ਟੋਇਟਾ ਕੰਪਨੀ 29 ਲੱਖ ਵਾਹਨਾਂ ਨੂੰ ਰੀ-ਕਾਲ ਕਰੇਗੀ

toyota
ਟੋਕੀਓ, 31 ਮਾਰਚ (ਪੋਸਟ ਬਿਊਰੋ)- ਲਗਜ਼ਰੀ ਕਾਰਾਂ ਦੀ ਜਾਪਾਨੀ ਕੰਪਨੀ ਟੋਇਟਾ ਮੋਟਰ ਕਾਰਪ ਏਅਰਬੈਗ ਦੀ ਖਰਾਬੀ ਦੇ ਕਾਰਨ ਆਪਣੇ 29 ਲੱਖ ਵਾਹਨਾਂ ਨੂੰ ਰੀ ਕਾਲ ਕਰ ਰਹੀ ਹੈ। ਟੋਇਟਾ ਨੇ ਦੱਸਿਆ ਕਿ ਇਨ੍ਹਾਂ 29 ਲੱਖ ਵਾਹਨਾਂ ‘ਚੋਂ 11.60 ਲੱਖ ਓਸ਼ਨੀਆ ਖੇਤਰ ਤੇ ਪੱਛਮ ਏਸ਼ੀਆ ਤੇ ਲਗਭਗ 7.5 ਲੱਖ ਵਾਹਨ ਜਾਪਾਨ ਵਿੱਚ ਵਿਕੇ ਹਨ। ਉੱਤਰੀ ਅਮਰੀਕਾ ਵਿੱਚ ਵਿਕੇ ਵਾਹਨਾਂ ਨੂੰ ਕੰਪਨੀ ਨੇ ਵਾਪਸ ਨਹੀਂ ਮੰਗਵਾਇਆ ਹੈ।
ਕੰਪਨੀ ਨੇ ਦੱਸਿਆ ਕਿ ਉਹ ਏਅਰਬੈਗ ਦੀ ਖਰਾਬੀ ਕਾਰਨ ਜਾਪਾਨ, ਚੀਨ ਅਤੇ ਹੋਰ ਖੇਤਰਾਂ ਵਿੱਚ ਵਿਕੇ ਆਪਣੇ 29 ਲੱਖ ਵਾਹਨਾਂ ਨੂੰ ਰੀ-ਕਾਲ ਕਰ ਰਹੀ ਹੈ। ਕੰਪਨੀ ਵੱਲੋਂ ਵਾਪਸ ਮੰਗਵਾਏ ਜਾਣ ਵਾਲੇ ਵਾਹਨਾਂ ਵਿੱਚ ਕੋਰੋਲਾ ਐਕਸਿਓ ਸੇਡਾਨ ਅਤੇ ਆਰ ਏ ਵੀ ਚਾਰ ਐੱਸ ਯੂ ਵੀ ਕ੍ਰਾਸਓਵਰ ਸ਼ਾਮਲ ਹਨ। ਇਨ੍ਹਾਂ ਵਾਹਨਾਂ ਵਿੱਚ ਟਕਾਟਾ ਕਾਰਪ ਦੇ ਏਅਰਬੈਗ ਲਾਏ ਗਏ ਸਨ ਤੇ ਟਕਾਟਾ ਦੇ ਏਅਰਬੈਗ ਆਪਣੇ ਵਾਹਨਾਂ ਵਿੱਚ ਲਾਉਣ ਵਾਲੀਆਂ ਹੋਰ ਕੰਪਨੀਆਂ ਜਿਵੇਂ ਮਿਤਸ਼ੁਬਿਸ਼ੀ ਮੋਟਰ ਕਾਰਪ, ਟਰੱਕ ਨਿਰਮਾਤਾ ਕੰਪਨੀ ਹੀਨੋ ਮੋਟਰਸ ਅਤੇ ਸੁਬਾਰੂ ਕਾਰ ਬਣਾਉਣ ਵਾਲੀ ਕੰਪਨੀ ਫੁਜੀ ਹੈਵੀ ਇੰਡਸਟਰੀਜ਼ ਨੇ ਵੀ ਘਰੇਲੂ ਬਾਜ਼ਾਰ ਵਿੱਚ ਵਿਕੇ ਆਪਣੇ 2,40,000 ਵਾਹਨਾਂ ਨੂੰ ਵਾਪਸ ਮੰਗਵਾਇਆ ਹੈ। ਟਾਕਾਟਾ ਦੇ ਏਅਰਬੈਗ ਵਿੱਚ ਗਰਮੀ ਵਿੱਚ ਜ਼ਿਆਦਾ ਦੇਰ ਰਹਿਣ ਨਾਲਾ ਧਮਾਕਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਧਮਾਕਿਆਂ ਵਿੱਚ ਹੁਣ ਤੱਕ ਘੱਟ ਤੋਂ ਘੱਟ 16 ਲੋਕ ਜਾਨ ਗੁਆ ਚੁੱਕੇ ਹਨ। ਇਹ ਮੌਤਾਂ ਖਾਸ ਕਰ ਕੇ ਅਮਰੀਕਾ ਵਿੱਚ ਹੋਈਆਂ ਹਨ, ਜਿਸ ਤੋਂ ਬਾਅਦ ਮਚੇ ਹੰਗਾਮੇ ਕਾਰਨ ਟੋਇਟਾ ਨੂੰ ਆਪਣੇ ਵਾਪਸ ਮੰਗਵਾਉਣ ‘ਤੇ ਮਜਬੂਰ ਹੋਣਾ ਪਿਆ। ਟ੍ਰਾਂਸਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਕਾਟਾ ਦੇ ਏਅਰਬੈਗ ਵਿੱਚ ਭਰਿਆ ਰਸਾਇਣਕ ਤੱਤ ਅਮੋਨੀਅਮ ਨਾਈਟ੍ਰੇਟ ਜੇ ਕਿਸੇ ਡਰਾਇੰਗ ਏਜੰਟ ਤੋਂ ਬਿਨਾਂ ਹੈ ਤਾਂ ਇਹ ਸੁਰੱਖਿਅਤ ਨਹੀਂ ਹੁੰਦਾ ਹੈ ਅਤੇ ਇਸ ਆਧਾਰ ਉੱਤੇ ਉਨ੍ਹਾਂ ਨੇ ਬਾਜ਼ਾਰ ਵਿੱਚ ਵਿਕੇ ਲਗਭਗ 10 ਕਰੋੜ ਟਕਾਟਾ ਏਅਰਬੈਗ ਨੂੰ ਵਾਪਸ ਮੰਗਵਾਉਣ ਦਾ ਪਿਛਲੇ ਸਾਲ ਹੁਕਮ ਦਿੱਤਾ ਸੀ।