ਟੈਕਨਾਲੋਜ਼ੀ `ਚ ਗਵਾਚੇ ਬੱਚੇ

-ਡਾ. ਗੁਰਬਖ਼ਸ਼ ਸਿੰਘ ਭੰਡਾਲ

ਗੁਰਦੁਆਰੇ `ਚ ਕੀਰਤਨ ਚੱਲ ਰਿਹਾ ਹੈ। ਮੇਰੇ ਕੋਲ ਹੀ ਬਾਪ ਨਾਲ ਬੈਠਾ ਬੱਚਾ ਫੋਨ `ਤੇ ਗੇਮਾਂ ਵਿਚ ਰੁੱਝਾ ਹੈ। ਬਾਪ ਖੁਸ਼ ਹੈ ਕਿ ਬੱਚਾ ਤੰਗ ਨਹੀਂ ਕਰਦਾ। ਬੱਚੇ ਨੂੰ ਕੁਝ ਨਹੀਂ ਪਤਾ ਕਿ ਉਸਦੇ ਆਲੇ-ਦੁਆਲੇ ਕੀ ਹੋ ਰਿਹਾ ਏ ਅਤੇ ਉਹ ਕਿਹੜੇ ਮਾਹੌ਼ਲ ਵਿਚ ਵਿਚਰ ਰਿਹਾ ਏ? ਭਲਾ! ਬੱਚੇ ਨੂੰ ਗੁਰਦੁਆਰੇ ਲਿਆਉਣ ਦਾ ਕੀ ਅਰਥ ੲ? ਇਹ ਤਾਂ ਸਿਰਫ਼, ਬੇਬੀ ਸਿਟੰਗ ਹੀ ਕਹੀ ਜਾ ਸਕਦੀ ਏ। ਬੱਚਿਆਂ ਨੂੰ ਅਸੀਂ ਆਪਣੇ ਧਰਮ, ਵਿਰਸੇ ਅਤੇ ਮੂਲ ਨਾਲ ਜੋੜਨ ਲਈ ਹੀ ਗੁਰਦਆਰਾ ਸਾਹਿਬ ਲੈ ਕੇ ਆਊਂਦੇ ਹਾਂ। ਬੱਚੇ ਦੀ ਅਜੇਹੀ ਮਾਨਸਿਕਤਾ ਨੂੰ ਦੇਖ ਕੇ ਮਨ ਉਚਾਟ ਹੋ ਜਾਂਦਾ ਏ ਅਤੇ ਮਾਪਿਆਂ `ਤੇ ਤਰਸ ਤੇ ਰੋਸ ਆਉਂਦਾ ਏ।

ਰੋਟੀ ਦਾ ਸਮਾਂ ਹੈ। ਬੱਚਾ ਖਾਣਾ ਨਹੀਂਂ ਖਾ ਰਿਹਾ। ਮਾਂ ਉਸਨੂੰ ਆਈਪੈਡ `ਤੇ ਗੇਮ ਲਾ ਦਿੰਦੀ ਹੈ ਅਤੇ ਉਸਦੇ ਮੂੰਹ ਵਿਚ ਬੁਰਕੀਆਂ ਪਾਈ ਜਾਂਦੀ ਹੈ। ਬੱਚੇ ਕਿਸੇ ਰੋਬੋਟ ਵਾਂਗ ਖਾਣਾ ਖਾਈ ਜਾ ਰਿਹਾ ਹੈ। ਉਸਦਾ ਖਾਣੇ ਦੇ ਸਵਾਦ ਜਾਂ ਪੇਟ ਦੇ ਰੱਜ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਉਸਦਾ ਧਿਆਨ ਤਾਂ ਗੇਮ `ਤੇ ਹੀ ਕੇਂਦਰਤ ਏ। ਮਾਂ ਖੁੱਸ਼ ਏ ਕਿ ਬੱਚੇ ਨੇ ਰੋਟੀ ਖਾ ਲਈ ਏ ਅਤੇ ਬੱਚਾ ਵੀ ਖੁਸ਼ ਏ ਕਿ ਉਸਨੇ ਆਪਣੀ ਮਰਜੀ ਦੀ ਗੇਮ ਦੇਖ ਲਈ। ਪਰ ਇਸ ਦਰਮਿਆਨ ਮਾਂ ਅਤੇ ਬੱਚੇ ਵਿਚਲੀ ਆਪਸੀ ਪਿਆਰ ਤੇ ਅਪਣੱਤ ਕਿਥੇ ਚਲੇ ਗਈ? ਬੱਚੇ ਦੇ ਲਾਪਤਾ ਹੋਏ ਖਾਣੇ ਦੇ ਸਵਾਦ ਅਤੇ ਨਿੱਕੀਆਂ ਗੱਲਾਂ ਨਾਲ ਭਰੇ ਵਿਸਮਾਦੀ ਪਲ੍ਹ ਦੀ ਗੁੰਮਸ਼ੂਦਗੀ ਨੂੰ ਕੀ ਨਾਮ ਦੇਵਾਂਗੇ? ਕੀ ਇਹ ਖਾਣਾ ਬੱਚੇ ਨੂੰ ਉਸ ਰੂਪ ਵਿਚ ਹੀ ਲੱਗੇਗਾ ਜਿਸ ਮੋਹ ਨਾਲ ਮਾਂ ਨੇ ਤਿਆਰ ਕੀਤਾ ਸੀ ਅਤੇ ਖੁਆਉਣਾ ਚਾਹਿਆ ਸੀ?

