ਟੀਨੇਜਰ ਨਾਲ ਜਿਨਸੀ ਸਬੰਧਾਂ ਦੇ ਮਾਮਲੇ ਵਿੱਚ ਮੈਰੇਡਿੱਥ ਨੂੰ ਸਜ਼ਾ ਦੇਣ ਲਈ ਸਾਰੇ ਬਦਲ ਖੁੱਲ੍ਹੇ : ਸੈਨੇਟ ਕਮੇਟੀ

imageਓਟਵਾ, 4 ਅਪਰੈਲ (ਪੋਸਟ ਬਿਊਰੋ) : ਸੈਨੇਟ ਦੀ ਐਥਿਕਸ ਕਮੇਟੀ ਦੀ ਮੁਖੀ ਦਾ ਕਹਿਣਾ ਹੈ ਕਿ ਜਿੱਥੋਂ ਤੱਕ 16 ਸਾਲਾਂ ਦੀ ਲੜਕੀ ਨਾਲ ਜਿਨਸੀ ਸਬੰਧ ਰੱਖਣ ਵਾਲੇ ਸੈਨੇਟਰ ਡੌਨ ਮੈਰੇਡਿੱਥ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਲ ਹੈ ਤਾਂ ਸਾਰੇ ਹੀ ਬਦਲ ਖੁੱਲ੍ਹੇ ਹਨ।
ਹਾਲਾਂਕਿ ਸੈਨੇਟਰ ਰੇਨੈੱਲ ਐਂਡਰੇਚੁੱਕ ਦੀ ਕਮੇਟੀ ਨੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਪਰ ਕਮੇਟੀ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਮੈਰੇਡਿੱਥ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਸੈਨੇਟ ਤੋਂ ਬਾਹਰ ਕੱਢੇ ਜਾਣ ਤੋਂ ਰੋਕਣ ਲਈ ਕਾਫੀ ਹਨ। ਐਂਡਰੇਚੁੱਕ ਦਾ ਕਹਿਣਾ ਹੈ ਕਿ ਇਸ ਗੁੰਝਲਦਾਰ ਮਾਮਲੇ ਵਿੱਚ ਕਮੇਟੀ ਜਲਦ ਹੀ ਕਿਸੇ ਫੈਸਲੇ ਉੱਤੇ ਪਹੁੰਚਣਾ ਚਾਹੁੰਦੀ ਹੈ। ਕਮੇਟੀ ਨੂੰ ਇਸ ਫੈਸਲੇ ਦੇ ਮੈਰੇਡਿੱਥ ਦੇ ਨਾਲ ਨਾਲ ਹੋਰਨਾਂ ਸੈਨੇਟਰਾਂ ਤੇ ਜਨਤਾ ਉੱਤੇ ਪੈਣ ਵਾਲੇ ਪ੍ਰਭਾਵ ਤੋਂ ਇਲਾਵਾ ਸੈਨੇਟ ਦੀ ਸਾਖ਼ ਉੱਤੇ ਹੋਣ ਵਾਲੇ ਅਸਰ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ।
ਐਂਡਰੇਚੁੱਕ, ਜੋ ਕਿ ਸਸਕੈਚਵਨ ਤੋਂ ਇੱਕ ਕੰਜ਼ਰਵੇਟਿਵ ਮੈਂਬਰ ਹੈ, ਨੇ ਆਖਿਆ ਕਿ ਇਹ ਕੋਈ ਮੁਜਰਮਾਨਾਂ ਮਾਮਲਾ ਨਹੀਂ ਹੈ ਸਗੋਂ ਅਨੁਸ਼ਾਸਕੀ ਮਾਮਲਾ ਹੈ। ਐਂਡਰੇਚੁੱਕ ਸਾਬਕਾ ਪ੍ਰੋਵਿੰਸ਼ੀਅਲ ਕੋਰਟ ਜੱਜ ਵੀ ਰਹਿ ਚੁੱਕੀ ਹੈ। ਮੰਗਲਵਾਰ ਨੂੰ ਸੈਨੇਟ ਦੀ ਐਥਿਕਸ ਕਮੇਟੀ ਨੇ ਲੱਗਭਗ ਤਿੰਨ ਘੰਟੇ ਤੱਕ ਬੰਦ ਦਰਵਾਜ਼ਾ ਮੀਟਿੰਗ ਕੀਤੀ। ਕਮੇਟੀ ਦਾ ਮੰਨਣਾ ਹੈ ਕਿ ਮੈਰੇਡਿੱਥ ਨੇ ਇੱਕ ਟੀਨੇਜਰ ਨਾਲ ਜਿਨਸੀ ਸਬੰਧ ਬਣਾਉਣ ਦੌਰਾਨ ਸੈਨੇਟਰ ਵਜੋਂ ਆਪਣੇ ਰੁਤਬੇ ਦੀ ਦੁਰਵਰਤੋਂ ਕੀਤੀ।
