ਟੋਰਾਂਟੋ ਵਿੱਚ ਡਿਟੈਚਡ ਘਰਾਂ ਦੀਆਂ ਕੀਮਤਾਂ ਡਿੱਗੀਆਂ, ਕੌਂਡੋ ਦੀਆਂ ਕੀਮਤਾਂ ਵਿੱਚ ਆਇਆ ਉਛਾਲ


ਟੋਰਾਂਟੋ, 2 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਵਿੱਚ ਸਤੰਬਰ ਤੇ ਅਕਤੂਬਰ ਦੇ ਮਹੀਨੇ ਡੀਟੈਚਡ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਜਦਕਿ ਕੌਂਡੋ ਦੀਆਂ ਕੀਮਤਾਂ ਵਿੱਚ ਉਛਾਲ ਪਾਇਆ ਗਿਆ।
ਪਰ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਹੋਈ ਘਰਾਂ ਦੀ ਵਿੱਕਰੀ ਦੇ ਮੁਕਾਬਲੇ ਇਸ ਸਾਲ ਅਕਤੂਬਰ ਵਿੱਚ 27 ਫੀ ਸਦੀ ਘਰ ਘੱਟ ਵਿਕੇ। ਸਾਲ ਦਰ ਸਾਲ ਘਰਾਂ ਦੀਆਂ ਕੀਮਤਾਂ ਵਿੱਚ ਅਕਤੂਬਰ ਦੇ ਮਹੀਨੇ 2.3 ਫੀ ਸਦੀ ਵਾਧਾ ਦਰਜ ਕੀਤਾ ਗਿਆ ਪਰ ਟੋਰਾਂਟੋ ਰੀਅਲ ਅਸਟੇਟ ਬੋਰਡ (ਟੀਆਰਈਬੀ) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੁੱਝ ਇਲਾਕਿਆਂ ਵਿੱਚ ਦੂਜਿਆਂ ਦੇ ਮੁਕਾਬਲੇ ਘਰਾਂ ਦੀ ਵਿੱਕਰੀ ਦਾ ਕੰਮ ਜ਼ੋਰਾਂ ਸੋ਼ਰਾਂ ਨਾਲ ਚੱਲ ਰਿਹਾ ਹੈ।
ਘਰ ਦੀ ਔਸਤ ਕੀਮਤ, ਜਿਸ ਵਿੱਚ ਅਪਾਰਟਮੈਂਟਸ ਤੋਂ ਲੈ ਕੇ ਯਾਰਡਜ਼ ਵਾਲੇ ਡਿਟੈਚਡ ਘਰ ਵੀ ਸ਼ਾਮਲ ਹਨ, ਜੋ ਕਿ ਪਿਛਲੇ ਸਾਲ 762,691 ਡਾਲਰ ਸੀ, ਵਿੱਚ 2.3 ਫੀ ਸਦੀ ਦੇ ਹਿਸਾਬ ਨਾਲ ਵਾਧਾ ਹੋਇਆ ਤੇ ਹੁਣ ਇਹ ਕੀਮਤ 780,104 ਡਾਲਰ ਦਰਜ ਕੀਤੀ ਗਈ ਹੈ। ਪਰ ਪੂਰੇ ਖਿੱਤੇ ਵਿੱਚ ਡਿਟੈਚਡ ਘਰਾਂ ਦੀ ਕੀਮਤ 2.5 ਫੀ ਸਦੀ ਘੱਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਕੌਂਡੋਜ਼ ਦੀ ਔਸਤ ਕੀਮਤ 523,041 ਡਾਲਰ ਦੱਸੀ ਗਈ ਹੈ।
ਅਪਰੈਲ ਵਿੱਚ ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 33 ਫੀ ਸਦੀ ਦਾ ਉਛਾਲ ਆਇਆ ਸੀ। ਪਰ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਜਾਇਜ਼ ਹਾਊਸਿੰਗ ਨੀਤੀਆਂ, ਜਿਨ੍ਹਾਂ ਵਿੱਚ ਵਿਦੇਸ਼ੀ ਖਰੀਦਦਾਰਾਂ ਲਈ ਟੈਕਸ ਵੀ ਸ਼ਾਮਲ ਹੈ, ਸਦਕਾ ਮਾਰਕਿਟ ਇੱਕਦਮ ਠੰਢੀ ਹੋ ਗਈ। ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਦੋ ਵਾਰੀ ਕੀਤੇ ਗਏ ਵਾਧੇ ਦਾ ਵੀ ਅਸਰ ਹਾਊਸਿੰਗ ਮਾਰਕਿਟ ਉੱਤੇ ਵੇਖਣ ਨੂੰ ਮਿਲਿਆ।