ਬੱਚਾ ਰੋ ਰਿਹਾ ਏ ਅਤੇ ਮਾਂ ਕੋਲ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਵਰਚਾਉਣ ਦਾ ਮੌਕਾਹੀ ਨਹੀਂ ਜਾਂ ਉਸਨੂੰ ਜਾਚ ਨਹੀਂ ਏ। ਉਹ ਝੱਟ ਦੇਣੀ ਆਪਣੇ ਫੋਨ ਜਾਂ ਆਈਪੈਡ `ਤੇ ਗੇਮ ਲਗਾ ਕੇ ਬੱਚੇ ਨੂੰ ਵਰਚਾਉਣ ਦੇ ਆਹਰੇ ਲੱਗ ਜਾਂਦੀ ਏ। ਬੱਚਾ ਮਾਂ ਨਾਲ ਜਾਣ ਦੀ ਜਿੱਦ ਕਰੇ ਤਾਂ ਬੱਚੇ ਨੂੰ ਇਲੈਕਟਰੋਨਿਕ ਖਿਡੌਣਾ ਨਾਲ ਵਰਚਾ ਦਿਤਾ ਜਾਂਦਾ ਏ।

ਪਰਿਵਾਰਕ ਮਿਲਣੀ ਦੌਰਾਨ ਕੁਝ ਬੱਚੇ ਬੈਠੇ ਨੇ। ਇਕ ਫੋਨ `ਤੇ ਚੈਟਿੰਗ ਕਰ ਰਿਹਾ ਏ, ਦੂਸਰਾ ਟੈਕਸਟ ਮੈਸੇਜ਼ ਭੇਜ ਰਿਹਾ ਏ, ਤੀਸਰਾ ਫੇਸਬੁੱਕ ਨੂੰ ਅਪਲੋਡ ਕਰ ਰਿਹਾ ਏ, ਚੌਥਾ ਟਵੀਟ ਕਰ ਰਿਹਾ ਏ, ਪੰਜਵਾਂ ਫੋਨ `ਤੇ ਮਿਊਜਿ਼ਕ ਸੁਣ ਰਿਹਾ ਏ ਅਤੇ ਕੋਈ ਹੋਰ ਫੋਨ ਕਰ ਰਿਹਾ ਏ। ਆਪਸ ਵਿਚ ਕੋਈ ਗੱਲਬਾਤ ਨਹੀਂ। ਉਹਨਾਂ ਦੀਆਂ ਗੱਲਾਂ ਬਾਤਾਂ ਅਤੇ ਵਿਚਾਰਾਂ ਦੇ ਦਾਨ-ਪ੍ਰਦਾਨ ਦਾ ਜ਼ਰੀਆ ਸਿਰਫ਼ ਫੋਨ/ਆਈਪੈਡ ਹੀ ਰਹਿ ਗਿਆ ਏ। ਇਹ ਕਿਸ ਤਰਾਂ੍ਹ ਦੀ ਪੀਹੜੀ ਦੀ ਸਿਰਜਣਾ ਹੋ ਰਹੀ ਏ? ਮਾਪੇ ਇਸ ਤੋਂ ਅਵੇਸਲੇ ਕਿਉਂ ਨੇ? ਕਿਹੋ ਜਿਹਾ ਵਿਅਕਤੀਤੱਵ ਸਮਾਜ ਤੇ ਪਰਿਵਾਰ ਦਾ ਹਿੱਸਾ ਬਣੇਗਾ ਅਤੇ ਕਿਹੜੀ ਸੇਧ ਆਉਣ ਵਾਲੀ ਨਸਲ ਨੂੰ ਮਿਲੇਗੀ?

ਕੀ ਇਹ ਅਧੁਨਿਕ ਟੈਕਨਾਲੋਜ਼ੀ ਸਿਰਫ਼ ਬੱਚਿਆਂ ਲਈ ਸਹੀ ਹੈ? ਕੀ ਕਦੇ ਸੋਚਿਆ ਜੇ ਕਿ ਇਸਦੀ ਬਹੁਤ ਹੀ ਛੋਟੀ ਉਮਰ ਵਿਚ ਵਰਤੋਂ, ਕਿਸ ਤਰਾਂ੍ਹ ਦਾ ਮਾਨਸਿਕ ਅਤੇ ਸਰੀਰਕ ਵਿਗਾੜ ਪੈਦਾ ਕਰਦੀ ਹੈ? ਕੀ ਕਿਸੇ ਨੇ ਕਿਆਸ ਕੀਤਾ ਏ ਕਿ ਵੱਡੇ ਵਪਾਰਕ ਅਦਾਰੇ ਬੱਚਿਆਂ ਦੇ ਖਿਡੌਣੇ ਅਤੇ ਗੇਮਾਂ ਬਣਾ ਕੇ ਕਿੰਨੀ ਕਮਾਈ ਕਰ ਰਹੇ ਨੇ? ਇਸਨੂੰ ਬੱਚਿਆਂ ਲਈ ਚੰਗਾ ਸਿੱਧ ਕਰਨ ਲਈ ਕਿੰਨੀਆਂ ਵਿਕਾਊ ਰਿਪੋਰਟਾਂ ਤਿਆਰ ਕਰਵਾ ਕੇ ਛਪਵਾਉਂਦੇ ਨੇ ਅਤੇ ਕਿਸ ਤਰਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਗੁੰੰਮਰਾਹ ਕਰਦੇ ਨੇ? ਕੀ ਕਿਸੇ ਨੇ ਅੰਦਾਜਾ ਲਾਇਆ ਏ ਕਿ ਵਿਕਸਤ ਦੇਸ਼ਾਂ ਵਿਚ ਸਭ ਤੋਂ ਵੱਡੀ ਮੰਡੀ ਬੱਚਿਆਂ ਦੀਆਂ ਇਲੈਕਰੋਨਿਕ ਗੇਮਾਂ `ਤੇ ਹੀ ਕੇਂਦਰਤ ਏ?

ਕੀ ਕਦੇ ਇਹ ਕਿਆਸ ਕੀਤਾ ਹੈ ਕਿ ਆਈਪੈਡ ਜਾਂ ਫੋਨਾਂ `ਤੇ ਗੇਮਾਂ ਦੇਖ ਰਹੇ ਬੱਚਿਆਂ ਦੇ ਸਰੀਰਕ/ਮਾਨਿਸਕ ਵਿਕਾਸ ਲਈ ਉਸਦਾ ਸਰੀਰਕ ਗਤੀਵਿਧੀਆਂ/ਵਰਜਿ਼ਸ਼ ਵਿਚ ਭਾਗ ਲੈਣਾ ਅਤੇ ਬਾਹਰੀ ਖੇਡਾਂ ਵਿਚ ਆਪਣੇ ਆਪ ਨੂੰ ਵਿਅਸਤ ਕਰਨਾ ਕਿੰਨਾ ਜਰੂਰੀ ਹੈ? ਗੇਮਾਂ ਰਾਹੀਂ ਦੇਖਾਈਆਂ ਜਾ ਰਹੀਆਂ ਮਸਨੂਈ ਖੇਡਾਂ ਤੋਂ ਹੱਟ ਕੇ ਅਸਲੀਅਤ ਵਿਚ ਇਹਨਾਂ ਵਿਚ ਭਾਗ ਲੈਣ ਦੀ ਜਰੂਰਤ ਹੈ। ਕੀ ਸਾਨੂੰ ਪਤਾ ਹੈ ਕਿ ਇਸ ਨਾਲ ਬੱਚੇ ਦੇ ਮਾਨਸਿਕ, ਸਰੀਰਕ ਅਤੇ ਆਤਮਿਕ ਵਿਕਾਸ ਦਾ ਕਿੰਨਾ ਨੁਕਸਾਨ ਹੁੰਦਾ ਏ?

ਬੱਚਿਆਂ ਨੂੰ ਫੋਨਾਂ ਜਾਂ ਆਈਪੈਡ ਰਾਹੀਂ ਪਰਚਾ ਕੇ, ਅਸੀਂ ਕਿੰਂਨੀ ਵੱਡੀ ਕੁਤਾਹੀ ਕਰ ਰਹੇ ਹਾਂ? ਇਸਦਾ ਖਮਿਆਜ਼ਾ ਬੱਚਿਆਂ ਅਤੇ ਸਾਨੂੰ ਹੀ ਭੂਗਤਣਾ ਪਵੇਗਾ। ਬੱਚਿਆਂ ਵਿਚ ਛੋਟੀ ਉਮਰ ਵਿਚ ਹੋ ਰਿਹਾ ਮੋਟਾਪਾ ਹੋਵੇ, ਉਹਨਾਂ ਵਿਚ ਡਾਇਬਟੀਜ਼ ਦਾ ਹੋਣਾ ਹੋਵੇ, ਕਈ ਤਰਾਂ੍ਹ ਦੀਆਂ ਸਰੀਰਕ ਅਲਾਮਤਾਂ ਦਾ ਸਿ਼ਕਾਰ ਹੋਣਾ ਹੋਵੇ, ਬੱਚਿਆਂ ਦੀਆਂ ਲੱਗ ਰਹੀਆਂ ਮੋਟੀਆਂ ਮੋਟੀਆਂ ਐਨਕਾਂ ਹੋਣ ਜਾਂ ਉਹਨਾਂ ਦੀ ਕੰਮਜੋਰ ਹੋ ਰਹੀ ਬਿਮਾਰੀਆਂ ਨਾਲ ਜੂਝਣ ਦੀ ਸਮਰੱਥਾ ਹੋਵੇ, ਬਹੁਤ ਸਾਰੀਆਂ ਅਲਾਮਤਾਂ ਹਨ।

