ਟਿਫਨ

-ਪ੍ਰਦੀਪ ਮਹਿਤਾ
ਜਿਸ ਦੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਘੰਟੀ ਦੀ ਧੁਨ ਦੁਹਰਾਈ ਗਈ। ਵੇ ਆਗੀ ਭਾਈ, ਕਹਿੰਦੀ ਹੋਈ ਮਾਤਾ ਬਚਨੀ ਪੈਰੀਂ ਅੱਧ ਚੱਪਲਾਂ ਪਾ ਪੈਰ ਘਸੀਟਦੀ ਹੌਲੀ ਹੌਲੀ ਗੇਟ ਵੱਲ ਹੋ ਤੁਰੀ। ਖਵਨੀ ਕਿਹੜਾ ਹੋਊ…? ਵੇ ਕੌਣ ਐ ਵੀਰਾ…। ਉਸ ਦੀ ਕੰਬਦੀ ਆਵਾਜ਼ ਨੇ ਤੌਖਲਾ ਪ੍ਰਗਟ ਕੀਤਾ।
ਟਿਫਨ… ਮਾਤਾ ਜੀ… ਬਾਹਰੋਂ ਆਵਾਜ਼ ਆਈ। ਗੇਟ ਖੋਲ੍ਹ ਉਸ ਨੇ ਟਿਫਨ ਫੜ ਅਸੀਸਾਂ ਦੀ ਝੜੀ ਲਾ ਦਿੱਤੀ, ਜਿਊਂਦਾ ਰਹੁ… ਤੇਰੇ ਬੱਚੜੇ ਤੇਰੀ ਸੇਵਾ ਕਰਨ… ਤੇਰੇ ਨਾਲ ਰਹਿਣ, ਕਦੇ… ਮੇਰੇ… ਵਾਂਗੂੰ…। ਪਤਾ ਨਹੀਂ ਕਦੋਂ ਉਹ ਕੱਲ੍ਹ ਵਾਲਾ ਟਿਫਨ ਵਾਪਸ ਕਰ ਕੇ ਪੈਰ ਘਸੀਟਦੀ ਹੋਈ ਆਪਣੇ ਕਮਰੇ ਵਿੱਚ ਪਰਤ ਆਈ।
ਟਿਫਨ ਸ਼ਬਦ ਨੇ ਉਸ ਨੂੰ ਪਿਛਲੇ ਪੈਰੀਂ ਕਰ ਦਿੱਤਾ। ਇਸ ਨਾਲ ਉਸ ਦਾ ਵਾਹ ਵਿਆਹ ਤੋਂ ਵੀ ਪਹਿਲਾਂ ਦਾ ਸੀ। ਉਦੋਂ ਕੁੜੀਆਂ ਨੂੰ ਕੌਣ ਪੜ੍ਹਾਉਂਦਾ ਸੀ? ਉਹਨੂੰ ਵੀ ਘਰੇਲੂ ਕੰਮਾਂ-ਕਾਰਾਂ ਨੇ ਪੜ੍ਹਨ ਤੋਂ ਵਾਂਝਿਆ ਕਰ ਦਿੱਤਾ। ਚੰਗੇ ਵੇਲੇ ਸਨ, ਉਸ ਦਾ ਵਿਆਹ ਮਾਸਟਰ ਨਾਲ ਹੋ ਗਿਆ। ਵਿਆਹ ਹੋਣ ਪਿੱਛੋਂ ਉਸ ਦੇ ਮਨ ਵਿੱਚ ਡਰ ਬਣਿਆ ਰਿਹਾ। ਉਹ ਪੜ੍ਹਿਆ-ਲਿਖਿਆ ਮਾਸਟਰ ਤੇ ਮੈਂ ਕੋਰੀ ਅਨਪੜ੍ਹ। ਮੇਰਾ ਗੁਜ਼ਾਰਾ ਕਿਵੇਂ ਹੋਊ? ਹੋ ਸਕਦੈ ਉਹ ਮੈਨੂੰ ਪੜ੍ਹਨਾ-ਲਿਖਣਾ ਸਿਖਾ ਦੇਵੇ। ਆਪਣੀ ਅਨਪੜ੍ਹਤਾ ‘ਤੇ ਉਸ ਨੂੰ ਜਿੰਨਾ ਦੁੱਖ ਸੀ, ਓਨੀ ਤਸੱਲੀ ਵੀ ਸੀ, ਕਿ ਜੋ ਮਾਂ ਦੇ ਤੁਰ ਜਾਣ ਪਿੱਛੋਂ ਸਾਰੀ ਕਬੀਲਦਾਰੀ ਉਸ ਉੱਤੇ ਆ ਪਈ ਸੀ। ਜ਼ਿੰਮੇਵਾਰੀ ਤੇ ਕਬੀਲਦਾਰੀ ਉਸ ਨੇ ਬਾਖੂਬੀ ਨਿਭਾਈ ਸੀ। ਇਸੇ ਕਾਰਨ ਅਗਲਿਆਂ ਨੇ ਅਨਪੜ੍ਹ ਦਾ ਰਿਸ਼ਤਾ ਮੰਗ ਕੇ ਲਿਆ ਸੀ।
ਪੇਕੇ ਘਰ ਵੀ ਉਹ ਆਪਣੇ ਛੋਟੇ ਭਰਾਵਾਂ ਦਾ ਟਿਫਨ ਤਿਆਰ ਕਰਦੀ ਸੀ, ਫਰਕ ਸਿਰਫ ਇਹ ਸੀ ਕਿ ਉਸ ਜ਼ਮਾਨੇ ਵਿੱਚ ਦੋ ਰੋਟੀਆਂ ਉੱਤੇ ਅੰਬ ਦਾ ਅਚਾਰ ਧਰ ਕੇ ਪੋਣੇ ਵਿੱਚ ਲਪੇਟ ਕੇ ਟਿਫਨ ਤਿਆਰ ਹੋ ਜਾਂਦਾ ਸੀ, ਸਿਆਲਾਂ ਵਿੱਚ ਕਦੇ-ਕਦੇ ਮੱਕੀ ਜਾਂ ਬਾਜਰੇ ਦੀ ਰੋਟੀ ਵਿੱਚ ਕੜਛੀ ਕੁ ਸਾਗ ਤੇ ਜਾਂ ਕਦੇ-ਕਦੇ ਮਿੱਠੀ ਚੂਰੀ ਘਿਓ ਵਿੱਚ ਐਨ ਗੜੁੱਚ ਕਰ ਕੇ। ਪੇਕੇ ਧੰਦ ਪਿਟਦੀ-ਪਿਟਦੀ ਉਹ ਸਹੁਰੇ ਘਰ ਆ ਗਈ। ਇਥੇ ਉਸ ਦਾ ਟਿਫਨ ਨਾਲ ਰਿਸ਼ਤਾ ਮਜ਼ਬੂਤ ਹੋ ਗਿਆ। ਫਰਕ ਇਹ ਸੀ ਕਿ ਇਥੇ ਮਾਸਟਰ ਜੀ ਲਈ ਟਿਫਨ ਥੋੜ੍ਹਾ ਸਲੀਕੇ ਨਾਲ ਤਿਆਰ ਕਰਨਾ ਹੁੰਦਾ ਸੀ। ਉਸ ਦੇ ਬਾਪ ਨੇ ਮਾਸਟਰ ਰਾਮ ਪ੍ਰਸਾਦ ਦਾ ਨਾਂ ਉਕਰਾ ਕੇ ਤਿੰਨ ਡੱਬਿਆਂ ਵਾਲਾ ਪਿੱਤਲ ਦਾ ਟਿਫਨ ਉਸ ਦੀ ਪੇਟੀ ਵਿੱਚ ਪਾਇਆ ਸੀ। ਉਸ ਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਉਹ ਸੁਆਹ ਨਾਲ ਮਾਂਜ-ਮਾਂਜ ਚਮਕਾ ਟਿਫਨ ਵਿੱਚ ਰੋਟੀ ਪਾਇਆ ਕਰਦੀ ਸੀ। ਹਮੇਸ਼ਾ ਇੱਕ ਬੰਦੇ ਦੀ ਵਾਧੂ ਰੋਟੀ, ਕੀ ਪਤਾ ਕੌਣ ਨਾਲ ਬੈਠ ਜੇ ਰੋਟੀ ਖਾਣ। ਟਿਫਨ ਦੀ ਐਨ ਚੋਟੀ ‘ਤੇ ਲੂਣ, ਮਿਰਚ ਅਤੇ ਅਚਾਰ ਲਈ ਬਣੀ ਛੋਟੀ ਜਿਹੀ ਡੱਬੀ ਉਸ ਨੂੰ ਬਹੁਤ ਸੋਹਣੀ ਲੱਗਦੀ, ਜਿਵੇਂ ਨਿੱਕੇ ਜਿਹੇ ਬੱਚੇ ਦੇ ਸਿਰ ਉੱਤੇ ਛੋਟਾ ਜਿਹਾ ਜੂੜਾ, ਐਨ ਵਿਚਕਾਰ।
ਜਿੰਨਾ ਚਿਰ ਮਾਸਟਰ ਜੀ ਟਿਫਨ ਆਪਣੇ ਕੈਰੀਅਰ ‘ਤੇ ਤਸੱਲੀ ਨਾਲ ਬੰਨ੍ਹ ਕੇ ਘਰੋਂ ਟੱਲੀ ਮਾਰ ਕੇ ਸਕੂਲ ਨੂੰ ਤੁਰ ਨਾ ਪੈਂਦੇ, ਉਹ ਦਰਾਂ ਅੰਦਰ ਖੜ੍ਹੀ ਉਨ੍ਹਾਂ ਨੂੰ ਨਿਹਾਰਦੀ ਰਹਿੰਦੀ। ਸ਼ਾਮ ਨੂੰ ਪਰਤਣ ਵੇਲੇ ਉਸ ਦੇ ਕੰਨ ਗਲੀ ਵਿੱਚ ਲੱਗੇ ਰਹਿੰਦੇ। ਸਾਈਕਲ ਤਾਂ ਹੋਰ ਵੀ ਬਥੇਰੇ ਗਲੀ ਵਿੱਚੋਂ ਲੰਘਦੇ, ਪਰ ਜਿਵੇਂ ਮਾਸਟਰ ਦੀ ਘੰਟੀ ਨਾਲ ਉਸ ਦੇ ਦਿਲ ਦੀਆਂ ਤਾਰਾਂ ਜੁੜੀਆਂ ਸਨ, ਉਹ ਸਾਈਕਲ ਦੀ ਟੋਕਰੀ ਵਿੱਚ ਸਾਗ, ਸਬਜ਼ੀ, ਛੱਲੀਆਂ, ਬੇਰ, ਲਸੂੜੇ, ਗੰਨੇ ਦੇ ਪੋਟੇ, ਲਸਣ, ਪੁਦੀਨਾ ਕੁਝ ਨਾ ਕੁਝ ਜ਼ਰੂਰ ਲੈ ਆਉਂਦੇ ਸਨ। ਵੇਲੇ ਚੰਗੇ ਸਨ ਲੋਕ ਅਧਿਆਪਕਾਂ ਦੀ ਕਦਰ ਕਰਦੇ ਸਨ ਤੇ ਅਧਿਆਪਕ ਵੀ ਨਿੱਜ ਤਿਆਗ ਕੇ ਵਿਦਿਆਰਥੀ ਜੀਵਨ ਸੰਵਾਰਨ ਹਿੱਤ ਤੱਤਪਰ ਰਹਿੰਦੇ ਸਨ। ਮਾਸਟਰ ਜੀ ਸਾਈਕਲ ਵਿਹੜੇ ਦੀ ਕੰਧ ਕੋਲ ਖੜ੍ਹਾ ਕਰ, ਨਲਕਾ ਗੇੜ ਹੱਥ ਮੂੰਹ ਧੋਂਦੇ, ਉਦੋਂ ਤੱਕ ਮਾਤਾ ਬਚਨੀ ਕੈਰੀਅਰ ਤੋਂ ਟਿਫਨ ਅਤੇ ਨਿੱਕ-ਸੁੱਕ ਲਾਹੁਣ ਲੱਗਦੀ। ਆਪਣੇ ਚਮੜੇ ਦਾ ਬੈਗ ਮਾਸਟਰ ਜੀ ਆਪਣੀ ਕੱਛ ਵਿੱਚ ਦੇ ਕੇ ਅੰਦਰ ਲੰਘ ਜਾਂਦੇ।
ਬਚਨੀ ਸਭ ਤੋਂ ਪਹਿਲਾਂ ਟਿਫਨ ਖੋਲ੍ਹਦੀ, ਪੋਣੇ ਕੱਢਦੀ, ਸਬਜ਼ੀ ਜਾਂ ਰੋਟੀ ਬਚੀ ਹੁੰਦੀ ਜਾਂ ਨਾ, ਉਹ ਜ਼ਰੂਰ ਪੁੱਛਦੀ, ‘‘ਕਿਵੇਂ ਸੀ ਰੋਟੀ?”
