ਟਿੰਮ ਹੌਰਟਨਜ਼ ਨੇ ਕੁੱਝ ਬ੍ਰੇਕਫਾਸਟ ਆਈਟਮਜ਼ ਦੀਆਂ ਕੀਮਤਾਂ ਵਿੱਚ ਕੀਤਾ ਇਜਾਫਾ

ਓਨਟਾਰੀਓ, 12 ਜਨਵਰੀ (ਪੋਸਟ ਬਿਊਰੋ) : ਕੁੱਝ ਚੋਣਵੀਆਂ ਮਾਰਕਿਟਸ ਵਿੱਚ ਵੱਖ ਵੱਖ ਟਿੰਮ ਹੌਰਟਨਜ਼ ਲੋਕੇਸ਼ਨਜ਼ ਉੱਤੇ ਬ੍ਰੇਕਫਾਸਟ ਦੀਆਂ ਕੁੱਝ ਆਈਟਮਜ਼ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਾਫੀ ਸ਼ਾਪ ਜਾਇੰਟ ਵੱਲੋਂ ਖੁਦ ਕੀਤੀ ਗਈ ਹੈ।
ਪਰ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਕਿਹੜੀਆਂ ਲੋਕੇਸ਼ਨਜ਼ ਤੇ ਕਿਹੜੀਆਂ ਆਈਟਮਜ਼ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਜਾਂ ਫਿਰ ਕਿੰਨਾ ਵਾਧਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਬ੍ਰੇਕਫਾਸਟ ਸੈਂਡਵਿਚਿਜ਼ ਦੀਆਂ ਕੀਮਤਾਂ ਉੱਤੇ 20 ਸੈਂਟ ਵਧਾਏ ਗਏ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤਾਂ 11.60 ਡਾਲਰ ਪ੍ਰਤੀ ਘੰਟੇ ਦੀ ਥਾਂ 14 ਡਾਲਰ ਹੋਣ ਕਾਰਨ ਹੀ ਕੰਪਨੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਰੈਂਚਾਈਜ਼ੀ ਓਨਰਜ਼ ਕੀਮਤਾਂ ਨਹੀਂ ਵਧਾ ਸਕਦੇ ਇਸ ਲਈ ਉਨ੍ਹਾਂ ਵੱਲੋਂ ਕਰਮਚਾਰੀਆਂ ਦੇ ਬੈਨੇਫਿਟਜ਼ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਟਿੰਮ ਹੌਰਟਨ ਦਾ ਕਹਿਣਾ ਹੈ ਕਿ ਨਵੀਆਂ ਕੀਮਤਾਂ ਦਾ ਘੱਟ ਤੋਂ ਘੱਟ ਉਜਰਤਾਂ ਵਿੱਚ ਕੀਤੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਬੁਲਾਰੇ ਨੇ ਆਖਿਆ ਕਿ ਕੀਮਤਾਂ ਵਿੱਚ ਨਿਯਮਤ ਵਾਧਾ ਰੈਸਟੋਰੈਂਟ ਬਿਜ਼ਨ ਦਾ ਹਿੱਸਾ ਹੈ। ਹਰੇਕ ਮੈਨਿਊ ਵਾਲੀ ਚੀਜ਼ ਦੀ ਫਾਈਨਲ ਕੀਮਤ ਤੈਅ ਕਰਨ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਇਲਾਕੇ ਦੇ ਹਿਸਾਬ ਨਾਲ ਇਹ ਕੀਮਤਾਂ ਵੱਖ ਵੱਖ ਹੋ ਸਕਦੀਆਂ ਹਨ।
ਇਸ ਚੇਨ ਵੱਲੋਂ ਪਹਿਲਾਂ ਕੁੱਝ ਗਰਮ ਪੇਅ ਪਦਾਰਥਾਂ ਤੇ ਬ੍ਰੇਕਫਾਸਟ ਮੈਨਿਊ ਆਈਟਮਜ਼ ਦੀਆਂ ਕੀਮਤਾਂ ਛੇ ਮਹੀਨੇ ਪਹਿਲਾਂ ਅਗਸਤ ਵਿੱਚ ਵਧਾਈਆਂ ਗਈਆਂ ਸਨ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਉਨ੍ਹਾਂ ਨੇ ਇਸ ਹਫਤੇ ਬ੍ਰੇਕਫਾਸਟ ਸੈਂਡਵਿਚਿਜ਼ ਉੱਤੇ 20 ਸੈਂਟ ਦਾ ਵਾਧਾ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਜਦੋਂ ਟਿੰਮ ਹੌਰਟਨਜ਼ ਨੇ ਕੀਮਤਾਂ ਵਧਾਈਆਂ ਤਾਂ ਇਹ ਆਮ ਤੌਰ ਉੱਤੇ ਵੱਡੇ ਖਿੱਤੇ ਜਿਵੇਂ ਕਿ ਸਮੁੱਚੀ ਪ੍ਰੋਵਿੰਸ ਉੱਤੇ ਅਪਲਾਈ ਹੋਣਗੀਆਂ।