ਇੰਗਲੈਂਡ ਵਿਚ ਹੋਈ ਸਟੱਡੀ ਵਿਚ ਇਹ ਦੇਖਿਆ ਗਿਆ ਕਿ ਸਿਰਫ਼ 51% ਬੱਚੇ ਹੀ ਹਰ ਰੋਜ਼ ਨਿਸਚਿੱਤ ਸਰੀਰਕ ਗਤੀਵਧੀਆਂ ਜਾਂ ਗੇਮਾਂ ਵਿਚ ਭਾਗ ਲੈਂਦੇ ਹਨ ਜਿਹਨਾਂ ਵਿਚੋਂ ਮੁੰਡੇ 63% ਅਤੇ ਕੁੜੀਆਂ 37% ਆਉਂਦੀਆਂ ਹਨ। 12 ਸਾਲ ਦੀ ਉਮਰ ਵਿਚ ਬ੍ਰਿਟਿਸ਼ ਦਾ ਜੰਮਪਲ੍ਹ ਬੱਚਾ ਆਪਣਾ ਫੋਨ ਲੈ ਲੈਂਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਟੱਡੀ ਅਨੁਸਾਰ ਦਸਾਂ ਵਿਚੋਂ ਇਕ ਬੱਚਾ ਤਾਂ 5 ਸਾਲ ਦੀ ਉਮਰ ਵਿਚ ਹੀ ਆਪਣਾ ਫੋਨ ਲੈ ਲੈਂਦਾ ਹੈ ਜਦ ਕਿ ਉਸਨੂੰ ਫੋਨ ਜਾਂ ਇਸਦੀ ਵਰਤੋਂ ਦੇ ਲਾਭ/ਹਾਨੀ ਤਾਂ ਇਕ ਪਾਸੇ ਰਹੀ, ਉਸਨੂੰ ਇਸਦੀ ਵਰਤੋਂ ਕਰਨ ਵਿਚ ਵੀ ਮੁਸ਼ਕਲ ਆ ਸਕਦੀ ਏ ਅਤੇ ਹੋ ਸਕਦਾ ਹੈ ਕਿ ਉਸਦੇ ਨਿੱਕੇ ਨਿੱਕੇ ਹੱਥਾਂ ਲਈ  ਲਈ ਫੋਨ ਦਾ ਭਾਰ ਉਠਾਉਣਾ ਵੀ ਔਖਾ ਹੋਵੈ। ਜਦ ਬੱਚੇ ਨੂੰ ਖੇਡਣ ਲਈ ਆਈਪੈਡ, ਫੋਨ ਜਾਂ ਟੀਵੀ ਗੇਮਾਂ ਮਿਲ ਜਾਂਦੀਆਂ ਨੇ ਤਾਂ ਉਹ ਬਾਹਰ ਖੇਡਣ ਕਿਉਂ ਜਾਣਗੇ? ਇਕ ਥਾਂ ਬੈਠਿਆਂ ਉਹਨਾਂ ਨੂੰ ਭੁੱਖ ਕਿਵੇਂ ਲਗੇਗੀ? ਉਹ ਰੋਟੀ ਲਈ ਰਿਆੜ ਕਿਉਂ ਕਰਨਗੇ? ਬੈਠਿਆਂ ਬੈਠਿਆਂ ਖਾਣੇ ਨੂੰ ਉਹ ਕਿਵੇਂ ਪਚਾਉਣਗੇ? ਅਤੇ ਉਹ ਬਦਜਹਜਮੀ ਦਾ ਸਿ਼ਕਾਰ ਜਰੂਰ ਹੋਣਗੇ। ਫਾਸਟ ਫੂਡ ਜਾਂ ਕੋਕ ਨੇ ਤਾਂ ਪਹਿਲਾਂ ਹੀ ਸਾਡੇ ਬੱਚਿਆਂ ਨੂੰ ਇਹਨਾਂ ਆਦਤਾਂ ਦਾ ਆਦੀ ਬਣਾ ਦਿਤਾ ਹੈ।  ਅਮਰੀਕਾ ਵਿਚ ਸਿਰਫ਼ 29% ਹਾਈ ਸਕੂਲ ਵਿਦਿਆਰਥੀ ਔਸਤਨ ਰੋਜ਼ਾਨਾ ਇਕ ਘੰਟਾ ਵਰਜਿਸ਼ ਜਾਂ ਬਾਹਰੀ ਗਤੀਵਿਧੀਆਂ ਵਿਚ ਭਾਗ ਲੈਂਦੇ ਹਨ।

