ਟੋਰਾਂਟੋ ਦੇ ਐਲੇਵੇਅ ਤੋਂ ਮਿਲੀ ਲਾਸ਼

3
ਟੋਰਾਂਟੋ, 10 ਅਗਸਤ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਮਗਰੋਂ ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿਅਕਤੀ ਦੀ ਉਮਰ 35 ਸਾਲ ਦੇ ਲੱਗਭਗ ਦੱਸੀ ਜਾਂਦੀ ਹੈ। ਸਥਾਨਕ ਸਮੇਂ ਅਨੁਸਾਰ ਲਾਸ਼ ਸਵੇਰੇ 7:00 ਵਜੇ ਵੁੱਡਬਾਈਨ ਐਵਨਿਊ ਤੇ ਗੇਰਾਰਡ ਸਟਰੀਟ ਨੇੜੇ ਐਲੇਵੇਅ ਤੋਂ ਮਿਲੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਜਾਂਚਕਾਰਾਂ ਵੱਲੋਂ ਫੋਟੋਆਂ ਆਦਿ ਲੈਣ ਤੇ ਸਬੂਤ ਇੱਕਠੇ ਕਰਨ ਲਈ ਇਸ ਥਾਂ ਨੂੰ ਟੇਪ ਲਾ ਕੇ 12 ਘੰਟੇ ਤੱਕ ਬੰਦ ਰੱਖਿਆ ਗਿਆ।
ਕਾਂਸਟੇਬਲ ਕੈਰੋਲੀਨ ਡੀ ਕਲੋਇਟ ਨੇ ਦੱਸਿਆ ਕਿ ਪੁਲਿਸ ਨੇ ਅਸਲ ਵਿੱਚ ਲਾਸ਼ ਦੇ ਆਲੇ ਦੁਆਲੇ ਦੂਰ ਤੱਕ ਦੇ ਇਲਾਕੇ ਨੂੰ ਸੀਲ ਕਰ ਲਿਆ ਸੀ ਤਾਂ ਕਿ ਕੋਈ ਵੀ ਸਬੂਤ ਨਜ਼ਰਾਂ ਵਿੱਚ ਆਉਣ ਤੋਂ ਰਹਿ ਨਾ ਜਾਵੇ। ਅਜੇ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਲੇਨਵੇਅ ਵਿੱਚ ਲਾਸ਼ ਕਿੰਨੇ ਸਮੇਂ ਤੋਂ ਪਈ ਸੀ। ਪੁਲਿਸ ਨੇ ਆਖਿਆ ਕਿ ਉਹ ਅਜੇ ਵੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਪੁਲਿਸ ਨੂੰ ਵੀਰਵਾਰ ਨੂੰ ਪੋਸਟ ਮਾਰਟਮ ਦੇ ਨਤੀਜੇ ਮਿਲਣ ਦੀ ਉਮੀਦ ਹੈ।