ਟੈਕਨੀਕਲ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਗ੍ਰਿਫ਼ਤਾਰ


* ਵਿਜੀਲੈਂਸ ਵੱਲੋਂ ਫੜਿਆ ਪੀ ਟੀ ਯੂ ਦਾ ਦੂਸਰਾ ਵੀ ਸੀ ਹੈ ਰਜਨੀਸ਼ ਅਰੋੜਾ
ਚੰਡੀਗੜ੍ਹ, 8 ਜਨਵਰੀ, (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ ਟੀ ਯੂ) ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਵਿੱਚ ਮਾਇਕ ਅਤੇ ਪ੍ਰਬੰਧਕੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਕੇ ਜਲੰਧਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਦਾ ਚਾਰ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।
ਇਸ ਬਾਰੇ ਵਿਜੀਲੈਂਸ ਬਿਊਰੋ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 2012-2013 ਦੇ ਦੌਰਾਨ ਪੀ ਟੀ ਯੂ ਵਿੱਚ ਮਾਇਕ ਅਤੇ ਪ੍ਰਬੰਧਕੀ ਬੇਨਿਯਮੀਆਂ ਦੀ ਪੜਤਾਲ ਸੇਵਾ ਮੁਕਤ ਆਈ ਏ ਐਸ ਅਫਸਰ ਐਸ ਐਸ ਢਿੱਲੋਂ ਨੇ ਕੀਤੀ ਸੀ, ਜਿਸ ਪਿੱਛੋਂ ਮਾਮਲਾ ਅਗਲੀ ਕਾਰਵਾਈ ਲਈ ਵਿਜੀਲੈਂਸ ਨੂੰ ਭੇਜਿਆ ਗਿਆ ਸੀ। ਪੜਤਾਲੀ ਰਿਪੋਰਟ ਬਾਰੇ ਕਾਨੂੰਨੀ ਰਾਏ ਦੇ ਅਧਾਰ ਉੱਤੇ ਡਾ. ਰਜਨੀਸ਼ ਅਰੋੜਾ ਤੇ ਹੋਰਨਾਂ ਦੇ ਖਿਲਾਫ਼ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਅਤੇ 13 (2) ਹੇਠ ਵਿਜੀਲੈਂਸ ਥਾਣਾ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਜਾਂਚ ਵਿੱਚ ਪਤਾ ਚੱਲਿਆ ਸੀ ਕਿ ਡਾ. ਰਜਨੀਸ਼ ਅਰੋੜਾ ਵੱਲੋਂ 6 ਕੋਆਰਡੀਨੇਟਰਾਂ ਤੇ ਫੈਸੀਲਿਟੇਟਰਾਂ (ਸੀ ਐਡ ਐੱਫ) ਦੀ ਨਿਯੁਕਤੀ ਕਿਸੇ ਇਸ਼ਤਿਹਾਰ ਦੇ ਬਗੈਰ ਮਨ-ਮਾਨੇ ਢੰਗ ਨਾਲ ਕਰ ਦਿੱਤੀ ਗਈ ਸੀ ਅਤੇ ਇਨ੍ਹਾਂ 6 ਸੀ ਐਂਡ ਐਫਜ਼ ਨੂੰ ਸਾਲ 2012-13 ਵਿੱਚ 2.73 ਕਰੋੜ ਰੁਪਏ ਅਤੇ ਸਾਲ 2013-14 ਵਿੱਚ 6.53 ਕਰੋੜ ਰੁਪਏ ਦੀਆਂ ਰਕਮਾਂ ਅਦਾ ਕੀਤੀਆਂ ਗਈਆਂ ਸਨ। ਵਿਜੀਲੈਂਸ ਦਾ ਦਾਅਵਾ ਹੈ ਕਿ ਪੀ ਟੀ ਯੂ ਵਿੱਚ ਡਾ. ਨਛੱਤਰ ਸਿੰਘ ਸਲਾਹਕਾਰ (ਡੈਪੂਟੇਸ਼ਨ) ਅਤੇ ਡਾ. ਆਰ ਪੀ ਭਾਰਦਵਾਜ ਡਾਇਰੈਕਟਰ (ਕੰਟਰੈਕਟ) ਦੀ ਨਿਯੁਕਤੀ ਤੋਂ ਪਹਿਲਾਂ ਯੂਨੀਵਰਸਿਟੀ ਨੇ ਇਸ਼ਤਿਹਾਰ ਨਹੀਂ ਦਿੱਤਾ ਸੀ ਅਤੇ ਨਾ ਕਿਸੇ ਹੋਰ ਯੂਨੀਵਰਸਿਟੀ/ ਅਦਾਰੇ ਵਿੱਚ ਇਸ ਅਸਾਮੀ ਦੀ ਭਰਤੀ ਬਾਰੇ ਸਰਕੁਲਰ ਭੇਜਿਆ ਸੀ। ਇਨ੍ਹਾਂ ਸਾਰਿਆਂ ਨੂੰ ਸਿੱਧਾ ਭਰਤੀ ਕਰਨ ਤੋਂ ਇਲਾਵਾ ਵਿਸ਼ਵਦੀਪ ਸਹਾਇਕ ਰਜਿਸਟਰਾਰ (ਐਡਹਾਕ), ਮਰਗਿੰਦਰ ਸਿੰਘ ਬੇਦੀ ਸਹਾਇਕ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਅਤੇ ਸੁਮੀਰ ਸ਼ਰਮਾ ਅਸਿਸਟੈਂਟ ਡਾਇਰੈਕਟਰ ਸੱਭਿਆਚਾਰਕ ਗਤੀਵਿਧੀਆਂ ਨੂੰ ਠੇਕੇ ਉੱਤੇ ਨਿਯੁਕਤ ਕਰਨ ਵੇਲੇ ਨਿਯਮਾਂ ਅੁਨਸਾਰ ਕਾਰਵਾਈ ਨਹੀਂ ਕੀਤੀ ਗਈ। ਏਸੇ ਤਰ੍ਹਾਂ ਸ੍ਰੀਮਤੀ ਗੀਤਿਕਾ ਸੂਦ ਲੀਗਲ ਅਫਸਰ (ਰੈਗੂਲਰ) ਦੀ ਨਿਯੁਕਤੀ ਲੋੜੀਂਦੇ ਤਜਰਬਾ ਸਰਟੀਫਿਕੇਟ ਤੋਂ ਬਗੈਰ ਕੀਤੀ ਗਈ ਸੀ ਤੇ ਅਸ਼ੀਸ ਸ਼ਰਮਾ ਪ੍ਰੋਗਰਾਮਰ (ਰੈਗੂਲਰ) ਵੀ ਨਿਯੁਕਤੀ ਸਮੇਂ ਇਸ ਅਸਾਮੀ ਲਈ ਲੋੜੀਂਦਾ ਤਜਰਬਾ ਪੂਰਾ ਨਹੀਂ ਕਰਦਾ ਸੀ। ਡਾ. ਰਜਨੀਸ਼ ਅਰੋੜਾ ਨੇ ਆਪਣੇ ਪੁਰਾਣੇ ਕਲਾਸ-ਮੇਟ ਪ੍ਰਵੀਨ ਕੁਮਾਰ ਨੂੰ ਮੈਸਰਜ਼ ਐਨ ਈ ਟੀ ਆਈ ਆਈ ਟੀ ਲਈ ਇਸ ਯੂਨੀਵਰਸਿਟੀ ਦਾ ਸਲਾਹਕਾਰ ਨਿਯੁਕਤ ਕਰ ਕੇ ਉਸ ਦੀ ਕੰਪਨੀ ਨੂੰ ਮੋਟੀਆਂ ਰਕਮਾਂ ਅਦਾ ਕੀਤੀਆਂ ਸਨ। ਜਾਂਚ ਦੌਰਾਨ ਉਸ ਸਲਾਹਕਾਰ ਦੀ ਨਿਯੁਕਤੀ ਅਤੇ ਅਦਾਇਗੀਆਂ ਕਰਨ ਵਿੱਚ ਵੱਡੀਆਂ ਖਾਮੀਆਂ ਮਿਲੀਆਂ। ਯੂਨੀਵਰਸਿਟੀ ਨੂੰ ਕੰਸਲਟੈਂਟ ਦੀ ਨਿਯੁਕਤੀ ਵਾਪਸ ਲੈਣ ਦੀ ਹਦਾਇਤ ਵੀ ਕੀਤੀ ਗਈ, ਪ੍ਰੰਤੂ ਇਹ ਵਾਪਸ ਨਹੀਂ ਲਈ ਗਈ ਤੇ ਪ੍ਰਵੀਣ ਨੂੰ ਦਸੰਬਰ 2014 ਤੱਕ ਵੀ ਕੰਮਾਂ ਦੀ ਲਗਾਤਾਰ ਅਦਾਇਗੀ ਹੁੰਦੀ ਰਹੀ, ਜਿਹੜੀ ਕੁੱਲ 24.37 ਕਰੋੜ ਰੁਪਏ ਬਣਦੀ ਸੀ।