ਦਰਅਸਲ ਬਚਪਨਾ, ਮਨੁੱਖੀ ਜੀਵਨ ਦਾ ਇਕ ਅਜੇਹਾ ਪੜਾਅ ਹੈ ਜਦ ਮਨੁੱਖੀ ਆਦਤਾਂ ਬਣਦੀਆਂ ਅਤੇ ਵਿਕਸਤ ਹੁੰਦੀਆਂ ਨੇ। ਬੱਚਾ ਇਕ ਜੀਵਨ ਸ਼ੈਲੀ ਨੂੰ ਅਪਨਾਉਂਦਾ ਏ। ਆਪਣੇ ਆਪ ਨੂੰ ਇਕ ਰੋਜ਼ਮਰਾ ਜੀਵਨ ਵਿਚ ਢਾਲਦਾ ਏ। ਇਹਨਾਂ ਆਦਤਾਂ ਨੇ ਹੀ ਸਾਰੀ ਉਮਰ ਉਸਦਾ ਸਾਥ ਦੇਣਾ ਏ। ਇਹ ਆਦਤਾਂ ਹੀ ਮਨੁੱਖੀ ਸਖ਼ਸ਼ੀਅਤ ਦਾ ਅਹਿਮ ਅੰਗ ਹੁੰਦੀਆਂ ਨੇ ਜਿਸਨੇ ਕਿਸੇ ਵਿਅਕਤੀ ਦੇ ਨਾਮ ਪ੍ਰਾਪਤੀਆਂ ਦਾ ਸਿਰਲੇਖ ਬਣਨਾ ਹੁੰਦਾ ਏ, ਪਰਿਵਾਰ ਦਾ ਨਾਮ ਰੌਸ਼ਨ ਕਰਨਾ ਅਤੇ ਸਮਾਜ ਲਈ ਮਾਣ ਬਣਨਾ ਹੁੰਦਾ ਏ। ਜਰਾ ਸੋਚਣਾ!  ਅਸੀਂ ਬੱਚਿਆਂ ਨੂੰ ਕਿਹੜੀਆਂ ਆਦਤਾਂ ਪਾ ਰਹੇ ਹਾਂ? ਜੇ ਅਸੀਂ ਸੋਚਦੇ ਹਾਂ ਕਿ ਚਲੋ ਬੱਚਾ ਅਜੇ ਛੋਟਾ ਹੀ ਹੈ, ਵੱਡਾ ਹੋ ਕੇ ਆਪਣੇ ਆਪ ਸੁੱਧਰ ਜਾਵੇਗਾ ਜਾਂ ਸੁਧਾਰ ਲਵਾਂਗੇ ਤਾਂ ਇਹ ਸਾਡੀ ਗਲਤਫਹਿਮੀ ਹੈ। ਲੋੜ ਹੈ ਬੱਚੇ ਨੂੰ ਸੰਭਾਲਣ, ਜੀਵਨ ਦੀਆਂ ਚੰਗੀਆਂ ਕਦਰਾਂ ਕੀਮਤਾਂ ਦੇ ਲੜ ਲਾਉਣ, ਸੁਚਾਰੂ ਆਦਤਾਂ ਅਪਨਾਉਣ ਲਈ ਭਰਮਾਉਣ ਅਤੇ ਉਸ ਨਾਲ ਬਹੁਤ ਵਧੀਆ ਸਮਾਂ ਬਿਤਾਉਣ ਦੀ। ਬੱਚੇ ਨੂੰ ਆਈਪੈਡ, ਸੈਲ ਫੋਨ ਜਾਂ ਵੀਡੀਓ ਗੇਮਾਂ ਨਾ ਦਿਓ। ਉਹਨਾਂ ਨੂੰ ਬਰਾਂਡਡ ਕਪੜੇ ਵੀ ਭਾਵੇਂ ਨਾ ਦਿਓ, ਪਰ ਆਪਣੇ ਬੱਚਿਆਂ ਨੂੰ ਆਪਣਾ ਸਮਾਂ ਜਰੂਰ  ਦਿਓ। ਇਹ ਸਮਾਂ ਹੀ ਬੱਚਿਆਂ ਲਈ ਸਭ ਤੋਂ ਕੀਮਤੀ ਹੈ। ਬੱਚਿਆਂ ਨਾਲ ਬਿਤਾਇਆ ਵਕਤ, ਬੱਚਿਆਂ ਅਤੇ ਤੁਹਾਡੇ ਲਈ ਯਾਦਗਾਰੀ ਤਾਂ ਹੋਵੇਗੀ ਹੀ ਪਰ ਇਸ ਦੇ ਨਤੀਜੇ, ਉਸ ਪੜਾਅ `ਤੇ ਯਾਦ ਆਉਣਗੇ ਜਦ ਤੁਹਾਡਾ ਤੁਸੱਵਰ ਤਿੱੜਕਣ ਦੇ ਰਾਹ ਪਿਆ।

ਸਾਡੇ ਜੀਵਨ ਵਿਚ ਆਈਆਂ ਸੁਖ-ਸਹੂਲਤਾਂ ਦੀ ਬਹੁਤਾਤ ਨੇ ਤਾਂ ਸਾਨੂੰ ਪਹਿਲਾਂ ਹੀ ਨਿਸਲ ਹੀ ਕਰ ਦਿਤਾ ਏ। ਅਸੀਂ ਪੈਰੀਂ ਤੁਰਨ ਜਾਂ ਸਰੀਰਕ ਕਾਰਜ ਕਰਨ ਨੂੰ ਅਣਡਿੱਠ ਕਰ ਰਹੇ ਹਾਂ। ਅਸੀਂ ਕੁਦਰਤ ਵਲੋਂ ਦਿਤੀ ਸਰੀਰ ਰੂਪੀ ਅਮੁਲ ਦਾਤ ਨੂੰ ਆਪਨੜੇ ਹੱਥੀਂ ਹੀ ਨਕਾਰਾ ਕਰਨ ਵੰਨੀਂ ਜਾ ਰਹੇ ਹਾਂ। ਯਾਦ ਰਹੇ ਕਿ ਸਾਰੇ ਪਾਸੇ ਫੈਲੇ ਪ੍ਰਦੁਸ਼ਣ ਤੋਂ ਬਾਅਦ ਸਰੀਰਕ ਨਾਕਰਮੀ ਕਾਰਨ ਹਰ ਸਾਲ 3.2 ਮਿਲੀਅਨ ਲੋਕ ਮਰਦੇ ਹਨ ਜੋ ਮਨੁੱਖੀ ਮੌਤ ਲਈ ਜਿੰਮੇਵਾਰ, ਚਾਰ ਪ੍ਰਮੁੱਖ ਕਾਰਨਾਂ ਵਿਚੋਂ ਇਕ ਹੈ।

