ਟੋਰਾਂਟੋ ਦੇ ਡਾਊਨਟਾਊਨ ਹਲਕਿਆਂ ਵਿੱਚ ਐਨਡੀਪੀ ਹਾਸਲ ਕਰ ਸਕਦੀ ਹੈ ਹੂੰਝਾ ਫੇਰੂ ਜਿੱਤ!


ਓਨਟਾਰੀਓ, 3 ਜੂਨ (ਪੋਸਟ ਬਿਊਰੋ) : ਓਪੀਨੀਅਨ ਪੋਲਜ਼ ਤੋਂ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਇਸ ਵਾਰੀ ਮੁਕਾਬਲਾ ਤਿਕੋਣਾਂ ਨਹੀਂ ਸਗੋਂ ਐਨਡੀਪੀ ਤੇ ਪੀਸੀ ਪਾਰਟੀਆਂ ਵਿਚਾਲੇ ਹੀ ਹੋਵੇਗਾ। ਇਨ੍ਹਾਂ ਪੋਲਜ਼ ਤੋਂ ਸਾਹਮਣੇ ਆਇਆ ਹੈ ਕਿ ਐਨਡੀਪੀ ਇਸ ਸਮੇਂ ਲੀਡ ਲੈ ਚੁੱਕੀ ਹੈ ਤੇ ਪੀਸੀ ਪਾਰਟੀ ਇਸ ਤੋਂ ਦੋ ਕਦਮ ਪਿੱਛੇ ਚੱਲ ਰਹੀ ਹੈ ਜਦਕਿ ਕੈਥਲੀਨ ਵਿੰਨ ਦੀ ਅਗਵਾਈ ਵਾਲੇ ਲਿਬਰਲ ਆਪਣਾ ਅਧਾਰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
ਇੱਕ ਦਹਾਕੇ ਤੱਕ ਪਾਰਕਡੇਲ-ਹਾਈ ਪਾਰਕ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਡੀਨੋਵੋ, ਜੋ ਟ੍ਰਿਨਿਟੀ ਸੇਂਟ ਪਾਲਜ਼ ਸੈਂਟਰ ਫੌਰ ਫੇਥ, ਜਸਟਿਸ ਐਂਡ ਦ ਆਰਟਸ ਵਿੱਚ ਮਨਿਸਟਰ ਬਣਨ ਲਈ ਸਿਆਸਤ ਨੂੰ ਅਲਵਿਦਾ ਆਖ ਚੁੱਕੀ ਹੈ, ਦਾ ਕਹਿਣਾ ਹੈ ਕਿ ਡਾਊਨਟਾਊਨ ਟੋਰਾਂਟੋ ਵਿੱਚ ਐਨਡੀਪੀ ਦੀ ਹੂੰਝਾ ਫੇਰੂ ਜਿੱਤ ਹੋਵੇਗੀ। ਪੋਲਸਟਰਜ਼ ਤੇ ਹੋਰਨਾਂ ਮਾਹਿਰਾਂ ਨੂੰ ਭਾਵੇਂ ਇਸ ਗੱਲ ਉੱਤੇ ਓਨਾ ਭਰੋਸਾ ਨਹੀਂ ਹੈ ਪਰ ਕਿਸੇ ਹੱਦ ਤੱਕ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਵਾਰੀ ਡਾਊਨਟਾਊਨ ਵਿੱਚ ਐਨਡੀਪੀ ਦਾ ਦਬਦਬਾ ਕਾਇਮ ਹੋ ਸਕਦਾ ਹੈ। ਇੱਥੋਂ ਤੱਕ ਕਿ ਲੰਮੇਂ ਸਮੇਂ ਤੋਂ ਲਿਬਰਲਾਂ ਦੇ ਹੱਥ ਵਿੱਚ ਰਹੇ ਇਲਾਕੇ ਵੀ ਐਨਡੀਪੀ ਦੀ ਝੋਲੀ ਪੈ ਸਕਦੇ ਹਨ।
ਵਿਲਫਰਿਡ ਲੌਰੀਅਰ ਯੂਨੀਵਰਸਿਟੀ ਵਿੱਚ ਪੁਲਿਟਿਕਲ ਸਾਇੰਸ ਦੇ ਐਸੋਸਿਏਟ ਪ੍ਰੋਫੈਸਰ ਬੈਰੀ ਕੇਅ ਦਾ ਕਹਿਣਾ ਹੈ ਕਿ ਹੁਣ ਇੰਜ ਨਹੀਂ ਲੱਗਦਾ ਕਿ ਲਿਬਰਲਾਂ ਲਈ ਕੁੱਝ ਪੱਕੀਆਂ ਸੀਟਾਂ ਬਚੀਆਂ ਹਨ। ਸੀਨੀਅਰ ਚੋਣ ਵਿਸ਼ਲੇਸ਼ਕ ਰਹੇ ਕੇਅ ਦੀ ਮੌਜੂਦਾ ਪੇਸ਼ੀਨਿਗੋਈ ਅਨੁਸਾਰ ਅੱਠ ਵਿੱਚੋਂ ਪੰਜ ਡਾਊਨਟਾਊਨ ਹਲਕਿਆਂ ਉੱਤੇ ਐਨਡੀਪੀ ਦੀ ਪਕੜ ਮਜ਼ਬੂਤ ਹੋ ਚੁੱਕੀ ਹੈ। ਜਦਕਿ ਤਿੰਨ ਹਲਕਿਆਂ ਤੋਂ ਲਿਬਰਲਾਂ ਦੇ ਜਿੱਤਣ ਦੀ ਹਲਕੀ ਜਿਹੀ ਉਮੀਦ ਹੈ।
ਕੇਅ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲਿਬਰਲਾਂ ਨੂੰ ਇਸ ਵਾਰੀ ਹਰ ਥਾਂ ਉੱਤੇ ਮਾਰ ਪਵੇਗੀ। ਉਨ੍ਹਾਂ ਆਖਿਆ ਕਿ ਇਹ ਵੀ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਤਿੰਨ ਹਲਕਿਆਂ ਵਿੱਚ ਵੀ ਸ਼ਾਇਦ ਐਨਡੀਪੀ ਪੱਖੀ ਹਵਾ ਤੇਜ਼ ਹੋ ਜਾਵੇ ਤੇ ਨਤੀਜਿਆਂ ਉੱਤੇ ਅਸਰ ਪਾਵੇ। ਲਿਬਰਲਾਂ ਤੋਂ ਇਸ ਵਾਰੀ ਜਿੱਤ ਦੂਰ ਹੋ ਰਹੀ ਹੈ। ਕੇਅ ਨੇ ਆਖਿਆ ਕਿ ਇਸ ਸਮੇਂ ਅਰਬਨ ਹਲਕਿਆਂ ਵਿੱਚ ਫੋਰਡ ਦੇ ਖਿਲਾਫ ਬਣੀ ਵਿਚਾਰਧਾਰਾ ਤੋਂ ਵੀ ਐਨਡੀਪੀ ਨੂੰ ਹੀ ਫਾਇਦਾ ਹੋਵੇਗਾ। ਜਿਹੜੇ ਲੋਕ ਅਤੀਤ ਵਿੱਚ ਲਿਬਰਲਾਂ ਨੂੰ ਵੋਟ ਕਰਦੇ ਰਹੇ ਹਨ, ਹੁਣ ਫੋਰਡ ਸਰਕਾਰ ਜਾਂ ਫੋਰਡ ਨੂੰ ਮਿਲਣ ਵਾਲੀ ਮੈਜੌਰਿਟੀ ਨੂੰ ਲੈ ਕੇ ਚਿੰਤਤ ਹਨ। ਇਸ ਲਈ ਉਨ੍ਹਾਂ ਦੀ ਵੋਟ ਵੀ ਐਨਡੀਪੀ ਨੂੰ ਜਾ ਸਕਦੀ ਹੈ।