‘‘ਕੱਲ੍ਹ ਨਾਲੋਂ ਵਧੀਆ”, ਮਾਸਟਰ ਜੀ ਅਕਸਰ ਹੱਸ ਕੇ ਆਖਦੇ ਤੇ ਉਹ ਪਿਆਰ ਕਣੀਆਂ ਨਾਲ ਭਿੱਜ ਜਾਂਦੀ।
ਜ਼ਿੰਦਗੀ ਇਵੇਂ ਹੀ ਚੱਲ ਰਹੀ ਸੀ। ਵਿਹੜਾ ਕਿਲਕਾਰੀਆਂ ਨਾਲ ਚਹਿਕਣ ਲੱਗਾ। ਸਮੇਂ ਸੌਖੇ ਸਨ, ਅੱਗੜ-ਪਿੱਛੜ ਬਚਨੀ ਨੇ ਚਾਰ ਜੁਆਕਾਂ ਨੂੰ ਜਨਮ ਦਿੱਤਾ। ਦੋ ਮੁੰਡੇ, ਦੋ ਕੁੜੀਆਂ। ਸਲੇਟ ਅਤੇ ਫੱਟੀ ‘ਤੇ ੳ ਅ ੲ ਏਕਾ ਦੂਆ ਤੀਆ ਲਿਖਦੇ ਬੱਚੇ ਸਕੂਲਾਂ ਵਿੱਚ ਜਮਾਤ-ਦਰ-ਜਮਾਤ ਅੱਗੇ ਵਧ ਰਹੇ ਸਨ। ਹੁਣ ਬਚਨੀ ਪੰਜ ਟਿਫਨ ਤਿਆਰ ਕਰਦੀ, ਹਰੇਕ ਦਾ ਮਨਪਸੰਦ ਭੋਜਨ। ਜੇ ਉਹ ਮਾਸਟਰ ਜੀ ਦੇ ਟਿਫਨ ਵਿੱਚ ਗੁੜ ਦੀ ਡਲੀ ਪਾਉਂਦੀ ਤਾਂ ਬੱਚਿਆਂ ਦੇ ਟਿਫਨਾਂ ਵਿੱਚ ਕੋਈ ਨਾ ਕੋਈ ਮਠਿਆਈ, ਬਿਸਕੁਟ ਜਾਂ ਟੌਫੀ ਜ਼ਰੂਰੀ ਪਾਉਂਦੀ। ਪੰਜੇ ਟਿਫਨ ਤਿਆਰ ਕਰ ਉਹ ਆਪਣੀ ਮਿਹਨਤ ‘ਤੇ ਗਦ ਗਦ ਹੋ ਉਠਦੀ। ਟਿਫਨ ਸਾਫ ਕਰਨ ਵੇਲੇ ਉਸ ਦੀ ਉਹ ਆਦਤ ਅਜੇ ਵੀ ਬਰਕਰਾਰ ਸੀ। ਕਈ ਵਾਰ ਮਾਸਟਰ ਜੀ ਆਖ ਦਿੰਦੇ, ‘‘ਭਾਗਵਾਨੇ, ਹੁਣ ਜੁਆਕਾਂ ਤੋਂ ਪੁੱਛਿਆ ਕਰ, ਮੈਨੂੰ ਤਾਂ ਤੇਰੀਆਂ ਰੋਟੀਆਂ ਵਿੱਚੋਂ ਉਹੀ ਮਹਿਕ ਤੇ ਸੁਆਦ ਆਉਂਦੈ”, ਤੇ ਉਹ ਖਿੜ ਜਾਂਦੀ।
ਜ਼ਿੰਦਗੀ ਆਪਣੀ ਚਾਲ ਚਲਦੀ ਗਈ। ਤਰੱਕੀ ਪਾ ਕੇ ਮਾਸਟਰ ਜੀ ਹੁਣ ਹੈੱਡਮਾਸਟਰ ਬਣ ਗਏ। ਰੁਤਬਾ ਵਧ ਗਿਆ। ਆਲਾ ਦੁਆਲਾ ਤੇ ਸਕੂਲ ਸਟਾਫ ਬਚਨੀ ਨੂੰ ਮਾਤਾ ਕਹਿ ਸੰਬੋਧਨ ਕਰਨ ਲੱਗੇ ਤੇ ਹੌਲੀ ਹੌਲੀ ਉਹ ਮਾਤਾ ਬਚਨੀ ਹੋ ਗਈ। ਭਾਵੇਂ ਕੁੜੀਆਂ ਮਾਂ ਨਾਲ ਕੰਮ ਕਰਾਉਣ ਲੱਗ ਪਈਆਂ, ਪਰ ਬਚਨੀ ਟਿਫਨ ਅਜੇ ਵੀ ਉਸੇ ਹੁਲਾਸ ਨਾਲ ਤਿਆਰ ਕਰਦੀ। ਫੁਲਵਾੜੀ ਵਧਣ ਲੱਗੀ। ਬੜੀ ਸੰਜੀਦਗੀ ਨਾਲ ਉਸ ਨੇ ਕਬੀਲਦਾਰੀ ਕਿਉਟਨੀ ਸ਼ੁਰੂ ਕਰ ਦਿੱਤੀ। ਕੁੜੀਆਂ ਸਹੁਰੇ ਭੇਜ ਤੇ ਨੂੰਹਾਂ ਘਰ ਲਿਆ, ਜਾਣੀ ਉਸ ਨੇ ਸੰਸਾਰ ਜਿੱਤ ਲਿਆ ਸੀ। ਪੜ੍ਹ ਲਿਖ ਕੇ ਇੱਕ ਮੁੰਡਾ ਅਧਿਆਪਕ ਲੱਗ ਗਿਆ ਤੇ ਦੂਜਾ ਕਲਰਕ। ਲੋਕ ਅਕਸਰ ਕਹਿੰਦੇ, ਮਾਸਟਰ ਨੇ ਬੋਹੜ ਹੇਠਾਂ ਬੋਹੜ ਲਾ ਕੇ ਦਿਖਾਤਾ। ਚੰਗੇ ਭਾਗੀਂ ਦੋਵੇਂ ਨੂੰਹਾਂ ਵੀ ਸਰਕਾਰੀ ਟੀਚਰ। ਭਾਵੇਂ ਮਾਸਟਰ ਜੀ ਦੇ ਰਿਟਾਇਰ ਹੋਣ ਕਾਰਨ ਪਿੱਤਲ ਦਾ ਟਿਫਨ ਹੁਣ ਅਲਮਾਰੀ ਵਿੱਚ ਟਿਕ ਗਿਆ, ਤੇ ਮੁੰਡੇ ਨੂੰਹਾਂ ਦੇ ਟਿਫਨਾਂ ਦੀ ਥਾਂ ਹੁਣ ਲੰਚ ਬਾਕਸ ਆ ਗਏ ਤੇ ਇਸ ਸਾਰੇ ਵਿੱਚ ਨੂੰਹਾਂ ਆਪਣਾ ਪੂਰਾ ਯੋਗਦਾਨ ਪਾਉਂਦੀਆਂ, ਪਰ ਮਾਤਾ ਬਚਨੀ ਲਈ ਉਹ ਟਿਫਨ ਹੀ ਸਨ ਅਤੇ ਉਨ੍ਹਾਂ ਨੂੰ ਤਿਆਰ ਕਰਨਾ ਆਪਣਾ ਧਰਮ ਸਮਝਦੀ ਸੀ।
‘ਸੁੱਖ ਦੁੱਖ ਦੋਇ ਦਰੁ ਕੱਪੜੇ ਪਹਿਰੇ ਜਾਏ ਮਨੁੱਖ’ ਦੇ ਮਹਾਨ ਵਾਕ ਅਨੁਸਾਰ ਇੱਕ ਪਾਸੇ ਮਾਸਟਰ ਜੀ ਅਕਾਲ ਚਲਾਣਾ ਕਰ ਗਏ, ਦੂਜੇ ਪਾਸੇ ਬਚਨੀ ਦੀ ਫੁਲਵਾੜੀ ਵਿੱਚ ਪੋਤੇ ਤੇ ਪੋਤੀਆਂ ਦੇ ਗੁਲਾਬ ਖਿੜ ਪਏ। ਉਹ ਅੱਗੇ ਨਾਲੋਂ ਨਿਵ ਰਹੀ ਸੀ। ਇੱਕ ਅੱਖ ਦੀ ਨਿਗ੍ਹਾ ਉਕਾ ਹੀ ਚਲੀ ਗਈ, ਸ਼ੂਗਰ ਵਧਣ ਲੱਗੀ, ਬੀ ਪੀ ਦੀ ਸ਼ਿਕਾਇਤ ਰਹਿਣ ਲੱਗੀ। ਵੈਦ ਦੀਆਂ ਪੁੜੀਆਂ ਤੋਂ ਲੈ ਕੇ ਐਮ ਡੀ ਡਾਕਟਰਾਂ ਦੀ ਸਲਾਹ ਲਈ ਜਾਂਦੀ, ਪਰ ਬੁਢਾਪੇ ਨਾਂਅ ਦੀ ਬਿਮਾਰੀ ਦਾ ਕੋਈ ਇਲਾਜ ਸਮਝਮ ਨਹੀਂ, ਪਰ ਬਚਨੀ ਨੇ ਹਿੰਮਤ ਨਹੀਂ ਹਾਰੀ। ਆਪਣੀ ਕਾਇਆ ਸੋਧਣ ਤੋਂ ਲੈ ਕੇ ਆਪਣੇ ਗੋਲੂ-ਮੋਲੂ ਜਿਹੇ ਪੋਤੇ-ਪੋਤੇ ਦੇ ਨਿੱਕੇ-ਨਿੱਕੇ ਟਿਫਨ ਤਿਆਰ ਕਰਨ ਵਿੱਚ ਉਸ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਸੀ, ਭਾਵੇਂ ਨੂੰਹਾਂ ਅਕਸਰ ਪਤੀਆਂ ਨੂੰ ਸ਼ਿਕਾਇਤ ਕਰਦੀਆਂ, ‘‘ਮਾਤਾ ਜੀ ਨੂੰ ਕਹੋ, ਅੱਜ ਦੇ ਬੱਚੇ ਉਨ੍ਹਾਂ ਦੀਆਂ ਮਿੱਸੀਆਂ ਰੋਟੀਆਂ ਪਸੰਦ ਨਹੀਂ ਕਰਦੇ। ਇਨ੍ਹਾਂ ਨੂੰ ਨੂਡਲਜ਼, ਮੈਗੀ, ਪਿੱਜ਼ਾ, ਬਰਗਰ ਪਸੰਦ ਹਨ। ਬਚਨੀ ਹਮੇਸ਼ਾ ਪੌਸ਼ਟਿਕ ਭੋਜਨ ਦੀ ਹਾਮੀ ਸੀ, ਪਰ ਉਹ ਆਧੁਨਿਕ ਸਵਾਹ ਖੇਹ ਬਣਾਉਣ ਦੀ ਕਲਾ ਵੀ ਸਿੱਖਦੀ, ਪਰ ਸਰੀਰ ਤੇ ਦਿਮਾਗ ਸਾਥ ਨਹੀਂ ਦਿੰਦੇ ਸਨ।
ਹੌਲੀ ਹੌਲੀ ਉਹ ਹੁਣ ਆਪਣੇ ਕਮਰੇ ਤੱਕ ਸੀਮਿਤ ਰਹਿਣ ਲੱਗੀ। ਉਸ ਨੇ ਅੰਗੀਠੀ, ਸਟੋਵ, ਗੈਸ ਤੇ ਹੁਣ ਓਵਨ ਵਿੱਚ ਟਿਫਨ ਤਿਆਰ ਕਰਨ ਦੇ ਯੁੱਗ ਦੇਖੇ ਸਨ। ਘਰ ਵਿੱਚ ਸਭ ਆਪੋ-ਧਾਪੀ ਹੋ ਰਹੇ ਸਨ। ਰਸੋਈਆਂ ਵੰਡੀਆਂ ਗਈਆਂ, ਵਿਹੜੇ ਵਿੱਚ ਕੰਧ ਖਿੱਚੀ ਗਈ। ਸਭ ਆਪੋ-ਆਪਣੇ ਟੱਬਰ ਵਿੱਚ ਰਹਿਣਾ ਚਾਹੁੰਦੇ ਸਨ ਅਤੇ ਬਚਨੀ ਦੇਵੀ ਦੋਵਾਂ ਪਰਵਾਰਾਂ ‘ਤੇ ਬੋਝ ਬਣ ਕੇ ਰਹਿ ਗਈ ਸੀ। ਦੋ ਡੰਗ ਦੀ ਰੋਟੀ, ਕੱਪੜੇ ਲੀੜੇ ਧਵਾਉਣ ਦਾ ਕੰਮ ਦੋਵਾਂ ਨੂੰਹਾਂ ਲਈ ਦੁੱਭਰ ਹੁੰਦਾ ਜਾ ਰਿਹਾ ਸੀ। ਹਾਂ, ਮਾਸਟਰ ਜੀ ਦੀ ਪੈਨਸ਼ਨ ‘ਤੇ ਸਭ ਦੀ ਬਰਾਬਰ ਨਜ਼ਰ ਹੁੰਦੀ। ਦਵਾਈ ਬੂਟੀ, ਕੱਪੜੇ ਲੀੜੇ, ਸ਼ਗਨ-ਸਾਰਥ, ਧਾਰਮਿਕ ਦਾਨ-ਪੁੰਨ ਤੋਂ ਬਾਅਦ ਕੀ ਬਚਦਾ, ਸਭ ਨੂੰ ਪਤਾ ਸੀ। ਕੁੜੀਆਂ ਵੀ ਅਕਸਰ ਸੁੱਖ-ਸਾਂਦ ਪੁੱਛਣ ਬਹਾਨੇ ਆਪਣਾ ਦਸਵਾਂ ਦਸੌਂਧ ਲੈ ਜਾਂਦੀਆਂ। ਬਚਨੀ ਦੇ ਪਰਵਾਰ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਾਖਰ ਕਰ ਦਿੱਤਾ ਸੀ, ਪਰ ਉਸ ਨੂੰ ਮਾਸਟਰ ਜੀ ਤੋਂ ਲੈ ਕੇ ਪੋਤੇ ਪੋਤੀਆਂ ਤੱਕ, ਪੜ੍ਹਨਾ-ਲਿਖਣਾ ਤਾਂ ਕੀ, ਟਾਈਮ ਦੇਖਣਾ ਵੀ ਨਹੀਂ ਸੀ ਸਿਖਾਇਆ, ਉਹ ਅਜੇ ਵੀ ਪੁੱਛਦੀ, ‘‘ਕਿੰਨਾ ਟੈਮ ਹੋ ਗਿਆ?”
