ਟੈਕ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਦਾ ਆਈਸੀਸੀਸੀ ਤੇ ਕਾਉਂਸਲ ਜਨਰਲ ਵੱਲੋਂ ਭਰਵਾਂ ਸਵਾਗਤ

TM-1ਟੋਰਾਂਟੋ, 30 ਅਪਰੈਲ (ਪੋਸਟ ਬਿਊਰੋ) : ਇੰਡੋ ਕੈਨੇਡਾ ਚੇਂਬਰ ਆਫ ਕਾਮਰਸ ਨੇ ਟੋਰਾਂਟੋ ਵਿੱਚ ਕਾਉਂਸਲੇਟ ਜਨਰਲ ਦੇ ਸਹਿਯੋਗ ਨਾਲ ਟੈਕ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਡਾ. ਸੀਪੀ ਗੁਰਨਾਨੀ ਦਾ ਬੜੇ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ। ਟੈਕ ਮਹਿੰਦਰਾ ਟੋਰਾਂਟੋ ਵਿੱਚ ਭਾਰਤ ਦੀਆਂ ਉੱਘੀਆਂ ਇਨਫਰਮੇਸ਼ਨ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਹੈ।
ਡਾ. ਗੁਰਨਾਨੀ ਹੀ ਉਹ ਟੈਕ ਗੁਰੂ ਹਨ ਜਿਨ੍ਹਾਂ ਟੈਕ ਮਹਿੰਦਰਾ ਨੂੰ ਅੱਜ ਇਸ ਬੁਲੰਦੀਆਂ ਉੱਤੇ ਪਹੁੰਚਾਇਆ ਹੈ ਤੇ ਇਸ ਨੂੰ ਡਿਜੀਟਲ ਆਈਟੀ ਸੌਲਿਊਸ਼ਨਜ਼ ਮੁਹੱਈਆ ਕਰਵਾਉਣ ਵਾਲੀਆਂ ਪੰਜ ਉੱਘੀਆਂ ਕੰਪਨੀਆਂ ਵਿੱਚ ਸ਼ੁਮਾਰ ਕਰਵਾਇਆ ਹੈ। ਉਨ੍ਹਾਂ ਸਦਕਾ ਹੀ ਇਹ ਕੰਪਨੀ ਅੱਜ ਹੋਰ ਬੁਲੰਦੀਆਂ ਵੱਲ ਵੱਧ ਰਹੀ ਹੈ। ਆਪਣੀਆਂ ਵਿਲੱਖਣ ਤੇ ਉੱਤਮ ਪ੍ਰਾਪਤੀਆਂ ਸਦਕਾ ਡਾ. ਗੁਰਨਾਨੀ ਕਾਰਪੋਰੇਟ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਿੱਚ ਕਾਮਯਾਬ ਰਹੇ ਹਨ। ਸਤਿਅਮ ਨੂੰ ਹਾਸਲ ਕਰਨ ਤੇ ਇਸ ਦੇ ਰਲੇਵੇਂ ਤੋਂ ਬਾਅਦ ਟੈਕ ਮਹਿੰਦਰਾ ਦੇ ਸਮੁੱਚੇ ਕਾਇਆ ਕਲਪ ਲਈ ਡਾ. ਗੁਰਨਾਨੀ ਹੀ ਮੁੱਖ ਤੌਰ ਉੱਤੇ ਜਿ਼ੰਮੇਵਾਰ ਹਨ।
ਉਨ੍ਹਾਂ ਦੀ ਅਗਵਾਈ ਹੇਠ ਟੈਕ ਮਹਿੰਦਰਾ ਦੀ ਦਿਨੋ ਦਿਨ ਹੋ ਰਹੀ ਤਰੱਕੀ ਨੇ ਭਾਰਤ ਦੇ ਕਾਰਪੋਰੇਟ ਜਗਤ ਵਿੱਚ ਇਤਿਹਾਸ ਸਿਰਜ ਦਿੱਤਾ ਹੈ। ਆਈਸੀਸੀਸੀ ਦੇ ਪ੍ਰੈਜ਼ੀਡੈਂਟ ਅਰੁਣ ਸ੍ਰੀਵਾਸਤਵ ਨੇ ਡਾ. ਗੁਰਨਾਨੀ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਟੈਕ ਮਹਿੰਦਰਾ ਵਰਗੀ ਦਿੱਗਜ ਕੰਪਨੀ ਨੇ ਕੈਨੇਡੀਅਨ ਮਾਰਕਿਟ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ ਹੈ। ਸਾਡੇ ਲਈ ਇਹ ਦਿਨ ਕਾਫੀ ਅਹਿਮ ਹੈ। ਇਹ ਕੈਨੇਡਾ ਤੇ ਭਾਰਤ ਦਰਮਿਆਨ ਵੱਧ ਫੁੱਲ ਰਹੇ ਦੁਵੱਲੇ ਸਬੰਧਾਂ ਦੀ ਨਿਸ਼ਾਨੀ ਹੈ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਬਿਜ਼ਨਸ ਮਾਹੌਲ ਵਿੱਚ ਭਾਰਤੀ ਕੰਪਨੀ ਵੱਲੋਂ ਪ੍ਰਗਟਾਇਆ ਭਰੋਸਾ ਹੈ। ਉਨ੍ਹਾਂ ਆਈਸੀਸੀਸੀ ਦੀ ਥੋੜ੍ਹੀ ਜਾਣ-ਪਛਾਣ ਕਰਵਾਈ ਤੇ ਇਸ ਦੇ ਨਾਲ ਨਾਲ 9 ਜੂਨ, 2017 ਨੂੰ ਕਰਵਾਈ ਜਾਣ ਵਾਲੀ ਕੈਨੇਡਾ-ਇੰਡੀਆ ਬਿਜ਼ਨਸ ਗੋਸ਼ਟੀ ਬਾਰੇ ਵੀ ਚਾਨਣਾ ਪਾਇਆ।
ਟੋਰਾਂਟੋ ਵਿੱਚ ਭਾਰਤ ਦੇ ਕਾਉਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਡਾ. ਗੁਰਨਾਨੀ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦਿਨਾਂ ਨੂੰ ਚੇਤੇ ਕੀਤਾ ਜਦੋਂ ਉਹ ਦੋਵੇਂ ਇੰਜੀਨੀਅਰ ਹੁੰਦੇ ਸਨ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਪ੍ਰਾਈਵੇਟ ਸੈਕਟਰਾਂ ਵਿੱਚ ਆਰਥਿਕ ਸਹਿਯੋਗ ਲਈ ਦਿਲਚਸਪੀ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਵਧੀ ਹੈ ਤੇ ਇਸ ਸਮੇਂ ਇਹ ਆਪਣੇ ਚਰਮ ਉੱਤੇ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੁੱਝ ਸਮੇਂ ਵਿੱਚ ਹੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਬੰਧੀ ਕਈ ਹੋਰ ਅੜਿੱਕੇ ਖ਼ਤਮ ਹੋ ਜਾਣਗੇ ਤੇ ਕਾਰੋਬਾਰ ਬੇਝਿਜਕ ਰਵਾਂ ਹੋ ਜਾਵੇਗਾ।
ਆਈਸੀਸੀਸੀ ਤੇ ਟੋਰਾਂਟੋ ਵਿੱਚ ਭਾਰਤ ਦੇ ਕਾਉਂਸਲੇਟ ਜਨਰਲ ਦਾ ਸ਼ੁਕਰੀਆ ਅਦਾ ਕਰਦਿਆਂ ਡਾ. ਗੁਰਨਾਨੀ ਨੇ ਆਖਿਆ ਕਿ ਇੰਨੇ ਨਿੱਘੇ ਸਵਾਗਤ ਨਾਲ ਉਨ੍ਹਾਂ ਦਾ ਦਿਲ ਟੁੰਬਿਆ ਗਿਆ ਹੈ ਤੇ ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਈਸੀਸੀਸੀ ਤੇ ਕਾਉਂਸਲੇਟ ਜਨਰਲ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਸਾਫ ਨਜ਼ਰ ਆਉਂਦੀਆਂ ਹਨ ਤੇ ਇਹ ਚੰਗਾ ਸੰਕੇਤ ਹੈ।
ਇਸ ਮੌਕੇ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਕਈ ਮੈਂਬਰ, ਚੇਂਬਰ ਦੇ ਕਈ ਮੈਂਬਰ ਤੇ ਸਟੇਕਹੋਲਡਰਜ਼ ਤੇ ਕਈ ਪੁਰਾਣੇ ਪ੍ਰੈਜ਼ੀਡੈਂਟਸ ਤੇ ਬੋਰਡ ਮੈਂਬਰ ਵੀ ਹਾਜ਼ਰ ਹੋਏ।