ਟੈਕਸਾਂ ਤੋਂ ਬਚਣ ਲਈ ਮਹਾਰਾਣੀ ਸਮੇਤ 120 ਕੌਮਾਂਤਰੀ ਸ਼ਖ਼ਸੀਅਤਾਂ ਨੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਈ ਆਪਣੀ ਦੌਲਤ·

ਆਈਸੀਆਈਜੇ ਨੇ “ਪੈਰਾਡਾਈਜ਼ ਪੇਪਰਜ਼” ਵਿੱਚ ਕੀਤਾ ਖੁਲਾਸਾ·

ਲਿਬਰਲ ਪਾਰਟੀ ਦੇ ਫੰਡਰੇਜ਼ਰ ਸਮੇਤ 3 ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਵੀ ਸ਼ਾਮਲ

ਮਹਾਰਾਣੀ ਐਲਿਜ਼ਾਬੈੱਥ ਦੋਇਮ, ਲਿਬਰਲ ਪਾਰਟੀ ਦੇ ਫੰਡਰੇਜ਼ਰ ਸਟੀਫਨ ਆਰ ਬਰੌਂਫਮੈਨ ਤੇ ਡੌਨਲਡ ਟਰੰਪ ਦੇ ਕਈ ਸਾਥੀਆਂ ਦੇ ਨਾਂ ਉਨ੍ਹਾਂ 120 ਕੌਮਾਂਤਰੀ ਸ਼ਖ਼ਸੀਅਤਾਂ ਤੇ ਕੰਪਨੀਆਂ ਵਿੱਚ ਸ਼ਾਮਲ ਹਨ ਜਿਹੜੇ ਟੈਕਸਾਂ ਤੋਂ ਬਚਣ ਲਈ ਆਪਣੀ ਦੌਲਤ ਨੂੰ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾ ਰਹੇ ਹਨ। ਇਹ ਖੁਲਾਸਾ ਪੱਤਰਕਾਰਾਂ ਦੀ ਕੌਮਾਂਤਰੀ ਟੀਮ ਵੱਲੋਂ ਕੀਤਾ ਗਿਆ ਹੈ। ਇਸ ਵਿੱਤੀ ਲੈਣ-ਦੇਣ ਦਾ ਸਾਰਾ ਰਿਕਾਰਡ ਪੈਰਾਡਾਈਜ਼ ਪੇਪਰਜ਼ ਨਾਂ ਦੇ ਤਥਾ-ਕਥਿਤ ਦਸਤਾਵੇਜ਼ਾਂ ਵਿੱਚ ਦਰਜ ਹੈ। ਵਿਦੇਸ਼ੀ ਲਾਅ ਫਰਮ ਐਪਲਬਾਇ ਵੱਲੋਂ ਸੱਭ ਤੋਂ ਪਹਿਲਾਂ ਅਜਿਹੇ ਦਸਤਾਵੇਜ਼ਾਂ ਦੀ ਜਾਣਕਾਰੀ ਜਰਮਨੀ ਦੇ ਅਖਬਾਰ ਸੁਡੈਤਸਚੇ ਜੇਤੁੰਗ ਨੂੰ ਦਿੱਤੀ ਗਈ। ਇੱਥੇ ਗੱਲ 13.4 ਮਿਲੀਅਨ ਦੀ ਕੀਤੀ ਜਾ ਰਹੀ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਸਬੰਧ ਵਿੱਚ ਇੰਟਰਨੈਸ਼ਨਲ ਕੌਨਸੌਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ (ਆਈਸੀਆਈਜੇ) ਨਾਂ ਦੇ ਗਰੁੱਪ ਵੱਲੋਂ ਜਾਂਚ ਕੀਤੀ ਗਈ ਹੈ। ਇਸੇ ਗਰੁੱਪ ਨੇ ਅਪਰੈਲ 2016 ਵਿੱਚ ਪਨਾਮਾ ਪੇਪਰਜ਼ ਨਾਂ ਦਾ ਧਮਾਕਾ ਕੀਤਾ ਸੀ। ਆਈਸੀਆਈਜੇ ਅਨੁਸਾਰ ਪੈਰਾਡਾਈਜ਼ ਪੇਪਰਜ਼ ਵਿੱਚ 7 ਮਿਲੀਅਨ ਦੇ ਵਿੱਤੀ ਦਸਤਾਵੇਜ਼ਾਂ ਸਮੇਤ ਹੋਰ ਈਮੇਲਜ਼ ਸ਼ਾਮਲ ਹਨ ਜਿਨ੍ਹਾਂ ਤੋਂ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਨਾਲ ਨਾਲ ਦੁਨੀਆ ਭਰ ਦੇ 120 ਸਿਆਸਤਦਾਨਾਂ ਤੇ ਵਿਸ਼ਵ ਆਗੂਆਂ ਦੇ ਸੱਤ ਸਮੁੰਦਰੋਂ ਪਾਰਲੇ ਹਿਤਾਂ ਤੇ ਗਤੀਵਿਧੀਆਂ ਦਾ ਖੁਲਾਸਾ ਹੁੰਦਾ ਹੈ। ਗਰੁੱਪ ਦਾ ਕਹਿਣਾ ਹੈ ਕਿ ਮਹਾਰਾਣੀ ਬਾਰੇ ਵੇਰਵਿਆਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਪ੍ਰਾਈਵੇਟ ਅਸਟੇਟ ਨੇ ਅਸਿੱਧੇ ਤੌਰ ਉੱਤੇ ਰੈਂਟ-ਟੂ-ਓਨ ਲੋਨ ਕੰਪਨੀ ਵਿੱਚ ਨਿਵੇਸ਼ ਕੀਤਾ ਹੋਇਆ ਹੈ ਜਿਸ ਉੱਤੇ ਗਲਤ ਹਥਕੰਢੇ ਵਰਤਣ ਦਾ ਵੀ ਦੋਸ਼ ਹੈ। ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੈਚੀਅਨ, ਪਾਲ ਮਾਰਟਿਨ ਤੇ ਬ੍ਰਾਇਨ ਮਲਰੋਨੀ ਉਨ੍ਹਾਂ ਕੈਨੇਡੀਅਨ ਹਸਤੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਇਸ ਮਾਮਲੇ ਨਾਲ ਜੁੜੇ ਹੋਣ ਕਾਰਨ ਜਾਰੀ ਕੀਤੇ ਗਏ ਹਨ। ਕ੍ਰੈਚੀਅਨ ਬਾਰੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜੁਲਾਈ 2007 ਵਿੱਚ ਮੈਡਾਗਾਸਕਰ ਸਥਿਤ ਤੇਲ ਤੇ ਗੈਸ ਉੱਦਮ ਵਿੱਚੋਂ ਕੰਸਲਟਿੰਗ ਕਰਨ ਬਦਲੇ ਸ਼ੇਅਰਜ਼ ਹਾਸਲ ਹੋਏ ਸਨ। ਪਰ ਐਪਲਬਾਇ ਦੀਆਂ ਫਾਈਲਾਂ ਵਿੱਚ ਇਸ ਗੱਲ ਦਾ ਕਿਤੇ ਵੀ ਜਿ਼ਕਰ ਨਹੀਂ ਮਿਲਦਾ ਕਿ ਕ੍ਰੈਚੀਅਨ ਨੇ ਇਸ ਬਦਲ ਦੀ ਵਰਤੋਂ ਕੀਤੀ ਹੋਵੇ। ਦੂਜੇ ਪਾਸੇ ਕ੍ਰੈਚੀਅਨ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਆਖਿਆ ਸੀ ਕਿ ਉਨ੍ਹਾਂ ਨੂੰ ਮੈਡਾਗਾਸਕਰ ਆਇਲ ਲਿਮਟਿਡ ਵਿਚਲੇ ਇਨ੍ਹਾਂ ਸੇ਼ਅਰਜ਼ ਦੀ ਕੋਈ ਜਾਣਕਾਰੀ ਨਹੀਂ ਹੈ। ਮਾਰਟਿਨ ਦਾ ਨਾਂ ਸੀਐਸਐਲ ਗਰੁੱਪ ਇਨਕਾਰਪੋਰੇਸ਼ਨ ਵਿੱਚ ਉਨ੍ਹਾਂ ਦੀ ਪਹਿਲਾਂ ਰਹੀ ਹਿੱਸੇਦਾਰੀ ਕਾਰਨ ਆਇਆ ਹੈ। ਇਹ ਇੱਕ ਕੌਮਾਂਤਰੀ ਸਿ਼ਪਿੰਗ ਫਰਮ ਹੈ ਜਿਸ ਨੂੰ ਅੱਜਕੱਲ੍ਹ ਉਨ੍ਹਾਂ ਦੇ ਲੜਕੇ ਸਾਂਭ ਰਹੇ ਹਨ ਤੇ ਲੀਕ ਹੋਏ ਦਸਤਾਵੇਜ਼ਾਂ ਅਨੁਸਾਰ ਇਹ ਐਪਲਬਾਇ ਦੇ ਵੱਡੇ ਕਲਾਇੰਟਸ ਵਿੱਚੋਂ ਇੱਕ ਹੈ। ਮਾਰਟਿਨ ਦੇ ਬੁਲਾਰੇ ਨੇ ਆਈਸੀਆਈਜੇ ਨੂੰ ਦੱਸਿਆ ਕਿ ਇੱਕ ਚੌਥਾਈ ਸਦੀ ਤੋਂ ਸਾਬਕਾ ਪ੍ਰਧਾਨ ਮੰਤਰੀ ਸੀਐਸਐਲ ਦੇ ਮਾਮਲਿਆਂ ਵਿੱਚ ਸ਼ਾਮਲ ਨਹੀਂ ਹਨ ਤੇ ਉਹ ਇਸ ਦੀਆਂ ਗਤੀਵਿਧੀਆਂ ਉੱਤੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਹਨ।  