‘‘ਮਾਤਾ ਅਜੇ ਵੀ ਬਥੇਰਾ ਟਾਈਮ ਪਿਐ ਤੇਰੇ ਭਜਨ-ਕੀਰਤਨ ਕਰਨ ਤੇ ਟੱਲੀਆਂ ਵਜਾਉਣ ਨੂੰ, ਸੌਂ ਜਾ ਅਸੀਂ ਵੀ ਨੌਕਰੀ ‘ਤੇ ਜਾਣੈ।” ਅਕਸਰ ਉਸ ਨੂੰ ਇਹੋ ਉਤਰ ਮਿਲਦਾ, ਤੇ ਉਹ ਕਸੀਸ ਵੱਟ ਮਾਸਟਰ ਜੀ ਨੂੰ ਯਾਦ ਕਰਦੀ, ਹਉਕੇ ਭਰਦੀ ਫਿਰ ਪੈ ਜਾਂਦੀ, ਖਾਸ ਕਰ ਕੇ ਕੱਤੇ ਦੇ ਮਹੀਨੇ ਉਸ ਨੂੰ ਬੜਾ ਕੁਝ ਸਹਿਣਾ ਪੈਂਦਾ। ਕਦੇ ਜਲਦੀ ਉਠਣ, ਕਦੇ ਉੱਚੀ ਉੱਚੀ ਭਜਨ ਗਾਉਣ, ਕਦੇ ਗੀਜ਼ਰ ਦਾ ਪਾਣੀ ਡੋਲ੍ਹਣ ਤੇ ਕਦੇ ਮੰਦਰਾਂ, ਬ੍ਰਾਹਮਣਾਂ ਨੂੰ ਦਾਨ-ਪੁੰਨ ਨੂੰ ਲੈ ਕੇ ਦੋਵੇਂ ਟੱਬਰ ਮਾਤਾ ਨਾਲ ਜੱਫੋ-ਜੱਫੀ ਹੋਣ ਨੂੰ ਤਿਆਰ ਰਹਿੰਦੇ। ਲੋਕਾਂ ਲਈ ਮਾਤਾ ਬਚਨੀ, ਹੁਣ ਘਰੋਂ ਬੁੜੀ ਖੇਖਣ ਕਰਦੀ ਐ ਉਸ ਨੂੰ ਮਾਸਟਰ ਜੀ ਦੁਆਰਾ ਖੋਲੇ ਵਿੱਚ ਬਣਾਏ ਛੋਟੇ ਜਿਹੇ ਘਰ ਵਿੱਚ ਸ਼ਿਫਟ ਕਰ ਦਿੱਤਾ। ਨੂੰਹਾਂ ਨੇ ਬਚਨੀ ਲਈ ਸਫਾਈ, ਕੱਪੜੇ, ਬਰਤਨ ਆਦਿ ਲਈ ਮਾਈ ਰੱਖ ਦਿੱਤੀ।
‘‘ਅਸੀਂ ਤਾਂ ਆਪਣੀ ਰੋਟੀ ਆਪ ਮਸਾਂ ਤਿਆਰ ਕਰਦੀਆਂ ਤੇ ਨਾਲੇ ਕੌਣ ਫੜਾ ਕੇ ਆਇਆ ਕਰੂ, ਇਹਦੇ ਲਈ ਟਿਫਨ ਦਾ ਪ੍ਰਬੰਧ ਕਰ ਦਿਓ, ਨਾਲੇ ਤਾਂ ਪੈਨਸ਼ਨ ਸਹੀ ਪਾਸੇ ਲੱਗੂ, ਨਹੀਂ ਤਾਂ ਧਾਰਮਿਕ ਅਸਥਾਨਾਂ ‘ਤੇ ਜਾਊ” ਸਭ ਦਾ ਇਕਮਤ ਫੈਸਲਾ ਹੋ ਗਿਆ। ਉਦੋਂ ਤੋਂ ਬਚਨੀ ਦਾ ਟਿਫਨ ਬੰਨ੍ਹ ਦਿੱਤਾ, ਤੇ ਕਦੇ ਕਿਸੇ ਨੇ ਨਹੀਂ ਦੇਖਿਆ ਸੀ ਕਿ ਰੋਟੀ ਸਬਜ਼ੀ ਕਿਵੇਂ ਦੀ ਹੁੰਦੀ ਸੀ, ਉਹ ਖਾਂਦੀ ਸੀ ਜਾਂ ਸਾਰੀ ਦੀ ਸਾਰੀ ਬਾਹਰ ਕੁੱਤਿਆਂ ਜਾਂ ਗਾਵਾਂ ਨੂੰ ਪਾ ਦਿੰਦੀ ਸੀ, ਕਦੇ ਕਦੇ ਕੁੜੀਆਂ ਪੰਜ-ਸੱਤ ਦਿਨ ਆਪਣੇ ਕੋਲ ਲੈ ਜਾਂਦੀਆਂ, ਫੇਰ ਉਸ ਦੇ ਖੋਲੇ ਵਿੱਚ ਛੱਡ ਜਾਂਦੀਆਂ। ਉਚੀ ਸੁਣਨ ਕਾਰਨ ਹੁਣ ਉਸ ਨੂੰ ਫੋਨ ਵੀ ਘੱਟ ਕਰਦੀਆਂ, ਅਖੇ ‘‘ਹੈ ਹੈ…ਕੀ ਕੀ…ਆਖ ਕੇ ਸਾਰੇ ਪੈਸੇ ਖਤਮ ਕਰ ਦਿੰਦੀ ਹੈ।”
ਕੱਲ੍ਹ ਤੋਂ ਬਚਨੀ ਦਾ ਸਰੀਰ ਝੂਠਾ ਪੈ ਰਿਹਾ ਸੀ। ਉਹ ਮਸੀਂ ਮਸੀ ਟਿਫਨ ਅੰਦਰ ਲੈ ਕੇ ਆਈ। ਅਣਮੰਨੇ ਮਨ ਨਾਲ ਟਿਫਨ ਖੋਲ੍ਹਿਆ, ਬਾਸੀ ਜੇਹੀ ਹਵਾੜ ਨੇ ਉਸ ਦਾ ਸਾਹ ਹੋਰ ਵੀ ਔਖਾ ਕਰ ਦਿੱਤਾ। ਇੱਕ ਰੋਟੀ ਕੱਢ ਕੇ ਉਸ ਦੇ ਟੁਕੜੇ ਕੀਤੇ। ਹੌਲੀ ਹੌਲੀ ਗੇਟ ਤੱਕ ਗਈ। ਅੱਜ ਉਸ ਵਿੱਚ, ‘ਤੋਏ-ਤੋਏ’ ਜਾਂ ‘ਹੀਅ-ਹੀਅ’ ਕਰਨ ਦੀ ਹਿੰਮਤ ਨਹੀਂ ਸੀ। ਬੱਸ ਉਵੇਂ ਹੀ ਰੋਟੀ ਦੇ ਟੁਕੜੇ ਦੇਹਲੀਆਂ ਕੋਲ ਰੱਖ ਮੁੜ ਆਈ, ਅਲਮਾਰੀ ਵਿੱਚੋਂ ਮਾਸਟਰ ਜੀ ਵਾਲਾ ਟਿਫਨ ਕੱਢਿਆ, ਸਾਫ ਕੀਤਾ ਉਸ ਵਿੱਚ ਬਾਕੀ ਬਚਿਆ ਖਾਣਾ ਪਾਇਆ। ਬੰਦ ਕਰ ਕੇ ਕਿੰਨਾ ਚਿਰ ਉਸ ਦੀ ਉਪਰਲੀ ਛੋਟੀ ਡੱਬੀ ਨੂੰ ਨਿਹਾਰਦੀ ਰਹੀ, ਮਾਸਟਰ ਜੀ ਅੱਜ ਮੈਂ ਤੁਹਾਡੇ ਲਈ ਟਿਫਨ ਲੈ ਕੇ ਆਉਨੀ ਆਂ, ਉਸ ਦੀ ਲੇਰ ਨਿਕਲ ਗਈ ਤੇ ਉਹ ਪਰ੍ਹਾਂ ਨੂੰ ਲੁੜਕ ਗਈ। ਬਾਹਰ ਖੜ੍ਹੀ ਗਾਂ ਤੇ ਕੁੱਤੇ ਨੇ ਰੋਟੀ ਨੂੰ ਸੁੰਘਿਆ ਤੇ ਬੂਥੀ ਘੁੰਮਾ ਉਥੋਂ ਤੁਰ ਪਏ।