ਜਾਂਚ ਟੀਮ ਸਾਹਮਣੇ ਗਵਾਹੀ ਦੇਣ ਤੋਂ ਬਾਅਦ ਮੈਰੇਡਿੱਥ ਬਾਹਰ ਆ ਗਏ ਤੇ ਉਨ੍ਹਾਂ ਪੱਤਰਕਾਰਾਂ ਨਾਲ ਕੋਈ ਗੱਲ ਨਹੀਂ ਕੀਤੀ। ਕਮੇਟੀ ਦੀ ਗੱਲਬਾਤ ਨੂੰ ਗੁਪਤ ਰੱਖਣ ਦਾ ਹਵਾਲਾ ਦੇ ਕੇ ਮੀਟਿੰਗ ਵਿੱਚ ਸਾਮਲ ਹੋਰ ਕਿਸੇ ਵਿਅਕਤੀ ਨੇ ਵੀ ਇਹ ਨਹੀਂ ਦੱਸਿਆ ਕਿ ਮੈਰੇਡਿੱਥ ਨੇ ਕੀ ਬਿਆਨ ਦਿੱਤਾ। ਮੈਰੇਡਿੱਥ ਦੇ ਵਕੀਲ ਬਿੱਲ ਟਰੂਡੈੱਲ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇੱਕ ਵਾਰੀ ਮੁੜ ਕਮੇਟੀ ਨੂੰ ਮਿਲਣਾ ਚਾਹੀਦਾ ਹੈ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣੇ ਚਾਹੀਦੇ ਹਨ।
ਜਿ਼ਕਰਯੋਗ ਹੈ ਕਿ ਐਥਿਕਸ ਰਿਪੋਰਟ ਵਿੱਚ ਪਾਇਆ ਗਿਆ ਕਿ 52 ਸਾਲਾ ਮੈਰੇਡਿੱਥ ਨੇ ਇੱਕ ਮਹਿਲਾ ਦੇ 18 ਸਾਲ ਦੀ ਹੋਣ ਤੋਂ ਪਹਿਲਾਂ ਉਸ ਨਾਲ ਜਿਨਸੀ ਸਬੰਧ ਬਣਾਏ ਤੇ ਦੋ ਵਾਰੀ 18 ਸਾਲ ਦੀ ਹੋਣ ਤੋਂ ਬਾਅਦ ਵੀ ਉਸ ਨੇ ਅਜਿਹਾ ਹੀ ਕੀਤਾ। ਇਸ ਤੋਂ ਇਲਾਵਾ ਉਹ ਉਸ ਨਾਲ ਆਨਲਾਈਨ ਚੈਟ ਉੱਤੇ ਵੀ ਉਸ ਨੂੰ ਭਰਮਾਉਣ ਵਾਲੀਆਂ ਗੱਲਾਂ ਕਰਦਾ ਸੀ। ਦੂਜੇ ਪਾਸੇ ਮੈਰੇਡਿੱਥ ਨੇ ਉਸ ਲੜਕੀ ਨਾਲ ਸਬੰਧ ਹੋਣ ਦੀ ਗੱਲ ਮੰਨੀ ਪਰ ਨਾਲ ਹੀ ਇਹ ਸਫਾਈ ਵੀ ਦਿੱਤੀ ਕਿ ਉਸ ਨੇ ਲੜਕੀ ਦੇ 18 ਸਾਲ ਦੀ ਹੋਣ ਤੋਂ ਬਾਅਦ ਹੀ ਉਸ ਨਾਲ ਜਿਨਸੀ ਸਬੰਧ ਬਣਾਏ। ਇਖਲਾਕੀ ਤੌਰ ਉੱਤੇ ਅਸਫਲ ਹੋਣ ਦੀ ਗੱਲ ਕਰਦਿਆਂ ਮੈਰੇਡਿੱਥ ਜਨਤਕ ਤੌਰ ਉੱਤੇ ਮੁਆਫੀ ਵੀ ਮੰਗ ਚੁੱਕਿਆ ਹੈ ਪਰ ਉਸ ਦਾ ਇਹ ਵੀ ਆਖਣਾ ਹੈ ਕਿ ਇਸ ਤੋਂ ਭਾਵ ਸੈਨੇਟ ਵਿੱਚ ਉਸ ਦੇ ਕਾਰਜਕਾਲ ਦਾ ਖਾਤਮਾ ਨਹੀਂ ਹੋਣਾ ਚਾਹੀਦਾ।