਚ ਪਲਾਜ਼ਾ ਵੈਸਟ ਵਿਖੇ ਧਮਾਕਾ, ਤਿੰਨ ਜ਼ਖ਼ਮੀ


ਮਿਸੀਸਾਗਾ, ਓਨਟਾਰੀਓ, 11 ਫਰਵਰੀ (ਪੋਸਟ ਬਿਊਰੋ) : ਐਤਵਾਰ ਸਵੇਰੇ ਟੋਰਾਂਟੋ ਦੇ ਪੱਛਮ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਪੈਰਾਮੈਡਿਕਸ ਨੇ ਦੱਸਿਆ ਕਿ ਮਿਸੀਸਾਗਾ, ਓਨਟਾਰੀਓ ਵਿੱਚ ਹੋਏ ਧਮਾਕੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਔਰਤ ਤੇ ਬੱਚੇ ਦੇ ਵੀ ਮਾਮੂਲੀ ਸੱਟਾਂ ਕਾਰਨ ਉਨ੍ਹਾਂ ਦਾ ਇਲਾਜ ਮੌਕੇ ਉੱਤੇ ਹੀ ਕਰ ਦਿੱਤਾ ਗਿਆ।
ਮਿਸੀਸਾਗਾ ਫਾਇਰ ਚੀਫ ਟਿਮ ਬੈਕੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਧਮਾਕੇ ਕਾਰਨ ਅੱਗ ਲੱਗ ਗਈ ਤੇ ਅੱਧੀ ਇਮਾਰਤ ਢਹਿਢੇਰੀ ਹੋ ਗਈ। ਇਸ ਲਈ ਫਾਇਰਫਾਈਟਰਜ਼ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਬਾਹਰੋਂ ਹੀ ਜ਼ੋਰ ਲਾਉਣਾ ਪਿਆ। ਅੱਗ ਉੱਤੇ ਕਾਬੂ ਪਾਉਣ ਲਈ ਕਾਫੀ ਸਮਾਂ ਵੀ ਲੱਗ ਗਿਆ। ਬੈਕੇਟ ਨੇ ਦੱਸਿਆ ਕਿ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਆਖਿਆ ਗਿਆ ਹੈ। ਅਜੇ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।