ਟੋਰਾਂਟੋ ਬਾਰਬੀਕਿਊ ਗੋਲੀ ਕਾਂਡ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਆਇਦ

ਟੋਰਾਂਟੋ, 8 ਨਵੰਬਰ (ਪੋਸਟ ਬਿਊਰੋ) : ਬੀਤੀਆਂ ਗਰਮੀਆਂ ਵਿੱਚ ਟੋਰਾਂਟੋ ਦੀ ਡੈਨਜਿਗ ਸਟਰੀਟ ਵਿੱਚ ਇੱਕ ਬਾਰਬੀਕਿਊ ਪਾਰਟੀ ਦੌਰਾਨ ਹੋਈ ਗੋਲੀਬਾਰੀ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਤੇ ਕਈ ਜ਼ਖ਼ਮੀ ਵੀ ਹੋਏ ਸਨ, ਵਿੱਚ ਟੋਰਾਂਟੋ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ 18 ਸਾਲਾ ਸਾਕੁਆਨ ਮੈਸਕਿਟੋ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਖਿਲਾਫ ਫਰਸਟ ਡਿਗਰੀ ਮਰਡਰ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ, ਇੱਕ ਮਾਮਲਾ ਕਤਲ ਕਰਨ ਦੀ ਕੋਸਿ਼ਸ਼ ਕਰਨ ਤੇ 23 ਮਾਮਲੇ ਗੁੱਸੇ ਵਿੱਚ ਆ ਕੇ ਹਮਲਾ ਕਰਨ ਦੇ ਦਰਜ ਕੀਤੇ ਗਏ ਹਨ। ਉਸ ਨੂੰ 12 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਸੰਭਾਵਨਾ ਹੈ। ਟੋਰਾਂਟੋ ਦਾ 14 ਸਾਲਾ ਸਿਆਨੇ ਚਾਰਲਸ ਤੇ ਐਜੈਕਸ ਦਾ 23 ਸਾਲਾ ਜੋਸੂ਼ਆ ਯਾਸੇ, 16 ਜੁਲਾਈ ਨੂੰ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏੇ। ਇਹ ਗੋਲੀਬਾਰੀ ਸ਼ਹਿਰ ਦੇ ਪੂਰਬੀ ਸਿਰੇ ਵਿੱਚ ਚੱਲੀ ਕਮਿਊਨਿਟੀ ਪਾਰਟੀ ਦੌਰਾਨ ਕੀਤੀ ਗਈ ਸੀ ਤੇ ਇਸ ਵਿੱਚ 23 ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ ਇਸ ਤੋਂ ਪਹਿਲਾ ਇਹ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ, ਪਰ ਕਤਲ ਦਾ ਮਾਮਲਾ ਪਹਿਲੀ ਵਾਰੀ ਦਰਜ ਕੀਤਾ ਗਿਆ ਹੈ। ਇੱਕ ਪ੍ਰੈੱਸ ਕਾਨਫਰੰਸ ਵਿੱਚ ਵੀਰਵਾਰ ਸਵੇਰੇ, ਹੋਮੀਸਾਈਡ ਸਟਾਫ ਇੰਸਪੈਕਟਰ ਗ੍ਰੈੱਗ ਮੈਕਲੇਨ ਨੇ ਆਖਿਆ ਕਿ ਡੈਨਜਿਗ ਸਬੰਧੀ ਜਾਂਚ ਅਜੇ ਮੁੱਕੀ ਨਹੀਂ ਹੈ ਤੇ ਅਜੇ ਹੋਰ ਮਾਮਲੇ ਦਰਜ ਕੀਤੇ ਜਾ ਸਕਦੇ ਹਨ।