ਟੈਨਸ਼ਨ

-ਕੰਵਲਜੀਤ ਸਿੰਘ ਢਿੱਲੋਂ
ਤਾਏ ਨਿਹਾਲੇ ਦਾ ਨਾਂਅ ਹੀ ਨਿਹਾਲਾ ਨਹੀਂ ਸੀ, ਸਗੋਂ ਉਹ ਗੱਲਾਂ ਹੀ ਅਜਿਹੀਆਂ ਕਰਦਾ ਸੀ ਕਿ ਸੁਣਨ ਵਾਲਾ ਆਪਣੇ ਆਪ ਨਿਹਾਲ ਹੋ ਜਾਂਦਾ। ਤਾਈ ਬਿਸ਼ਨੀ ਜਣੇਪੇ ਦੀਆਂ ਪੀੜਾਂ ਨਾ ਸਰਾਹਦੀ ਹੋਈ ਮਰੀ ਹੋਈ ਕੁੜੀ ਨੂੰ ਜਨਮ ਦੇ ਕੇ ਭਰੀ ਜਵਾਨੀ ਵਿੱਚ ਤਾਏ ਨੂੰ ਇਕੱਲਿਆਂ ਛੱਡ ਕੇ ਤੁਰ ਗਈ। ਤਾਈ ਦੇ ਮਰਨ ਤੋਂ ਬਾਅਦ ਬਹੁਤ ਸਾਰੇ ਰਿਸ਼ਤੇ ਆਏ, ਪਰ ਤਾਏ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਜੇ ਮੇਰੀ ਕਿਸਮਤ ਵਿੱਚ ਘਰ ਵਾਲੀ ਦੀਆਂ ਪੱਕੀਆਂ ਖਾਣ ਦਾ ਸੁੱਖ ਹੁੰਦਾ ਤਾਂ ਬਿਸ਼ਨੀ ਮੈਨੂੰ ਛੱਡ ਕੇ ਕਿਉਂ ਤੁਰ ਜਾਂਦੀ। ਬਹੁਤੇ ਲੋਕ ਤਾਂ ਸਿਵੇ ਦੀ ਅੱਗ ਵੀ ਠੰਢੀ ਨਹੀਂ ਦਿੰਦੇ ਤੇ ਦੂਜਾ ਵਿਆਹ ਕਰਵਾ ਲੈਂਦੇ ਹਨ। ਸ਼ਾਇਦ ਤਾਏ ਬਿਸ਼ਨੇ ਦੀ ਤਾਈ ਨਾਲ ਸੱਚੀ ਮੁਹੱਬਤ ਸੀ, ਜੋ ਜਿਸਮਾਂ ਦੀ ਮੁਹਤਾਜ ਨਾ ਹੋ ਕੇ ਰੂਹਾਂ ਦੀ ਰੂਹਾਂ ਨਾਲ ਸਾਂਝ ਸੀ। ਬਿਸ਼ਨਾ ਆਪਣੇ ਛੋਟੇ ਭਰਾ ਕਿਸ਼ਨੇ ਨਾਲ ਹੀ ਰਹਿਣ ਲੱਗਾ। ਉਸ ਦੇ ਦੋਵੇਂ ਮੁੰਡੇ ਬਲਬੀਰ ਅਤੇ ਕਸ਼ਮੀਰ, ਜਿਸ ਨੂੰ ਤਾਇਆ ਪਿਆਰ ਨਾਲ ਬੀਰਾ ਅਤੇ ਸ਼ੀਰਾ ਕਹਿ ਕੇ ਬੁਲਾਇਆ ਕਰਦਾ ਸੀ, ਤਾਏ ਦਾ ਹੱਦੋਂ ਵੱਧ ਮੋਹ ਕਰਦੇ ਸਨ।