2004 ਤੇ 2009 ਦਰਮਿਆਨ ਸੈੱਡ ਹੋਲਡਿੰਗਜ਼ ਦੇ ਡਾਇਰੈਕਟਰ ਵਜੋਂ ਮਲਰੋਨੀ ਦਾ ਨਾਂ ਐਪਲਬਾਇ ਫਾਈਲਜ਼ ਵਿੱਚ ਦਰਜ ਹੈ। ਬਰਮੂਦਾ ਸਥਿਤ ਕੰਪਨੀ ਨੂੰ ਸੀਰੀਆਈ-ਸਾਊਦੀ ਕਾਰੋਬਾਰੀ ਵਾਫਿਕ ਸਈਅਦ ਨਿਯੰਤਰਿਤ ਕਰਦਾ ਹੈ। ਯੂਕੇ ਤੇ ਸਾਊਦੀ ਅਰੇਬੀਆ ਦਰਮਿਆਨ ਹਥਿਆਰਾਂ ਬਦਲੇ ਤੇਲ ਸਬੰਧੀ ਹੋਏ ਬਹੁ ਕਰੋੜੀ ਅਲ-ਯਾਮਾਹ ਸਮਝੌਤੇ ਵਿੱਚ ਵਾਫਿਕ ਸਈਅਦ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਫੈਡਰਲ ਲਿਬਰਲ ਪਾਰਟੀ ਦੇ ਚੀਫ ਫੰਡਰੇਜ਼ਰ ਸਟੀਫਨ ਆਰ ਬਰੌਂਫਮੈਨ ਦਾ ਨਾਂ ਵੀ ਇਨ੍ਹਾਂ ਪੇਪਰਾਂ ਵਿੱਚ ਬੋਲਦਾ ਹੈ। ਉਹ ਲਿਬਰਲ ਪਾਰਟੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਰੈਵਨਿਊ ਚੇਅਰ ਵੀ ਹਨ। ਦਸਤਾਵੇਜ਼ਾਂ ਅਨੁਸਾਰ ਬਰੌਂਫਮੈਨ ਦੀ ਪ੍ਰਾਈਵੇਟ ਨਿਵੇਸ਼ ਕੰਪਨੀ ਕਲੈਰਿੱਜ, ਜੋ ਕਿ ਉਸ ਦੇ ਗੌਡਫਾਦਰ ਲਿਓ ਕੌਲਬਰ (ਉਹ ਵੀ ਸਾਬਕਾ ਲਿਬਰਲ ਫੰਡਰੇਜ਼ਰ ਰਹੇ ਹਨ) ਦੀ ਮਲਕੀਅਤ ਹੈ, ਨੇ ਕਈ ਮਿਲੀਅਨ ਡਾਲਰ ਦਾ ਨਿਵੇਸ਼ ਵਿਦੇਸ਼ਾਂ ਵਿੱਚ ਕੀਤਾ ਹੈ। ਆਈਸੀਆਈਜੇ ਦਾ ਕਹਿਣਾ ਹੈ ਕਿ ਬਰੌਂਫਮੈਨ ਨੇ ਕੈਨੇਡਾ, ਅਮਰੀਕਾ ਤੇ ਇਜ਼ਰਾਈਲ ਵਿੱਚ ਟੈਕਸਾਂ ਤੋਂ ਬਚਣ ਲਈ ਫੈਮਿਲੀ ਟਰਸਟ, ਸੈੱਲ ਕੰਪਨੀਆਂ ਤੇ ਅਕਾਊਂਟਸ ਨਾਲ ਸਬੰਧਤ ਜੋੜ ਤੋੜ ਰਾਹੀਂ ਇਹ ਪੈਸਾ ਵਿਦੇਸ਼ਾਂ ਵਿੱਚ ਨਿਵੇਸ਼ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ 13 ਸਹਿਯੋਗੀਆਂ ਦੇ ਨਾਂ ਵੀ ਪੈਰਾਡਾਈਜ਼ ਪੇਪਰਜ਼ ਵਿੱਚ ਸ਼ਾਮਲ ਹਨ। ਟਰੰਪ ਦੇ ਵਣਜ ਮੰਤਰੀ ਵਿਲਬਰ ਰੌਸ ਦੇ ਨਾਂ ਦਾ ਬਾਕਾਇਦਾ ਆਈਸੀਆਈਜੇ ਵੱਲੋਂ ਖੁਲਾਸਾ ਵੀ ਕੀਤਾ ਗਿਆ ਹੈ।