ਟਾਈਪ-1 ਡਾਇਬੇਟੀਜ਼ ਕੇਅਰ ਅਤੇ ਇਲਾਜ ਲਈ ਕੈਨੇਡਾ ਸਰਕਾਰ ਅਤੇ ਜੇ.ਡੀ.ਆਰ.ਐੱਫ਼ ਮਿਲ ਕੇ 7.7 ਮਿਲੀਅਨ ਡਾਲਰ ਨਿਵੇਸ਼ ਕਰਨਗੇ

ਟੋਰਾਂਟੋ : ਕੈਨੇਡਾ ਵਿਚ ਇਸ ਸਮੇਂ 300,000 ਲੋਕ ਟਾਈਪ-1 ਡਾਇਬੇਟੀਜ਼ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਕਿਸਮ ਦੇ ਮਰੀਜ਼ਾਂ ਨੂੰ ਆਪਣੇ ਸਰੀਰ ਵਿਚ ਗੁਲੂਕੋਜ਼ ਪੱਧਰ ਠੀਕ ਰੱਖਣ ਲਈ ਦਿਨ ਵਿਚ ਕਈ ਵਾਰ ਇੰਸੂਲੀਨ ਦੇ ਟੀਕੇ ਲਗਾਉਣੇ ਪੈਂਦੇ ਹਨ ਅਤੇ ਇਸ ਦੇ ਬਾਵਜੂਦ ਇਨ੍ਹਾਂ ਮਰੀਜ਼ਾਂ ਨੂੰ ਕਈ ਵਾਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।
‘ਆਲ ਪਾਰਟੀ ਕਾਕੱਸ ਆਨ ਡਾਇਬੇਟੀਜ਼ ਦੀ ਚੇਅਰ’ ਹੋਣ ਦੇ ਨਾਤੇ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਮਾਣਯੋਗ ਸਿਹਤ ਮੰਤਰੀ ਗਿਨੇਟ ਪੈਤਿਤਪਾ ਦੀ ਤਰਫ਼ੋਂ ਟਾਈਪ-1 ਡਾਇਬੇਟੀਜ਼ ਦੀ ਖੋਜ ਲਈ 7.7 ਮਿਲੀਅਨ ਡਾਲਰ ਦੀ ਗਰਾਂਟ ਦਾ ਐਲਾਨ ਕੀਤਾ। ਇਹ ਰਕਮ ਇਸ ਬੀਮਾਰੀ ਦੇ ਇਲਾਜ ਲਈ ਨਵੀਂ ਖੋਜ ਦੇ ਕਲਿਨੀਕਲ ਤਜਰਬਿਆਂ ਲਈ ਉਪਲੱਭਧ ਕਰਵਾਈ ਜਾਏਗੀ।
ਇਸ ਮੰਤਵ ਲਈ ਤਿੰਨ ਪ੍ਰਾਜੈੱਕਟ ਬਣਾਏ ਗਏ ਹਨ। ਪਹਿਲਾ ਪ੍ਰਾਜੈੱਕਟ ਮਾਂਟਰੀਅਲ ਦੇ ‘ਇੰਸਟੀਚਿਊਟ ਡੀ ਰੀਸਰਚਜ਼ ਕਲਿਨੀਕ’ ਦੇ ਡਾ. ਰੇਮੀ ਰਬਾਸਾਲੌਰੇਟ ਦਾ ਹੈ ਜੋ ਕਿਊਬਿਕ ਦੇ ਨਾਬਾਲਗ਼ਾਂ ਅਤੇ ਬਾਲਗ਼ਾਂ ਦੇ ਆਨ-ਲਾਈਨ ਐਜੂਕੇਸ਼ਨਲ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਬਲੱਡ ਗਲੂਕੋਜ਼ ਕੰਟਰੋਲ ਦਾ ਅਧਿਐੱਨ ਕਰਨਗੇ। ਦੂਸਰਾ ਪ੍ਰਾਜੈਕਟ ਟੋਰਾਂਟੋ ਦੇ ‘ਹਾਸਪੀਟਲ ਫ਼ਾਰ ਸਿੱਕ ਚਿਲਡਰਨ’ ਦੇ ਡਾ. ਫ਼ਰੀਦ ਮੁਹੰਮਦ ਦਾ ਹੈ ਜੋ ਨਵੀਂ ਦਵਾਈ ਦੇ ਜਿਗਰ ਅਤੇ ਦਿਲ ਦੇ ਲੰਮੇਂ ਸਮੇਂ ਲਈ ਬਚਾਅ ਲਈ ਬਲੱਡ ਗੁਲੋਕੋਜ਼ ਦੇ ਕੰਟਰੌਲ ਬਾਰੇ ਅਧਿਐੱਨ ਕਰਨਗੇ। ਏਸੇ ਤਰ੍ਹਾਂ, ਤੀਸਰਾ ਪ੍ਰਾਜੈੱਕਟ ਟੋਰਾਂਟੋ ਦੇ ‘ਸੇਂਟ ਮਿਸ਼ਲਜ਼ ਹਸਪਤਾਲ’ ਦੇ ਡਾ. ਗਿਲੀਅਨ ਬੂਥ ਦਾ ਹੈ ਜੋ ਟਾਈਪ-1 ਮਰੀਜ਼ ਦੇ ਇਲਾਜ ਲਈ ਡਾਕਟਰਾਂ ਅਤੇ ਮਰੀਜ਼ਾਂ ਨਾਲ ਕੰਪਿਊਟਰਾਂ, ਟੇਬਲੈੱਟਾਂ ਅਤੇ ਸਮਾਰਟਫ਼ੋਨਾਂ ਨਾਲ ਵੀਡੀਓ-ਕਾਨਫ਼ਰੰਸਾਂ ਕਰਨ ਲਈ ਨਵੇਂ ਢੰਗਾਂ-ਤਰੀਕਿਆਂ ਬਾਰੇ ਖੋਜ ਕਰਨਗੇ।
