ਟੈਲੇਂਟ ਹੋਣਾ ਜ਼ਰੂਰੀ : ਰਿਤਿਕ ਰੋਸ਼ਨ


ਰਿਤਿਕ ਰੋਸ਼ਨ ਦੀ ‘ਸੁਪਰ 30’ ਪਟਨਾ ਦੇ ਮਸ਼ਹੂਰ ਗਣਿਤ ਦੇ ਮਾਹਰ ਆਨੰਦ ਕੁਮਾਰ ‘ਤੇ ਆਧਾਰਤ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਬਾਇਓਪਿਕ ਹੈ, ਜੋ 23 ਨਵੰਬਰ ਨੂੰ ਰਿਲੀਜ਼ ਹੋ ਕੇ ਸ਼ਾਇਦ ਇਸ ਸਾਲ ਉਨ੍ਹਾਂ ਦੀ ਸਿਰਫ ਇੱਕੋ-ਇੱਕ ਰਿਲੀਜ਼ ਹੋਵੇਗੀ। ਵਿਕਾਸ ਬਹਿਲ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ, ਫਿਲਮ ਲਈ 30 ਅਜਿਹੇ ਬਿਹਾਰੀ ਕਲਾਕਾਰਾਂ ਦੀ ਤਲਾਸ਼ ਕਰ ਰਹੇ ਹਨ, ਜੋ ਆਨੰਦ ਕੁਮਾਰ ਦੇ ਸਟੂਡੈਂਟਸ ਦਾ ਕਿਰਦਾਰ ਨਿਭਾ ਸਕਣ। ਅਪ੍ਰੈਲ ਤੋਂ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਕਰਣ ਜੌਹਰ, ਰਿਤਿਕ ਰੋਸ਼ਨ ਦੇ ਨਾਲ ‘ਅਗਨੀਪਥ’ ਤੇ ‘ਕਭੀ ਖੁਸ਼ੀ ਕਭੀ ਗਮ’ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਰਿਤਿਕ ਰੋਸ਼ਨ, ਸਿਧਾਰਥ ਆਨੰਦ ਦੀ ਫਿਲਮ ਵਿੱਚ ਵਾਣੀ ਕਪੂਰ ਅਤੇ ਟਾਈਗਰ ਸ਼ਰਾਫ ਦੇ ਆਪੋਜ਼ਿਟ ਕੰਮ ਕਰਨਗੇ। ਪੇਸ਼ ਹਨ ਰਿਤਿਕ ਰੋਸ਼ਨ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਮ ਇੰਡਸਟਰੀ ਵਿੱਚ ਪਹਿਲੇ ਨੰਬਰ ‘ਤੇ ਤਿੰਨੇ ਖਾਨ ਹਨ। ਉਸ ਦੇ ਬਾਅਦ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਿਤਾਰਿਆਂ ਵਿੱਚ ਤੁਹਾਡੀ ਗਿਣਤੀ ਕਿਤੇ ਨਹੀਂ ਹੁੰਦੀ। ਤੁਸੀਂ ਇਸ ਮੁਕਾਬਲੇਬਾਜ਼ੀ ਵਿੱਚ ਖੁਦ ਨੂੰ ਕਿਥੇ ਦੇਖਦੇ ਹੋ?
