ਟੋਰਾਂਟੋ ਦੇ ਵਿਦਿਆਰਥੀ ਰੈਜ਼ੀਡੈਂਸਿਜ਼ ਵਿੱਚ ਪਨਾਹ ਲਈ ਬੈਠੇ ਰਫਿਊਜੀਆਂ ਉੱਤੇ ਲਟਕੀ ਤਲਵਾਰ

ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ) : ਗਰਮੀਆਂ ਦੀ ਇੱਕ ਦੁਪਹਿਰ ਨੂੰ ਟੋਰਾਂਟੋ ਦੇ ਇੱਕ ਪੂਰਬੀ ਵਿਦਿਆਰਥੀ ਰੈਜ਼ੀਡੈਂਸ ਵਿੱਚ ਆਮ ਤੌਰ ਉੱਤੇ ਖਾਲੀ ਪਏ ਹਾਲਜ਼ ਵਿੱਚ ਹੁਣ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦਿੰਦੀਆਂ ਹਨ।
ਸੈਂਟੇਨੀਅਲ ਕਾਲਜ ਦੀ 54 ਬੈੱਡਰੂਮ ਵਾਲੀ ਡੌਰਮਿਟਰੀਜ਼ ਹੁਣ 344 ਪਨਾਹ ਹਾਸਲ ਕਰਨ ਵਾਲਿਆਂ, ਜਿਨ੍ਹਾਂ ਵਿੱਚ 96 ਪਰਿਵਾਰ ਸ਼ਾਮਲ ਸਨ, ਲਈ ਆਰਜ਼ੀ ਘਰ ਹੈ। ਸੈਂਕੜੇ ਹੋਰਨਾਂ ਨੂੰ ਵੀ ਇੱਕ ਹੋਰ ਵਿਦਿਆਰਥੀ ਰੈਜ਼ੀਡੈਂਸ ਵਿੱਚ ਰੱਖਿਆ ਗਿਆ ਹੈ। ਪਰ ਨਵਾਂ ਸਕੂਲ ਵਰ੍ਹਾ ਸ਼ੁਰੂ ਹੋਣ ਵਿੱਚ ਹੁਣ ਜਦੋਂ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਸਥਾਈ ਘਰ ਲੱਭਣ ਲਈ ਰਫਿਊਜੀ ਦਾਅਵੇਦਾਰਾਂ ਲਈ ਸਮਾਂ ਹੱਥ ਵਿੱਚੋਂ ਰੇਤ ਵਾਂਗੂ ਕਿਰਦਾ ਜਾ ਰਿਹਾ ਹੈ।
ਪਿਛਲੇ ਕੁੱਝ ਹਫਤਿਆਂ ਵਿੱਚ ਇਸ ਬਾਬਤ ਸਿਆਸੀ ਗੱਲਬਾਤ ਲਈ 9 ਅਗਸਤ ਡੈੱਡਲਾਈਨ ਹੈ। ਓਨਟਾਰੀਓ ਸਰਕਾਰ ਵੀ ਇਹ ਸਾਫ ਕਰ ਚੁੱਕੀ ਹੈ ਕਿ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਪ੍ਰੋਵਿੰਸ ਨੂੰ ਇਸ ਸਬੰਧ ਵਿੱਚ ਸੰਕਟ ਦਾ ਸਾਹਮਣਾ ਕਰਨਾ ਹੋਵੇਗਾ। ਕੁੱਝ ਰਫਿਊਜੀਆਂ ਦਾ ਕਹਿਣਾ ਹੈ ਕਿ ਉਹ ਜੋ ਕੁੱਝ ਪਿੱਛੇ ਛੱਡ ਆਏ ਹਨ ਉਸ ਨਾਲੋਂ ਕੁੱਝ ਹੋਣਾ ਤਾਂ ਇੱਥੇ ਕਾਫੀ ਦੇ ਬਰਾਬਰ ਹੈ।
ਇੱਕ ਨਾਈਜੀਰੀਆਈ ਜੋੜੇ ਨੇ ਦੱਸਿਆ ਕਿ ਬੋਕੋ ਹਰਾਮ ਨਾਂ ਦੇ ਅੱਤਵਾਦੀ ਗਰੁੱਪ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਮਾਰਚ ਵਿੱਚ ਉਹ ਆਪਣਾ ਘਰ ਛੱਡ ਕੇ ਇੱਧਰ ਆ ਗਏ। ਉਨ੍ਹਾਂ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦਿੱਤੀਆਂ ਤੇ ਆਪਣੀ 2 ਸਾਲਾਂ ਦੀ ਬੇਟੀ ਨਾਲ ਓਰਲੈਂਡੋ, ਫਲੋਰਿਡਾ ਲੈ ਗਏ। ਪਰ ਉੱਥੋਂ ਦੀ ਆਬੋ ਹਵਾ ਵਿੱਚ ਇਮੀਗ੍ਰੈਂਟਸ ਵਿਰੋਧੀ ਹਵਾ ਵੇਖ ਕੇ ਉਨ੍ਹਾਂ ਨੂੰ ਬਹੁਤ ਅਸਹਿਜ ਲੱਗਿਆ ਤੇ ਫਿਰ ਉਹ ਕੈਨੇਡਾ ਦੇ ਉੱਤਰ ਵਿੱਚ ਆ ਗਏ।
ਮਹਿਲਾ ਨੇ ਆਖਿਆ ਕਿ ਸਾਨੂੰ ਇੰਜ ਮਹਿਸੂਸ ਹੋਇਆ ਕਿ ਟਰੰਪ ਨੂੰ ਇਮੀਗ੍ਰੈਂਟਸ ਨਹੀਂ ਚਾਹੀਦੇ। ਉਸ ਦੇ ਪਤੀ ਨੇ ਆਖਿਆ ਕਿ ਫਿਰ ਅਸੀਂ ਕੈਨੇਡਾ ਬਾਰੇ ਵੇਖਿਆ ਕਿ ਇੱਥੇ ਇਮੀਗ੍ਰੈਂਟਸ ਨੂੰ ਸਵੀਕਾਰਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਫਲੋਰਿਡਾ ਤੋਂ ਨਿਊ ਯੌਰਕ ਆਏ ਤੇ ਬੱਸ ਰਾਹੀਂ ਮਾਂਟਰੀਅਲ ਆ ਗਏ। ਪਨਾਹ ਹਾਸਲ ਕਰਨ ਦੇ ਬਹੁਤੇ ਚਾਹਵਾਨਾਂ ਦੀ ਕਹਾਣੀ ਵੀ ਇਸ ਦੇ ਨਾਲ ਹੀ ਮਿਲਦੀ ਜੁਲਦੀ ਹੈ। ਬੀਤੀ ਜੂਨ ਦੇ ਅਖੀਰ ਤੱਕ ਸੈਲਟਰ ਸਿਸਟਮ ਵਿੱਚ 3,304 ਰਫਿਊਜੀ ਦਾਅਵੇਦਾਰ ਸਨ।
ਇਸ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਿਟੀ,ਬਿਨਾਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਵਿੱਤੀ ਮਦਦ ਤੋਂ ਬਿਨਾ ਹੋਰ ਰਫਿਊਜੀਜ਼ ਨੂੰ ਪਨਾਹ ਨਹੀਂ ਦੇ ਸਕਦੀ।