ਇਨ੍ਹਾਂ ਪ੍ਰਾਜੈੱਕਟਾਂ ਲਈ ਜੇ.ਡੀ.ਆਰ.ਐੱਫ. ਅਤੇ ਕੈਨੇਡੀਅਨ ਇੰਸਟੀਚਿਊਟ ਆਫ਼ ਹੈੱਲਥ ਰੀਸਰਚ ਵੱਲੋਂ ਅਪ੍ਰੈਲ 2017 ਵਿਚ ਸਾਂਝੇ ਤੌਰ ‘ਤੇ ਡਾਇਬੇਟੀਜ਼ ਨੂੰ ਮਾਤ ਕਰਨ ਲਈ ਕੀਤੇ ਗਏ ਐਲਾਨ ਅਨੁਸਾਰ ਦੋਹਾਂ ਦੀ ਭਾਈਵਾਲੀ ਲਈ ਨਿਵੇਸ਼ ਕੀਤਾ ਜਾਏਗਾ। ਸੀ.ਆਈ.ਐੱਚ.ਆਰ. ਫ਼ੰਡਿੰਗ ਕੈਨੇਡਾ ਦੀ ਸਟਰੈਟਿਜੀ ਫ਼ਾਰ ਪੇਸ਼ੈਂਟ ਓਰੀਐਂਟਿਡ ਰੀਸਰਚ ਦੇ ਇਨੀਸ਼ੀਏਟਿਵ ‘ਤੇ ਆਈਨੋਵੇਟਿਵ ਕਲਿਨੀਕਲ ਟਰਾਇਲਜ਼ ਲਈ ਦਿੱਤੀ ਜਾਏਗੀ।
ਇਸ ਮੌਕੇ ਮੰਤਰੀ ਗਿਨੇਟ ਪੈਤਿਤਪਾ ਦਾ ਕਹਿਣਾ ਸੀ,”ਪਿਛਲੇ ਸਪਰਿੰਗ ਮੌਸਮ ਵਿਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਕਲਿਨੀਕਲ ਖੋਜ ਕਰਵਾਕੇ ਟਾਈਪ-1 ਡਾਇਬੇਟੀਜ਼ ਦੇ ਮਰੀਜ਼ਾਂ ਦਾ ਜੀਵਨ-ਪੱਧਰ ਸੁਧਾਰਨ ਅਤੇ ਇਸ ਬੀਮਾਰੀ ਨਾਲ ਲੜਨ ਲਈ ਜੇ.ਡੀ.ਆਰ.ਐੱਫ਼. ਨਾਲ ਹੱਥ ਮਿਲਾ ਰਹੀ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਜੇ.ਡੀ.ਆਰ.ਐੱਫ਼. ਅਤੇ ਸੀ.ਐੱਚ.ਆਈ.ਆਰ. ਇਕ ਵਧੀਆ ਟੀਮ ਵਜੋਂ ਕੈਨੇਡਾ-ਵਾਸੀਆਂ ਦੀ ਸਿਹਤ ਦੇ ਸੁਧਾਰ ਲਈ ਮਿਲ ਕੇ ਚੱਲ ਰਹੇ ਹਨ।”
ਐੱਮ.ਪੀ. ਸੋਨੀਆ ਸਿੱਧੂ ਨੇ ਇਸ ਸਮੇਂ ਬੋਲਦਿਆਂ ਕਿਹਾ,”ਮੈਂ ਗਰਾਂਟ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੰਦੀ ਹਾਂ ਅਤੇ ਉਨ੍ਹਾਂ ਦੇ ਵਧੀਆ ਕੰਮ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਇਸ ਬੀਮਾਰੀ ਦੇ ਇਲਾਜ ਨਾਲ ਜੁੜੇ ਹਰੇਕ ਵਿਅੱਕਤੀ ਦੇ ਕੰਮ ਦੀ ਮੈਂ ਸ਼ਲਾਘਾ ਕਰਦੀ ਹਾਂ। ਟਾਈਪ-1 ਡਾਇਬੇਟੀਜ਼ ਨਾਲ ਜੁੜੇ ਲੋਕ ਆਪਣੀਆਂ ਜ਼ਰੂਰਤਾਂ ਨੂੰ ਵਧੇਰੇ ਜਾਣਦੇ ਹਨ ਅਤੇ ਮੈਂ ਇਨ੍ਹਾਂ ਮਿਹਨਤੀ ਖੋਜੀਆਂ ਨੂੰ ਸਲੂਟ ਕਰਦੀ ਹਾਂ।”