ਵਿਜੀਲੈਂਸ ਦੇ ਦੱਸਣ ਮੁਤਾਬਕ ਯੂਨੀਵਰਸਿਟੀ ਨੇ ਸੋਲਰ ਲਾਈਟਾਂ ਲਵਾਉਣ ਉਤੇ ਯੂਨੀਵਰਸਿਟੀ ਐਕਟ ਦੀ ਧਾਰਾ 4(17) ਦੇ ਉਲਟ ਜਾ ਕੇ 5.60 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਸੀ ਅਤੇ ਜਾਂਚ ਹੋਣ ਸਮੇਂ ਇਸ ਦੀ ਫਾਈਲ ਗੁੰਮ ਕਰ ਦਿੱਤੀ ਗਈ ਸੀ। ਵਿਜੀਲੈਂਸ ਮੁਤਾਬਕ ਡਾ. ਰਜਨੀਸ਼ ਅਰੋੜਾ ਅਤੇ ਮੈਸਰਜ਼ ਐਨ ਈ ਟੀ ਆਈ ਆਈ ਟੀ ਵੱਲੋਂ ਮਿਲੀਭੁਗਤ ਨਾਲ ਦਿੱਲੀ ਕੈਂਪ ਆਫਿਸ ਖੋਲ੍ਹ ਕੇ 1.65 ਕਰੋੜ ਰੁਪਏ ਫਜ਼ੂਲ ਖਰਚ ਕਰ ਦਿੱਤੇ ਗਏ ਅਤੇ ਚੰਡੀਗੜ੍ਹ ਵਿਖੇ ਧਰਿੰਦਰ ਤਾਇਲ ਵੱਲੋਂ ਸਥਾਪਿਤ ਕੀਤੇ ਡਾਇਰੈਕਟ ਲਰਨਿੰਗ ਸੈਂਟਰ ਨੂੰ ਹੋਰਨਾਂ ਲਰਨਿੰਗ ਸੈਂਟਰਾਂ ਮੁਕਾਬਲੇ ਵੱਧ ਫੀਸ ਚਾਰਜ ਕਰਨ ਦੀ ਖੁੱਲ੍ਹ ਦੇ ਕੇ ਉਸ ਨੂੰ ਲਾਭ ਪਹੁੰਚਾਇਆ।
ਉਂਜ ਡਾਕਟਰ ਰਜਨੀਸ਼ ਅਰੋੜਾ ਵਿਜੀਲੈਂਸ ਦੇ ਅੜਿੱਕੇ ਚੜ੍ਹਨ ਵਾਲੇ ਇਸ ਯੂਨੀਵਰਸਿਟੀ ਦੂਸਰੇ ਵਾਈ ਚਾਂਸਲਰ ਹਨ। ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਡਾ. ਐਚ ਐੱਸ ਗੁਰਮ ਵੀ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰਾਂ ਵੱਲੋਂ ਇਹ ਬੇਨਿਯਮੀਆਂ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਹੁੰਦੀਆਂ ਰਹੀਆਂ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਵੀ ਵਿਜੀਲੈਂਸ ਨੇ ਉਦੋਂ ਹੀ ਕੀਤੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਅਕਾਲੀ-ਭਾਜਪਾ ਗੱਠਜੋੜ ਦੀ ਪਹਿਲੀ ਸਰਕਾਰ 1997 ਤੋਂ 2002 ਤੱਕ ਸੀ, ਉਸ ਦੇ ਸਮੇਂ ਦੌਰਾਨ ਇਸ ਯੂਨੀਵਰਸਿਟੀ ਵਿੱਚ ਵੱਡੇ ਘਪਲੇ ਨਿਕਲੇ ਸਨ, ਜਿਸ ਵਿੱਚ ਵਿੱਤੀ ਬੇਨਿਯਮੀਆਂ ਦੇ ਨਾਲ ਕਾਨੂੰਨ ਨੂੰ ਉਲੰਘ ਕੇ 95 ਮੁਲਾਜ਼ਮ ਭਰਤੀ ਕਰਨ ਦਾ ਮੁੱਦਾ ਵੀ ਭਖ਼ਿਆ ਸੀ। ਪੰਜਾਬ ਵਿੱਚ ਜਦੋਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਡਾ. ਐਚ ਐੱਸ ਗੁਰਮ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਕਾਂਗਰਸ ਸਰਕਾਰ ਦੇ ਸਮੇਂ ਇਸ ਯੂਨੀਵਰਸਿਟੀ ਦੇ ਲਈ ਵਾਈ ਐੱਸ ਰਾਜਨ ਅਤੇ ਐਸ ਕੇ ਸਲਵਾਨ ਵਰਗੇ ਨਾਮਵਰ ਸਾਇੰਸਦਾਨ ਵਾਈਸ ਚਾਂਸਲਰ ਬਣਾਏ ਗਏ ਸਨ, ਪਰ ਇਸ ਦੇ ਭ੍ਰਿਸ਼ਟਾਚਾਰ ਅੱਗੇ ਉਨ੍ਹਾਂ ਦੀ ਵੀ ਪੇਸ਼ ਨਹੀਂ ਗਈ। ਫਿਰ 10 ਸਾਲਾ ਅਕਾਲੀ-ਭਾਜਪਾ ਰਾਜ ਦੌਰਾਨ ਇਸੇ ਯੂਨੀਵਰਸਿਟੀ ਦੇ ਫੰਡਾਂ ਵਿੱਚੋਂ ਪੈਸਾ ਕੱਢ ਕੇ ਬਠਿੰਡਾ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਣਾ ਦਿੱਤੀ ਗਈ ਸੀ। ਰਜਨੀਸ਼ ਅਰੋੜਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕਾਫ਼ੀ ਸਮੇਂ ਤੱਕ ਵਾਈਸ ਚਾਂਸਲਰ ਰਹੇ ਤੇ ਕਈ ਵਾਰ ਉਨ੍ਹਾਂ ਦੇ ਅਹੁਦੇ ਦੀ ਮਿਆਦ ਵਧਾਈ ਗਈ ਸੀ। ਇਸ ਯੂਨੀਵਰਸਿਟੀ ਨੂੰ ਆਮ ਬੋਲੀ ਵਿੱਚ ਭਾਜਪਾ ਕੋਟੇ ਦੀ ਯੂਨੀਵਰਸਿਟੀ ਮੰਨਿਆ ਜਾਂਦਾ ਸੀ ਅਤੇ ਰਜਨੀਸ਼ ਅਰੋੜਾ ਵੱਲੋਂ ਭਰਤੀ ਕੀਤੇ ਸਟਾਫ ਉੱਤੇ ਆਰ ਐਸ ਐਸ ਦੇ ਪਿਛੋਕੜ ਦੇ ਦੋਸ਼ ਵੀ ਲੱਗਦੇ ਰਹੇ ਸਨ। ਮੌਜੂਦਾ ਸਰਕਾਰ ਬਣਨ ਪਿੱਛੋਂ ਆਈ ਏ ਐਸ ਅਫ਼ਸਰ ਕਾਹਨ ਸਿੰਘ ਪਨੂੰ ਨੂੰ ਇਸ ਦਾ ਵਾਈਸ ਚਾਂਸਲਰ ਲਾਇਆ ਗਿਆ ਤਾਂ ਉਨ੍ਹਾਂ ਵੱਲੋਂ ਵੇਖੀਆਂ ਫਾਈਲਾਂ ਤੋਂ ਰਜਨੀਸ਼ ਅਰੋੜਾ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਤਾਂ ਅੰਦਰਖਾਤੇ ਆਰ ਐਸ ਐਸ ਵੱਲੋਂ ਪਾਏ ਦਬਾਅ ਹੇਠ ਕਾਹਨ ਸਿੰਘ ਪਨੂੰ ਦੀ ਬਦਲੀ ਕਰ ਦਿੱਤੀ ਗਈ ਸੀ। ਹੁਣ ਰਜਨੀਸ਼ ਅਰੋੜਾ ਦੀ ਗ੍ਰਿਫ਼ਤਾਰੀ ਨਾਲ ਭਾਜਪਾ ਵਿੱਚ ਹਲਚਲ ਮੱਚੀ ਪਈ ਹੈ।