ਟੈਕਸ ਤੇ ਟੌਲ ਦੀ ਦੂਹਰੀ ਮਾਰ, ਲੋਕ ਪ੍ਰੇਸ਼ਾਨ

-ਬ੍ਰਿਸ਼ ਭਾਨ ਬੁਜਰਕ
ਪੰਜਾਬ ਅੰਦਰ ਰਾਸ਼ਟਰੀ ਅਤੇ ਰਾਜ ਮਾਰਗਾਂ ਉੱਤੇ ਲਾਏ ਜਾ ਰਹੇ ਟੌਲ ਪਲਾਜ਼ਿਆਂ ਨਾਲ ਆਉਣ ਵਾਲੇ ਸਮੇਂ ਅੰਦਰ ਆਰਥਿਕ ਤੌਰ ‘ਤੇ ਲੋਕਾਂ ਦਾ ਧੂੰਆਂ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਵਾਹਨ ਚਾਲਕਾਂ ਨੂੰ ਪਹਿਲਾਂ ਹੀ ਸੜਕ ‘ਤੇ ਚੱਲਣ ਦਾ ਦੂਹਰਾ ਟੈਕਸ ਦੇਣਾ ਪੈਂਦਾ ਹੈ। ਰਾਜ ਦੇ ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਕੋਲੋਂ ਪੰਦਰਾਂ ਸਾਲ ਦਾ ਰੋਡ ਟੈਕਸ ਭਰਵਾ ਲਿਆ ਜਾਂਦਾ ਹੈ, ਜਿਸ ਨੂੰ ਮੋਟਰ ਵਹੀਕਲ ਟੈਕਸ ਦਾ ਨਾਮ ਦਿੱਤਾ ਗਿਆ ਹੈ ਅਤੇ ਫਿਰ ਪੰਜਾਬ ਦੇ ਲੋਕਾਂ ਕੋਲੋਂ ਸੜਕ ‘ਤੇ ਚੱਲਣ ਦਾ ਵੱਖਰਾ ਟੈਕਸ ਟੌਲ ਪਲਾਜ਼ੇ ਦੇ ਰੂਪ ਵਿੱਚ 20 ਤੋਂ 25 ਸਾਲ ਤੱਕ ਵਸੂਲ ਕੀਤਾ ਜਾ ਰਿਹਾ ਹੈ।
ਜ਼ਿਲਾ ਸੰਗਰੂਰ ਦੇ ਸ਼ਹਿਰ ਖਨੌਰੀ ਤੋਂ ਲੁਧਿਆਣਾ ਤੱਕ ਤਕਰੀਬਨ 120 ਕਿਲੋਮੀਟਰ ਸਫਰ ਹੈ। ਜਿਥੇ ਚਾਰ ਟੌਲ ਪਲਾਜ਼ੇ ਲੱਗਦੇ ਹਨ। ਬਠਿੰਡਾ ਤੋਂ ਚੰਡੀਗੜ੍ਹ ਤੱਕ ਸਫਰ ਵਿੱਚ ਵਾਹਨ ਚਾਲਕਾਂ ਨੂੰ ਕਰੀਬ ਅੱਧਾ ਦਰਜਨ ਟੌਲ ਪਲਾਜ਼ਿਆਂ ਦਾ ਸਾਹਮਣਾ ਕਰਨਾ ਪਵੇਗਾ। ਕੌਮੀ ਮਾਰਗ ‘ਤੇ ਸਤਲੁਜ ਦਰਿਆ ਨੇੜੇ ਚੱਲ ਰਹੇ ਟੌਲ ਪਲਾਜ਼ੇ ਨੂੰ ਰੋਜ਼ਾਨਾ ਤਕਰੀਬਨ 40 ਲੱਖ ਰੁਪਏ ਤੋਂ ਵੱਧ ਆਮਦਨ ਹੈ। ਇਸ ਤਰ੍ਹਾਂ ਪੰਜਾਬ ਦੇ ਰਾਜ ਮਾਰਗਾਂ ‘ਤੇ ਪਹਿਲਾਂ ਚੱਲ ਰਹੇ 18 ਟੌਲ ਪਲਾਜ਼ਿਆਂ ਤੋਂ ਬਾਅਦ ਇਸ ਸਾਲ ਦੇ ਅਖੀਰ ਤੱਕ ਤਕਰੀਬਨ 12 ਹੋਰ ਨਵੇਂ ਟੌਲ ਪਲਾਜ਼ੇ ਸ਼ੁਰੂ ਕੀਤੇ ਜਾਣਗੇ। ਨੈਸ਼ਨਲ ਹਾਈਵੇ ‘ਤੇ ਵੀ ਸੱਤ ਟੌਲ ਪਲਾਜ਼ੇ ਚੱਲ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਆਉਣ ਜਾਣ ਦੀ ਥਾਂ ਸਿਰਫ 12 ਘੰਟਿਆਂ ਦੀ ਟੌਲ ਪਰਚੀ ਵੀ ਕੱਟੀ ਜਾ ਸਕਦੀ ਹੈ, ਪਰ ਕੰਪਨੀਆਂ ਹੁਣ ਤੱਕ ਟੌਲ ਪਲਾਜ਼ਿਆਂ ‘ਤੇ 