ਉਮਰ 75ਵੇਂ ਵਰ੍ਹੇ Ḕਚ ਪਹੁੰਚ ਕੇ ਨਿਹਾਲਾ ਕੁਝ ਬਿਮਾਰ ਰਹਿਣ ਲੱਗ ਪਿਆ। ਘਰ ਦਿਆਂ ਨੇ ਸਲਾਹ ਕੀਤੀ ਕਿ ਸ਼ਹਿਰ ਦੇ ਕਿਸੇ ਚੰਗੇ ਡਾਕਟਰ ਨੂੰ ਵਿਖਾਇਆ ਜਾਵੇ। ਜ਼ਿੰਦਗੀ ਵਿੱਚ ਕਦੇ ਕੋਈ ਦਵਾਈ ਨਾ ਖਾਣ ਵਾਲਾ ਨਿਹਾਲਾ ਥੋੜ੍ਹੇ ਬਹੁਤ ਵਿਰੋਧ ਤੋਂ ਬਾਅਦ ਡਾਕਟਰ ਕੋਲ ਸ਼ਹਿਰ ਜਾਣਾ ਮੰਨ ਗਿਆ। ਤਾਏ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਹਸਪਤਾਲ ਵਿੱਚ ਲਿਜਾਇਆ ਗਿਆ। ਸ਼ਾਇਦ ਸਾਡੇ ਲੋਕਾਂ ਦੀ ਇਹ ਸੋਚ ਬਣ ਚੁੱਕੀ ਹੈ ਕਿ ਜਿੰਨਾ ਮਹਿੰਗਾ ਹਸਪਤਾਲ ਹੋਵੇਗਾ ਓਨਾ ਹੀ ਵਧੀਆ ਡਾਕਟਰ ਅਤੇ ਇਲਾਜ ਹੋਵੇਗਾ। ਹਸਪਤਾਲ ਪਹੁੰਚਦਿਆਂ ਬਲਬੀਰ ਗੱਡੀ ਪਾਰਕ ਕਰਨ ਚਲਿਆ ਗਿਆ। ਹਸਪਤਾਲ ਦੇ ਗੇਟ ਦੇ ਬਾਹਰ ਸਕਿਓਰਿਟੀ ਗਾਰਡ ਬੰਦੂਕ ਲੈ ਕੇ ਖੜ੍ਹਾ ਸੀ। ਉਸ ਦੀਆਂ ਅਖਰੋਟ ਵਰਗੀਆਂ ਮੁੱਛਾਂ ਦੇਖ ਕੇ ਤਾਏ ਨੂੰ ਇੰਝ ਲੱਗਿਆ ਜਿਵੇਂ ਯਮਰਾਜ ਭੇਸ ਵਟਾ ਕੇ ਝੋਟੇ ਦੀ ਜਗ੍ਹਾ ਅੱਜ ਬੰਦੂਕ ਲੈ ਕੇ ਲੋਕਾਂ ਨੂੰ ਲੈਣ ਆ ਗਿਆ ਹੋਵੇ। ਬਲਬੀਰ ਗੱਡੀ ਪਾਰਕ ਕਰ ਕੇ ਆ ਗਿਆ ਤਾਂ ਤਾਇਆ ਉਸ ਦੇ ਨਾਲ ਹੀ ਹਸਪਤਾਲ ਦੇ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਦੇ ਹੋਏ ਅੰਦਰ ਦਾਖਲ ਹੋਇਆ। ਰਿਸੈਪਸ਼ਨ Ḕਤੇ ਬੈਠੀ ਹੋਈ ਕੁੜੀ ਉਸ ਨੂੰ ਇੰਦਰ ਲੋਕ ਦੀ ਅਪਸਰਾਂ ਵਰਗੀ ਪ੍ਰਤੀਤ ਹੋਈ। ਉਸ ਨੇ ਅੰਗਰੇਜ਼ੀ ਵਿੱਚ ਤਾਏ ਦਾ ਨਾਂਅ ਅਤੇ ਪਤਾ ਪੁੱਛਿਆ ਤੇ ਨਾਲ ਬਲਬੀਰ ਨੇ ਪਰਚੀ ਫੀਸ ਲਈ 500 ਦਾ ਨੋਟ ਉਸ ਨੂੰ ਦੇ ਦਿੱਤਾ। ਘਰੋਂ ਜਲਦੀ ਆਉਣ Ḕਤੇ ਵੀ ਉਨ੍ਹਾਂ ਨੂੰ 22 ਨੰਬਰ ਟੋਕਨ ਮਿਲਿਆ। ਆਪਣੀ ਵਾਰੀ ਦੀ ਉਡੀਕ ਵਿੱਚ ਉਹ ਡਾਕਟਰ ਦੇ ਕਮਰੇ ਦੇ ਬਾਹਰ ਲੱਗੇ ਹੋਏ ਸੋਫਿਆਂ Ḕਤੇ ਬੈਠ ਗਏ। ਦਰਵਾਜ਼ਾ ਖੁੱਲ੍ਹਣ ਉਤੇ ਇੱਕ ਚਿੱਟੇ ਕੱਪੜੇ ਪਾਈ ਨਰਸ ਟੋਕਨ ਨੰਬਰ ਦੇ ਨਾਲ-ਨਾਲ ਮਰੀਜ਼ ਦਾ ਨਾਂਅ ਬੋਲਦੀ।