– ਆਪਣੀ ਜਗ੍ਹਾ ਬਣਾਉਣ ਲਈ ਮੁਕਾਬਲਾ ਹਰ ਜਗ੍ਹਾ ਹੈ, ਪਰ ਇੱਕ ਲੰਬੇ ਸਮੇਂ ਤੱਕ ਤੁਸੀਂ ਚਲਦੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਟੈਲੇਂਟ ਹੋਣਾ ਜ਼ਰੂਰੀ ਹੈ। ਮੈਂ ਮੁਕਾਬਲੇਬਾਜ਼ੀ ਵਿੱਚ ਯਕੀਨ ਨਹੀਂ ਕਰਦਾ, ਬਲਕਿ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰ ਸਕਾਂ, ਮੇਰਾ ਸਾਰਾ ਧਿਆਨ ਇਸੇ ‘ਤੇ ਰਹਿੰਦਾ ਹੈ। ਜੇ ਤੁਹਾਡੇ ਕੋਲ ਟੈਲੇਂਟ ਨਹੀਂ ਤਾਂ ਤੁਸੀਂ ਆਪਣਾ ਕੰਮ ਠੀਕ ਨਹੀਂ ਕਰ ਪਾਉਂਦੇ ਤਾਂ ਤੁਹਾਡਾ ਜ਼ਿਆਦਾ ਸਮੇਂ ਤੱਕ ਇਥੇ ਟਿਕ ਸਕਣਾ ਮੁਸ਼ਕਲ ਹੈ।
* ਤੁਸੀਂ ਆਪਣੇ ਟੀਚੇ ਅਤੇ ਮਿਸ਼ਨ ਨੂੰ ਕਿੰਨੇ ਕਲੀਅਰ ਹੋ?
– ਮੁਕਾਬਲੇ ਦੀ ਲੜਾਈ ਦੇ ਇਸ ਦੌਰ ਵਿੱਚ ਹਰ ਕਿਸੇ ਨੂੰ ਆਪਣੇ ਟੀਚੇ ਅਤੇ ਮਿਸ਼ਨ ਨੂੰ ਲੈ ਕੇ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ। ਜੇ ਤੁਹਾਡੇ ਕੋਲ ਇਹ ਸਭ ਕੁਝ ਨਹੀਂ ਤਾਂ ਯਕੀਨਨ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ। ਇਸ ਦੇ ਨਾਲ ਇੱਕ ਐਕਟਰ ਨੂੰ ਹਮੇਸ਼ਾ ਇਹ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਹ ਕਦੇ ਆਪਣੀ ਕਲਾ ਤੋਂ ਉਪਰ ਨਹੀਂ ਹੋ ਸਕਦਾ, ਇਸ ਲਈ ਉਸ ਵਿੱਚ ਸਿੱਖਦੇ ਰਹਿਣ ਦੀ ਇੱਛਾ ਵੀ ਹੋਣਾ ਚਾਹੀਦਾ ਹੈ।
* ਇਸ ਇੰਡਸਟਰੀ ਵਿੱਚ ਤੁਹਾਨੂੰ 18 ਸਾਲ ਹੋ ਚੁੱਕੇ ਹਨ ਅਤੇ ਤੁਸੀਂ ਤੀਹ ਤੋਂ ਵੱਧ ਫਿਲਮਾਂ ਕਰ ਚੁੱਕੇ ਹੋ। ਆਪਣੇ ਤਜਰਬੇ ਦੇ ਆਧਾਰ ‘ਤੇ ਤੁਸੀਂ ਕੀ ਸਬਕ ਸਿਖਿਆ ਹੈ?
– ਜੀਵਨ ਵਿੱਚ ਮੇਰਾ ਸਬਕ ਇਹੀ ਹੈ ਕਿ ਸਾਨੂੰ ਆਪਣੇ ਹੁਨਰ ‘ਤੇ ਮਾਣ ਕਰਨਾ ਚਾਹੀਦਾ ਹੈ। ਅਸੀਂ ਸਭ ਐਕਟਰ ਇੱਕੋ ਜਿਹੇ ਹਾਂ, ਸਭ ਦਾ ਕੰਮ ਵੀ ਲਗਭਗ ਇੱਕੋ ਜਿਹਾ ਹੈ, ਪ੍ਰੰਤੂ ਸਾਡੀ ਸਭ ਤੋਂ ਵੱਡੀ ਸ਼ਕਤੀ ਸਾਡਾ ਅਨੋਖਾ ਹੋਣਾ ਹੈ। ਤੁਹਾਡੇ ਕੋਲ ਜੋ ਕੁਝ ਵੀ ਹੈ, ਉਸ ਤੋਂ ਤੁਸੀਂ ਭਾਵੇਂ ਸੰਤੁਸ਼ਟ ਨਾ ਹੋਵੋ, ਪਰ ਉਸ ਤੋਂ ਤੁਹਾਨੂੰ ਖੁਸ਼ ਰਹਿਣਾ ਚਾਹੀਦਾ ਹੈ।
* ਤੁਹਾਨੂੰ ਆਪਣੇ ਕਰੀਅਰ ਵਿੱਚ ‘ਫਿਜ਼ਾ’, ‘ਯਾਦੇਂ’ ਅਤੇ ਲਕਸ਼’ ਵਰਗੀਆਂ ਕੁਝ ਫਿਲਮਾਂ ਵਿੱਚ ਨਾਕਾਮੀ ਦਾ ਸਾਹਮਣਾ ਵੀ ਕਰਨਾ ਪਿਆ। ਤੁਸੀਂ ਆਪਣੀਆਂ ਨਾਕਾਮੀਆਂ ਤੋਂ ਕੀ ਸਬਕ ਸਿੱਖਿਆ?
– ਤੁਸੀਂ ਕਿਸੇ ਫਿਲਮ ਨੂੰ ਸਿਰਫ ਬਾਕਸ ਆਫਿਸ ਦੀ ਕਸੌਟੀ ‘ਤੇ ਨਹੀਂ ਤੋਲ ਸਕਦੇ। ‘ਫਿਜ਼ਾ’ ਜਾਂ ‘ਲਕਸ਼’ ਬੇਸ਼ੱਕ ਬਾਕਸ ਆਫਿਸ ‘ਤੇ ਨਹੀਂ ਚੱਲੀਆਂ, ਪਰ ਇਨ੍ਹਾਂ ਫਿਲਮਾਂ ਲਈ ਮੈਨੂੰ ਬੈਸਟ ਐਕਟਰ ਦੇ ਫਿਲਮਫੇਅਰ ਨਾਮੀਨੇਸ਼ਨ ਮਿਲੇ, ਇਸ ਲਈ ਤੁਸੀਂ ਇਹ ਬਿਲਕੁਲ ਨਹੀਂ ਕਹਿ ਸਕਦੇ ਕਿ ਮੈਂ ਇਨ੍ਹਾਂ ਵਿੱਚ ਕਿਤੇ ਖੁੰਝ ਗਿਆ ਸੀ। ਕੁਝ ਲੋਕ ‘ਗੁਜਾਰਿਸ਼’ ਨੂੰ ਮੇਰੇ ਕਰੀਅਰ ਦੀ ਵੱਡੀ ਫਲਾਪ ਫਿਲਮ ਮੰਨਦੇ ਹਨ, ਪਰੰਤੂ ਇਤਫਾਕ ਨਾਲ ਉਸ ਦੇ ਲਈ ਵੀ ਮੈਨੰ ਫਿਲਮਫੇਅਰ ਨਾਮੀਨੇਸ਼ਨ ਮਿਲਿਆ ਸੀ।
* ਫਿਰ ਤੁਸੀਂ ਆਪਣੀਆਂ ਕਿਹੜੀਆਂ ਫਿਲਮਾਂ ਨੂੰ ਨਾਕਾਮ ਮੰਨਦੇ ਹੋ?
– ਮੈਨੂੰ ਲੱਗਦਾ ਹੈ ਕਿ ‘ਕਾਈਟਸ’ ਅਤੇ ‘ਮੋਹਨਜੋਦੜੋ’ ਮੇਰੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਮੈਂ ਸਹੀ ਅਰਥਾਂ ਵਿੱਚ ਨਾਕਾਮ ਕਹਿ ਸਕਦਾ ਹਾਂ। ਇਨ੍ਹਾਂ ਦੇ ਇਲਾਵਾ ਮੈਂ ਕਈ ਵਾਰ ਐਂਡ ਆਫ ਦਿ ਰੋਡ ਵਾਲੇ ਮੋੜ ਤੱਕ ਪਹੁੰਚਿਆ ਹਾਂ, ਪਰ ਉਸ ਦੇ ਬਾਅਦ ਜਦ ਇੱਕ ਕਦਮ ਵਧਾਇਆ ਤਾਂ ਜ਼ਿੰਦਗੀ ਨੇ ਰਫਤਾਰ ਫੜ ਲਈ। ਇਸ ਲਈ ਮੈਨੂੰ ਲੱਗਦਾ ਹੈ ਕਿ ਸਭ ਕੁਝ ਤਦ ਤੱਕ ਖਤਮ ਨਹੀਂ ਹੁੰਦਾ, ਜਦ ਤੱਕ ਕਿ ਤੁਹਾਡੇ ਵਿੱਚ ਇੱਕ ਕਦਮ ਹੋਰ ਵਧਾਉਣ ਦੀ ਤਾਕਤ ਹੋਵੇ।
* ਹੋਮ ਪ੍ਰੋਡਕਸ਼ਨ ਦੀ ‘ਕ੍ਰਿਸ਼ 4’ ਨੂੰ ਕ੍ਰਿਸਮਸ 2020 ਤੱਕ ਰਿਲੀਜ਼ ਕੀਤੇ ਜਾਣ ਦਾ ਐਲਾਨ ਹੋਇਆ ਹੈ। ਆਖਰ ਇਸ ਨੂੰ ਇੰਨਾ ਲੇਟ ਕਰਨ ਦੀ ਵਜ੍ਹਾ ਕੀ ਹੈ?