24 ਘੰਟੇ ਵਾਲੀ ਪਰਚੀ ਕੱਟੀ ਜਾ ਰਹੀਆਂ ਸਨ, ਕਿਉਂਕਿ 60 ਕਿਲੋਮੀਟਰ ਤੱਕ ਦਾ ਸਫਰ ਕਰਨ ਵਾਲਾ ਵਿਅਕਤੀ 12 ਘੰਟੇ ਤੋਂ ਪਹਿਲਾਂ ਹੀ ਘਰ ਵਾਪਸੀ ਕਰ ਜਾਂਦਾ ਹੈ। ਇਸ ਨਾਲ ਲੋਕਾਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਪਰੋਂ ਹਰ ਸਾਲ ਟੌਲ ਪਲਾਜ਼ਿਆਂ ‘ਤੇ ਲੱਗਣ ਵਾਲੀ ਪਰਚੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਚਾਹੀਦਾ ਇਹ ਸੀ ਕਿ ਮਸ਼ੀਨਰੀ ਵਿੱਚ ਹਰ ਸਾਲ ਵਾਧਾ ਹੋਣ ਕਰਕੇ ਟੌਲ ਪਰਚੀ ਦੀਆਂ ਦਰਾਂ ਉਹੀ ਰਹਿੰਦੀਆਂ, ਪਰ ਪੰਜਾਬ ਅੰਦਰ ਟੌਲ ਪਲਾਜ਼ਿਆਂ ਦਾ ਜਾਲ ਇਸ ਕਦਰ ਵਿਛਾਇਆ ਜਾ ਰਿਹਾ ਹੈ ਕਿ ਆਉਂਦੇ ਸਾਲਾਂ ਅੰਦਰ ਪੰਜਾਬ ਦੇ ਲੋਕ ਟੌਲ ਪਲਾਜ਼ਾ ਪ੍ਰਣਾਲੀ ਦੇ ਗੁਲਾਮ ਹੋ ਕੇ ਰਹਿ ਜਾਣਗੇ।
ਇਕੱਲੇ ਜ਼ਿਲਾ ਬਰਨਾਲਾ ਤੋਂ ਲੈ ਕੇ ਜ਼ੀਰਕਪੁਰ ਤੱਕ ਚਾਰ ਟੌਲ ਪਲਾਜ਼ੇ ਲੱਗਦੇ ਹਨ। ਇਸੇ ਸੜਕ ‘ਤੇ ਭਵਾਨੀਗੜ੍ਹ ਨੇੜੇ ਪਿੰਡ ਕਾਲਾਝਾੜ ਵਿਖੇ ਲੱਗੇ ਹੋਏ ਟੌਲ ਪਲਾਜ਼ੇ ਦੀਆਂ ਦਰਾਂ ਸਭ ਤੋਂ ਵੱਧ ਪ੍ਰਤੀ ਕਾਰ ਦੇ ਤਕਰੀਬਨ 180 ਰੁਪਏ ਹਨ। ਦੂਸਰੇ ਪਾਸੇ ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਕੋਲੋਂ ਸੜਕ ‘ਤੇ ਚੱਲਣ ਦਾ ਟੈਕਸ ਲਿਆ ਜਾਂਦਾ ਹੈ, ਜਿਸ ਵਿੱਚ ਮੋਟਰ ਸਾਈਕਲ ਦੇ ਮਾਲਕ ਕੋਲੋਂ 15 ਸਾਲ ਦਾ ਤਿੰਨ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤੱਕ, ਕਾਰ ਵਾਲੇ ਤੋਂ ਮੁੱਲ ਕੀਮਤ ਦਾ ਅੱਠ ਫੀਸਦੀ ਮਤਲਬ ਕਿ ਪੰਜ ਲੱਖ ਮੁੱਲ ਵਾਲੀ ਕਾਰ ਦਾ ਤਕਰੀਬਨ 40 ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਮੁੱਲ ਵਾਲੀ ਕਾਰ ਦਾ ਉਸੇ ਤਰ੍ਹਾਂ ਦੇ ਹਿਸਾਬ ਨਾਲ ਸੜਕ ਦਾ ਟੈਕਸ ਭਰਾਇਆ ਜਾਂਦਾ ਹੈ। ਟਰੱਕ ਦੇ ਮਾਲਕ ਕੋਲੋਂ ਸਾਲਾਨਾ ਸੱਤ ਹਜ਼ਾਰ ਰੁਪਏ ਅਤੇ ਬੱਸਾਂ ਦੇ ਮਾਲਕਾਂ ਕੋਲੋਂ ਵੀ ਇਸੇ ਤਰ੍ਹਾਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਟੈਕਸ ਭਰਾਇਆ ਜੰਦਾ ਹੈ। ਟੌਲ ਪਲਾਜ਼ੇ ਦੀਆਂ ਵੱਖ-ਵੱਖ ਦੂਰੀਆਂ ਅਤੇ ਕੀਮਤਾਂ ਮੁਤਾਬਕ ਪਰਚੀ ਵੱਖਰੇ ਤੌਰ ‘ਤੇ ਕਟਾਉਣੀ ਪੈਂਦੀ ਹੈ। ਜੇ ਟੌਲ ਪਲਾਜ਼ੇ ਦੇ ਇਸ ਖਰਚ ਨੂੰ ਮੋਟੇ ਅੰਦਾਜ਼ੇ ਮੁਤਾਬਕ ਜੋੜਿਆ ਜਾਵੇ ਤਾਂ ਇਕ ਕਾਰ ਦੇ ਮਾਲਕ ਨੂੰ 60 ਕਿਲੋਮੀਟਰ ਦਾ ਸਫਰ ਇਕ ਸਾਲ ਵਿੱਚ ਦਸ ਮਹੀਨੇ ਕਰਕੇ 18 ਹਜ਼ਾਰ ਰੁਪਏ ਸਾਲਾਨਾ ਟੌਲ ਪਲਾਜ਼ਿਆਂ ‘ਤੇ ਦੇਣਾ ਪੈਂਦਾ ਹੈ ਜਿਹੜਾ ਕਿ ਪੰਦਰਾਂ ਸਾਲਾਂ ਤੱਕ ਦੋ ਲੱਖ 70 ਹਜ਼ਾਰ ਰੁਪਏ ਬਣਦਾ ਹੈ।
ਟੌਲ ਪਲਾਜ਼ਿਆਂ ਦੀ ਠੇਕੇਦਾਰੀ 20 ਤੋਂ 25 ਸਾਲ ਤੱਕ ਹੁੰਦੀ ਹੈ। ਪਾਤੜਾਂ ਤੋਂ ਪਟਿਆਲਾ ਜਾਣ ਵਾਲੀ ਸੜਕ ‘ਤੇ ਰੋਹਨ ਰਾਜਦੀਪ ਨਾਮ ਦੀ ਇਕ ਫਰਮ ਵੱਲੋਂ ਲਾਏ ਗਏ ਟੌਲ ਪਲਾਜ਼ੇ ਦੀ ਸ਼ੁਰੂਆਤ ਮਾਰਚ 2007 ਨੂੰ ਕੀਤੀ ਗਈ ਸੀ ਤੇ ਇਸ ਨੂੰ ਮਾਰਚ 2022 ਤੱਕ ਚਲਾਇਆ ਜਾਣਾ ਹੈ। ਇਸ ਟੌਲ ਪਲਾਜ਼ੇ ‘ਤੇ ਹੁਣ ਕਾਰ ਦੀ ਪਰਚੀ ਆਉਣ ਜਾਣ 62 ਰੁਪਏ ਹੈ। ਇਸੇ ਤਰ੍ਹਾਂ ਸਤਲੁਜ ਦਰਿਆ ਨੇੜੇ ਲੱਗੇ ਟੌਲ ਪਲਾਜ਼ੇ ਨੂੰ ਰੋਜ਼ ਚਾਲੀ ਲੱਖ ਰੁਪਏ ਤੋਂ ਵੱਧ ਆਮਦਨ ਹੈ ਤੇ ਇਹ ਟੌਲ ਪਲਾਜ਼ਾ ਵੀ ਸਾਲ 2024 ਤੱਕ ਚੱਲਣਾ ਹੈ। ਇਸ ਤਰ੍ਹਾਂ ਪੰਜਾਬ ਦੇ ਰਾਜ ਮਾਰਗਾਂ ‘ਤੇ ਚੱਲਣ ਵਾਲੇ ਟੌਲ ਪਲਾਜ਼ਿਆਂ ਦੀ ਗਿਣਤੀ 30 ਦੇ ਕਰੀਬ ਹੋ ਗਈ ਹੈ ਜਦੋਂ ਕਿ ਰਾਸ਼ਟਰੀ ਮਾਰਗਾਂ ‘ਤੇ ਸੱਤ ਟੌਲ ਪਲਾਜ਼ੇ ਵੱਖਰੇ ਰੂਪ ਵਿੱਚ ਚੱਲ ਰਹੇ ਹਨ।
ਜੇ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਕੋਲੋਂ ਰੋਡ ਟੈਕਸ ਦੇ ਰੂਪ ਵਿੱਚ ਪੈਸੇ ਲੈ ਰਹੀ ਹੈ ਤਾਂ ਟੌਲ ਟੈਕਸ ਦੇ ਰੂਪ ਵਿੱਚ ਪਰਚੀ ਨਹੀਂ ਲੱਗਣੀ ਚਾਹੀਦੀ ਜਾਂ ਫਿਰ ਰੋਡ ਟੈਕਸ ਮੁਆਫ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ‘ਤੇ ਪੈ ਰਹੇ ਦੂਹਰੇ ਟੈਕਸ ਨੂੰ ਖਤਮ ਕੀਤਾ ਜਾ ਸਕੇ।