ਨਰਸ ਨੇ 21 ਨੰਬਰ ਅਤੇ 22 ਨੰਬਰ ਮਰੀਜ਼ਾਂ ਦੇ ਨੰਬਰ ਅਤੇ ਨਾਂਅ ਬੋਲੇ। 22 ਨੰਬਰ ਨਿਹਾਲ ਸਿੰਘ, ਨਰਸ ਵੱਲੋਂ ਦੋਬਾਰਾ ਨਿਹਾਲ ਸਿੰਘ ਦਾ ਨੰਬਰ ਤੇ ਨਾਂਅ ਬੋਲਿਆ ਗਿਆ। ਬਲਬੀਰ ਨੇ ਕਿਹਾ ਕਿ ਤਾਇਆ ਜੀ ਆਪਣੀ ਵਾਰੀ ਆ ਗਈ। ਅਸਲ ਵਿੱਚ ਨਿਹਾਲ ਸਿੰਘ ਨੂੰ ਹੁਣ ਤਾਇਆ ਨਿਹਾਲਾ ਸੁਣਨ ਦੀ ਆਦਤ ਪੈ ਚੁੱਕੀ ਸੀ। ਉਸ ਨੂੰ ਤਾਂ ਇੰਝ ਲੱਗਦਾ ਸੀ ਕਿ ਉਸ ਦਾ ਨਾਂਅ ਤਾਇਆ ਨਿਹਾਲਾ ਹੀ ਹੋਵੇ। ਨਰਸ ਨੇ ਕਿਹਾ ਬਾਪੂ ਜੀ ਮੈਂ ਤੁਹਾਡਾ ਨਾਂਅ ਕਿੰਨੀ ਵਾਰ ਲਿਆ, ਤੁਹਾਨੂੰ ਪਤਾ ਨਹੀਂ ਲੱਗਿਆ। ਉਸ ਨਰਸ ਦੇ ਮੂੰਹੋਂ ਬਾਪੂ ਲਫਜ਼ ਸੁਣ ਕੇ ਨਿਹਾਲੇ ਨੂੰ ਆਪਣੀ ਮਰੀ ਹੋਈ ਕੁੜੀ ਯਾਦ ਆ ਗਈ। ਅੱਜ ਉਹ ਹੁੰਦੀ ਤਾਂ ਉਹ ਵੀ ਉਸ ਨੂੰ ਬਾਪੂ ਕਹਿ ਕੇ ਬੁਲਾਉਂਦੀ।
ਡਾਕਟਰ ਦਾ ਕਮਰਾ ਕਾਫੀ ਵੱਡਾ ਸੀ, ਉਥੇ ਮਰੀਜ਼ਾਂ ਦੇ ਬੈਠਣ ਲਈ ਸੋਫੇ ਲੱਗੇ ਹੋਏ ਸਨ। ਡਾਕਟਰ ਖੁਦ ਘੁੰਮਣ ਵਾਲੀ ਕੁਰਸੀ Ḕਤੇ ਬੈਠਾ ਸੀ। ਮੇਜ਼ ਦੇ ਇੱਕ ਪਾਸੇ ਸਟੂਲ Ḕਤੇ ਇੱਕ ਸਟਾਫ ਨਰਸ ਬੈਠੀ ਸੀ, ਜੋ ਮਰੀਜ਼ਾਂ ਦਾ ਬੀ ਪੀ ਚੈਕ ਕਰ ਕੇ ਉਨ੍ਹਾਂ ਦੀ ਪਰਚੀ Ḕਤੇ ਲਿਖ ਦਿੰਦੀ। ਤਾਇਆ ਵੀ ਆਪਣੀ ਵਾਰੀ ਦੀ ਉਡੀਕ ਵਿੱਚ ਬੈਠਾ ਸੀ। ਬੀ ਪੀ ਚੈਕ ਕਰਾਉਣ ਤੋਂ ਬਾਅਦ ਮਰੀਜ਼ ਡਾਕਟਰ ਦੇ ਕੋਲ ਪਏ ਸਟੂਲ Ḕਤੇ ਬੈਠ ਜਾਂਦਾ ਤੇ ਡਾਕਟਰ ਉਸ ਨੂੰ ਤਕਲੀਫ ਪੁੱਛਣ ਲੱਗ ਜਾਂਦਾ। ਡਾਕਟਰ ਹੋਰ ਕੋਈ ਤਕਲੀਫ ਤਾਂ ਮਰੀਜ਼ ਕੋਈ ਹੋਰ ਦੁੱਖ ਦੱਸ ਦਿੰਦਾ। ਇਸ ਤਰ੍ਹਾਂ ਡਾਕਟਰ ਦਾ ਹੋਰ ਸ਼ਬਦ Ḕਤੇ ਮਰੀਜ਼ ਦੀਆਂ ਤਕਲੀਫਾਂ ਵਧਦੀਆਂ ਜਾਂਦੀਆਂ। ਡਾਕਟਰ ਕਿਸੇ ਨਜ਼ੂਮੀ ਨਾਲੋਂ ਘੱਟ ਨਹੀਂ ਸੀ ਲੱਗਦਾ। ਉਹ ਇੱਕ ਨਜ਼ਰ ਵਿੱਚ ਸਮਝ ਜਾਂਦਾ ਕਿ ਮਰੀਜ਼ ਦੀ ਆਰਥਿਕ ਹਾਲਤ ਕਿਵੇਂ ਦੀ ਹੈ। ਆਰਥਿਕ ਤੰਗੀਆਂ ਵੀ ਮਰੀਜ਼ ਦੇ ਚਿਹਰੇ Ḕਤੇ ਉਮਰ ਤੋਂ ਪਹਿਲਾਂ ਦੀਆਂ ਝੁਰੜੀਆਂ ਬਣ ਕੇ ਉਭਰ ਆਉਂਦੀਆਂ ਹਨ। ਅਜਿਹੇ ਮਰੀਜ਼ ਨੂੰ ਉਹ ਦਵਾਈ ਲਿਖ ਕੇ ਭੇਜ ਦਿੰਦਾ, ਜੋ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਹੀ ਮਹਿੰਗੇ ਮੁੱਲ Ḕਤੇ ਮਿਲਦੀ ਸੀ। ਡਾਕਟਰ ਦਵਾਈ ਦੀ ਪਰਚੀ ਮਰੀਜ਼ ਦੇ ਹੱਥ ਵਿੱਚ ਫੜਾਉਂਦਿਆਂ ਇੱਕੋ ਰਟਿਆ-ਰਟਾਇਆ ਡਾਇਲਾਗ ਬੋਲਦਾ ‘ਟੈਨਸ਼ਨ ਨਹੀਂ ਲੈਣੀ’ ਜੇ ਟੈਨਸ਼ਨ ਲਓਗੇ ਤਾਂ ਦਵਾਈ ਨੇ ਵੀ ਆਪਣਾ ਅਸਰ ਨਹੀਂ ਕਰਨਾ। ਜੇ ਮਰੀਜ਼ ਨੇ ਚੰਗੇ ਕੱਪੜੇ ਪਾਏ ਹੁੰਦੇ ਤਾਂ ਹੱਥ ਵਿੱਚ ਚੰਗਾ ਮੋਬਾਈਲ ਫੋਨ ਫੜਿਆ ਹੁੰਦਾ ਤਾਂ ਡਾਕਟਰ ਉਸ ਨੂੰ ਲੰਬੀ ਸਾਰੀ ਟੈਸਟਾਂ ਦੀ ਲਿਸਟ ਦੇ ਕੇ ਹਸਪਤਾਲ ਦੀ ਲੈਬ ਵਿੱਚੋਂ ਟੈਸਟ ਕਰਵਾਉਣ ਭੇਜ ਦਿੰਦਾ। ਹੁਣ ਡਾਕਟਰ ਕੋਲ ਇੱਕ ਅਧਖੜ ਜਿਹੀ ਉਮਰ ਦੀ ਔਰਤ ਆ ਕੇ ਬੈਠ ਗਈ।
ਡਾਕਟਰ ਨੇ ਕਿਹਾ, ”ਮਾਤਾ ਜੀ ਕੀ ਹਾਲ ਹੈ?”
