ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਮਿਲੇ ਬਣਾਉਟੀ ਬੰਬ ਦੀ ਅਮਰੀਕੀ ਅਧਿਕਾਰੀਆਂ ਨੇ ਪੋਸਟ ਕੀਤੀ ਤਸਵੀਰ

bombਟੋਰਾਂਟੋ, 17 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੇ ਕਸਟਮ ਅਧਿਕਾਰੀਆਂ ਨੇ ਬਣਾਉਟੀ ਆਈਈਡੀ ਜਾਂ ਅਤਿਆਧੁਨਿਕ ਧਮਾਕਾਖੇਜ਼ ਯੰਤਰ ਦੀ ਫੋਟੋ ਜਾਰੀ ਕੀਤੀ ਹੈ, ਉਨ੍ਹਾਂ ਅਨੁਸਾਰ ਇਹ ਯੰਤਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਯਾਤਰੀ ਦੇ ਸੂਟਕੇਸ ਵਿੱਚੋਂ ਬਰਾਮਦ ਹੋਇਆ ਸੀ।
ਸੋਮਵਾਰ ਨੂੰ ਅਮਰੀਕਾ ਦੇ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਇੱਕ ਫੋਟੋ ਟਵੀਟ ਕੀਤੀ, ਜੋ ਕਿ ਉਸ ਯੰਤਰ ਦੀ ਸੀ ਜਿਸ ਵਿੱਚ ਬੈਟਰੀਆਂ, ਸਰਕਟ, ਵਾਇਰ ਤੇ ਡਿਜੀਟਲ ਕਲਾਕ ਆਦਿ ਲੱਗਿਆ ਹੋਇਆ ਸੀ। ਇਹ ਯੰਤਰ ਅਤਿਆਧੁਨਿਕ ਧਮਾਕਾਖੇਜ਼ ਯੰਤਰ ਵਰਗਾ ਲੱਗ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯੰਤਰ ਇੱਕ ਅਮਰੀਕੀ ਵਿਅਕਤੀ ਜੋਸਫ ਗਾਲਾਸਕਾ ਦੇ ਸੂਟਕੇਸ ਵਿੱਚੋਂ ਬਰਾਮਦ ਹੋਇਆ। ਇਹ ਵਿਅਕਤੀ 6 ਅਪਰੈਲ ਨੂੰ ਟੋਰਾਂਟੋ ਤੋਂ ਸਿ਼ਕਾਗੋ ਜਾਣ ਵਾਲੇ ਜਹਾਜ਼ ਵਿੱਚ ਚੜ੍ਹਨ ਦੀ ਕੋਸਿ਼ਸ਼ ਕਰ ਰਿਹਾ ਸੀ।
ਪੀਲ ਰੀਜਨਲ ਪੁਲਿਸ ਦੀ ਧਮਾਕਾਖੇਜ਼ ਯੰਤਰ ਨੂੰ ਨਕਾਰਾ ਕਰਨ ਵਾਲੀ ਯੂਨਿਟ ਨੂੰ ਇਸ ਯੰਤਰ ਦੀ ਜਾਂਚ ਕਰਨ ਲਈ ਸੱਦਿਆ ਗਿਆ ਤੇ ਉਨ੍ਹਾਂ ਨੇ ਹੀ ਇਸ ਦੀ ਪੁਸ਼ਟੀ ਕੀਤੀ ਕਿ ਇਹ ਕੋਈ ਧਮਾਕਾਖੇਜ਼ ਯੰਤਰ ਨਹੀਂ ਹੈ। ਫਿਰ ਵੀ ਇਹ ਯੰਤਰ ਮਿਲਣ ਤੋਂ ਬਾਅਦ ਅਮਰੀਕਾ ਦੇ ਕਸਟਮ ਅਧਿਕਾਰੀਆਂ ਨੇ ਜਾਂਚ ਸੁ਼ਰੂ ਕੀਤੀ। ਇਸ ਤਹਿਤ ਉਨ੍ਹਾਂ ਸਾਰੇ ਜਹਾਜ਼ ਦੀ ਜਾਂਚ ਕੀਤੀ ਤੇ ਸਾਰੇ ਯਾਤਰੀਆਂ ਦੇ ਸਮਾਨ ਨੂੰ ਵੀ ਜਾਂਚਿਆ।
ਇਸ ਘਟਨਾ ਕਾਰਨ ਚਾਰ ਘੰਟੇ ਤੱਕ ਉਡਾਨ ਵਿੱਚ ਵੀ ਦੇਰ ਹੋਈ ਤੇ ਕਈ ਯਾਤਰੀਆਂ ਦੀਆਂ ਅਗਲੀਆਂ ਉਡਾਨਾਂ ਵੀ ਛੁੱਟ ਗਈਆਂ। ਪਰ ਗਾਲਾਸਕਾ ਨੂੰ ਏਅਰਪੋਰਟ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਸ਼ਰਾਰਤ ਦੇ ਦੋਸ਼ ਤਹਿਤ ਚਾਰਜ ਕੀਤਾ ਗਿਆ। ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਤੇ ਉਹ ਮਿਲਵਾਕੀ ਪਰਤ ਗਿਆ। ਗਾਲਾਸਕਾ ਦੀ ਪਤਨੀ ਨੇ ਬਾਅਦ ਵਿੱਚ ਇੱਕ ਸਥਾਨਕ ਟੀਵੀ ਸਟੇਸ਼ਨ ਨੂੰ ਦੱਸਿਆ ਕਿ ਇਹ ਘਟਨਾ ਕਿਸੇ ਗਲਤਫਹਿਮੀ ਦਾ ਨਤੀਜਾ ਸੀ ਜਦਕਿ ਉਹ ਯੰਤਰ ਕੋਈ ਬਣਾਉਟੀ ਬੰਬ ਨਹੀਂ ਸਗੋਂ ਘਰ ਵਿੱਚ ਤਿਆਰ ਕੀਤਾ ਗਿਆ ਅਲਾਰਮ ਕਲਾਕ ਸੀ।