– ਪਿਛਲੇ ਕੁਝ ਸਾਲਾਂ ਤੋਂ ਡੈਡ ਇਸ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਸਨ, ਜੋ ਹੁਣ ਜਾ ਕੇ ਪੂਰੀ ਹੋ ਸਕੀ ਹੈ। ਡੈਡ ਦੇ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖ ਹੈ। ਉਹ ਸਬਜੈਕਟ ਚੁਣਨ, ਕਹਾਣੀ ਅਤੇ ਉਸ ‘ਤੇ ਸਕ੍ਰਿਪਟ ਤਿਆਰ ਕਰਨ ਵਿੱਚ ਭਰਪੂਰ ਵਕਤ ਲੈਂਦੇ ਹਨ। ਮੈਨੂੰ ਲੱਗਦਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਵਾਂਗੇ ਤੇ ਫਿਲਮ ਆਪਣੇ ਤੈਅ ਸ਼ੁਦਾ ਯੋਜਨਾ ਦੇ ਅਨੁਸਾਰ ਰਿਲੀਜ਼ ਹੋ ਸਕੇਗੀ।
* ਪਿਛਲੇ ਸਾਲ ‘ਕਾਬਿਲ’ ਦੀ ਰਿਲੀਜ਼ ਦੇ ਬਾਅਦ ਕਿਹਾ ਜਾਣ ਲੱਗਾ ਸੀ ਕਿ ਤੁਸੀਂ ਕੈਮਰੇ ਦੇ ਪਿੱਛੇ ਜਾ ਕੇ ਪਿਤਾ ਦੀ ਤਰ੍ਹਾਂ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਵੀ ਨਜ਼ਰ ਆ ਸਕਦੇ ਹੋ?
– ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਨੂੰ ਐਕਟਿੰਗ ਨਾਲ ਪ੍ਰੇਮ ਹੈ, ਇਹ ਮੇਰਾ ਜਨੂਨ ਹੈ, ਪਰ ਹੋ ਸਕਦਾ ਹੈ ਕਿ ਕਦੇ ਮੈਨੂੰ ਲੱਗੇ ਕਿ ਇਹ ਕੈਮਰੇ ਦੇ ਪਿੱਛੇ ਜਾਣ ਦਾ ਸਹੀ ਸਮਾਂ ਹੈ ਤਾਂ ਮੈਂ ਇਸ ਰੂਪ ਵਿੱਚ ਵੀ ਦਰਸ਼ਕਾਂ ਦੇ ਸਾਹਮਣੇ ਆ ਸਕਦਾ ਹਾਂ। ਦਰਅਸਲ ਮੈਂ ਇੱਕ ਅਜਿਹਾ ਵਿਅਕਤੀ ਹਾਂ ਜਿਸ ਨੂੰ ਨਵੀਆਂ-ਨਵੀਆਂ ਚੁਣੌਤੀਆਂ ਪਸੰਦ ਆਉਂਦੀਆਂ ਰਹਿੰਦੀਆਂ ਹਨ।