ਅੱਗੋਂ ਮਾਤਾ ਬੋਲੀ ”ਕੋਈ ਹਾਲ ਨਹੀਂ ਡਾਕਟਰ ਸਾਹਿਬ, ਕੋਈ ਫਰਕ ਨਹੀਂ, ਨਾ ਤਕਲੀਫ ਵਧੀ ਨਾ ਘਟੀ।”
ਡਾਕਟਰ ਔਰਤ ਨੂੰ, ”ਮਾਤਾ ਆਰਾਮ ਕਿੱਥੋਂ ਆਉਣਾ, ਘਰ ਨੂੰਹਾਂ ਨਾਲ ਲੜਦੀ ਹੋਵੇਂਗੀ, ਟੈਨਸ਼ਨ ਲੈਣੋਂ ਤੂੰ ਹਟਦੀ ਨਹੀਂ, ਦਵਾਈ ਨੇ ਅਸਰ ਕਿੱਥੋਂ ਕਰਨਾ। ਕੁਝ ਵੀ ਹੋ ਜਾਵੇ ਬੱਸ ਤੂੰ ਟੈਨਸ਼ਨ ਨਹੀਂ ਲੈਣੀ।”
ਮਾਤਾ ਡਾਕਟਰ ਨੂੰ ਕਹਿੰਦੀ, ”ਪੁੱਤ ਟੈਨਸ਼ਨ ਆਪਣੇ ਆਪ ਆਉਂਦੀ ਹੈ, ਮੈਂ ਕਦੋਂ ਜਾਣ ਬੁੱਝ ਕੇ ਲੈਂਦੀ ਹਾਂ।”
ਤਾਏ ਨਿਹਾਲੇ ਦੀ ਵਾਰੀ ਆ ਗਈ, ਬੀ ਪੀ ਚੈੱਕ ਕਰਵਾ ਕੇ ਨਿਹਾਲਾ ਡਾਕਟਰ ਕੋਲ ਸਟੂਲ Ḕਤੇ ਬੈਠ ਗਿਆ। ਡਾਕਟਰ ਨੇ ਨਿਹਾਲੇ ਦੀ ਪਰਚੀ ਦੇਖ ਕੇ ਕਿਹਾ, ”ਬਾਬਾ ਜੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਹੈ, ਕੋਈ ਟੈਨਸ਼ਨ ਤਾਂ ਨਹੀਂ ਤੁਹਾਨੂੰ, ਮੈਂ ਤੁਹਾਨੂੰ ਬੀ ਪੀ ਘੱਟ ਕਰਨ ਤੇ ਤਾਕਤ ਦੀਆਂ ਦਵਾਈਆਂ ਲਿਖ ਦਿੱਤੀਆਂ ਹਨ, ਪਰ ਦਵਾਈਆਂ ਨੇ ਅਸਰ ਤਾਂ ਹੀ ਕਰਨਾ, ਜੇ ਤੁਸੀਂ ਟੈਨਸ਼ਨ ਨਹੀਂ ਲਓਗੇ।’ ਏਨੇ ਨੂੰ ਟੇਬਲ Ḕਤੇ ਪਏ ਹੋਏ ਐਪਲ ਦੇ ਫੋਨ ਦੀ ਘੰਟੀ ਹੋਣ ਲੱਗੀ। ਡਾਕਟਰ ਦੀ ਗੱਲਬਾਤ ਤੋਂ ਇੰਝ ਲੱਗ ਰਿਹਾ ਸੀ ਕਿ ਇਹ ਫੋਨ ਡਾਕਟਰ ਦੇ ਕਿਸੇ ਮਿੱਤਰ ਦਾ ਸੀ।