ਦਰਅਸਲ ਬੱਚਾ ਸਾਡੀ ਨਕਲ ਕਰਦਾ ਏ ਅਤੇ ਉਹ ਉਹੀ ਕੁਝ ਕਰੇਗਾ ਜੋ ਅਸੀਂ ਉਸਦੇ ਸਾਹਮਣੇ ਕਰਦੇ ਹਾਂ। ਅਸੀਂ ਆਪ ਵੀ ਤਾਂ ਹਰ ਵਲੇ ਫੋਨ ਨਾਲ ਚੰਬੜੇ ਰਹਿੰਦੇ ਹਾਂ। ਕਿਸੇ ਨੂੰ ਟੈਕਸਟ ਭੇਜਦੇ, ਕਦੇ ਫੇਸਬੁੱਕ ਦੇਖਦੇ, ਕਦੇ ਟਵੀਟ ਕਰਦੇ ਹਾਂ। ਸਾਡੇ ਬੱਚੇ ਅਣਗੌਲੇ ਜਹੇ ਸਾਡੇ ਵੰਨੀਂ ਦੇਖਦੇ ਨੇ ਅਤੇ ਫਿਰ ਉਹ ਵੀ ਉਹੀ ਕੁਝ ਕਰਦੇ ਹਾਂ ਜੋ ਅਸੀਂ ਕਰ ਰਹੇ ਹੁੰਦੇ ਹਾਂ।

ਇਕ ਬਹੁਤ ਹੀ ਸੰਜੀਦਾ ਸਮਾਗਮ ਵਿਚ ਇਕ ਬਹੁਤ ਹੀ ਜਿੰੰਮੇਵਾਰ ਵਿਅਕਤੀ ਸਾਰਾ ਸਮਾਂ ਹੀ ਆਪਣੇ ਫੋਨ `ਤੇ ਲੱਗਾ ਰਿਹਾ। ਉਸਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਰਿਹਾ ਕਿ ਉਹ ਕਿਥੇ ਬੈਠਾ ਏ, ਕਿਸ ਕੰਮ ਲਈ ਆਇਆ ਅਤੇ ਕਿਹੜੇ ਗੰਭੀਰ ਮੁਦਿਆਂ `ਤੇ ਵਿਚਾਰ ਹੋ ਰਹੀ ਅਤੇ ਇਹਨਾਂ ਨੂੰ ਕਿਸ ਤਰਾਂ੍ਹ ਸੁਲਝਾਇਆ ਜਾ ਸਕਦਾ ਏ? ਕੀ ਅਸੀਂ ਸੰਜੀਦਾ/ਗ਼ਮਗੀਨ ਮਾਹੌਲ ਜਾਂ ਨਿਰੋਲ ਪਰਿਵਾਰਕ ਸਮੇਂ ਦੌਰਾਨ ਆਪਣਾ ਫੋਨ ਬੰਦ ਕਰਨ ਜਾਂ ਉਸਨੂੰ ਨਾ-ਵਰਤਣ ਦਾ ਅਹਿਦ ਨਹੀਂ ਕਰ ਸਕਦੇ?

ਪੰਜਾਬੀ ਪਿਆਰਿਓ! ਆਪਣੇ ਲਈ ਨਾ ਸਹੀ, ਆਪਣੇ ਬੱਚਿਆਂ ਲਈ ਤਾਂ ਤੁਹਾਡੇ ਕੋਲੋਂ ਅਜੇਹੀ ਆਸ ਕੀਤੀ ਹੀ ਜਾ ਸਕਦੀ ਏ। ਤੁਸੀਂ ਹੀ ਇਹਨਾਂ ਬੱਚਿਆਂ ਲਈ ਰੋਲ ਮਾਡਲ ਹੋ ਅਤੇ ਬੱਚੇ ਸਾਡਾ ਸਭ ਦਾ ਭਵਿੱਖ ਹਨ।

ਆਮੀਨ………………………..