ਡਾਕਟਰ ਉਸ ਨੂੰ ਕਹਿ ਰਿਹਾ ਸੀ; ”ਪਿਤਾ ਜੀ ਦੀ ਮੌਤ ਤੋਂ ਬਾਅਦ ਮਾਂ ਸਾਡੇ ਕੋਲ ਰਹਿਣ ਆ ਗਈ ਹੈ ਅਤੇ ਮੇਰੀ ਘਰ ਵਾਲੀ ਉਸ ਨਾਲ ਸਦਾ ਲੜਦੀ ਰਹਿੰਦੀ ਹੈ। ਬੇਟੀ ਡਾਕਟਰ ਦੀ ਜਗ੍ਹਾ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ, ਬੇਟਾ ਇਸ ਵਾਰ ਫਿਰ ਪੀ ਐੱਮ ਟੀ ਦਾ ਟੈਸਟ ਕਲੀਅਰ ਨਹੀਂ ਕਰ ਸਕਿਆ। ਸੋਚਿਆ ਸੀ ਕਿ ਬੇਟੀ ਤੇ ਬੇਟੇ ਨੂੰ ਡਾਕਟਰ ਬਣਾ ਕੇ ਆਪਣੇ ਤੋਂ ਬਾਅਦ ਹਸਪਤਾਲ ਵਿੱਚ ਬਿਠਾ ਦੇਵਾਂਗਾ। ਮੈਨੂੰ ਤਾਂ ਬੜੀ ਟੈਨਸ਼ਨ ਹੈ, ਮੇਰੇ ਤੋਂ ਬਾਅਦ ਏਡੇ ਵੱਡੇ ਹਸਪਤਾਲ ਨੂੰ ਕੌਣ ਸੰਭਾਲੇਗਾ। ਅੱਜ ਕੱਲ੍ਹ ਤਾਂ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ।”
ਸਾਰੀਆਂ ਗੱਲਾਂ ਤਾਇਆ ਨਿਹਾਲਾ ਵੀ ਸੁਣ ਰਿਹਾ ਸੀ, ਉਸ ਤੋਂ ਰਿਹਾ ਨਾ ਗਿਆ। ਉਸ ਨੇ ਡਾਕਟਰ ਨੂੰ ਕਿਹਾ, ”ਡਾਕਟਰ ਸਾਹਿਬ ਟੈਨਸ਼ਨ ਨਹੀਂ ਲੈਣੀ।”
ਡਾਕਟਰ ਦੇ ਮੂੰਹੋਂ ਵੀ ਸਹਿ ਸੁਭਾ ਹੀ ਨਿਕਲ ਗਿਆ, ”ਮੈਂ ਟੈਨਸ਼ਨ ਕਿੱਥੇ ਲੈਂਦਾ ਹਾਂ, ਇਹ ਤਾਂ ਆਪਣੇ ਆਪ ਹੀ ਆ ਜਾਂਦੀ ਹੈ।”
ਨਿਹਾਲਾ ਡਾਕਟਰ ਕੋਲੋਂ ਦਵਾਈ ਲਿਖਾ ਕੇ ਗੇਟ ਦੇ ਕੋਲ ਖੜ੍ਹੀ ਨਰਸ ਦੇ ਸਿਰ Ḕਤੇ ਪਿਆਰ ਦਿੰਦਾ ਹੋਇਆ ਕਮਰੇ ਵਿੱਚੋਂ ਬਾਹਰ ਨਿਕਲ ਗਿਆ।