ਟਵੰਟੀ-20 :ਜਸਪ੍ਰੀਤ ਬਮਰਾ ਬਣਿਆ ਨੰਬਰ ਦੋ ਗੇਂਦਬਾਜ਼

bumrah

ਦੁਬਈ, 27 ਜੂਨ (ਪੋਸਟ ਬਿਊਰੋ)- ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬਮਰਾ ਤਾਜ਼ਾ ਆਈਸੀਸੀ ਟਵੰਟੀ- 20  ਦਰਜਾਬੰਦੀ ਵਿੱਚ ਦੂਜੇ ਸਥਾਨ ਉੱਤੇ ਪੁੱਜ ਗਿਆ ਹੈ। ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਵਿੱਚ ਪਹਿਲੇ ਸਥਾਨ ਉੱਤੇ ਬਰਕਰਾਰ ਹਨ। ਸਿਖ਼ਰਲੇ ਤਿੰਨ ਆਲਰਾਊਂਡਰਾਂ ਦੀ ਸੂਚੀ ਵਿੱਚ ਕੋਈ ਬਦਲਾਅ ਨਹੀ ਹੋਇਆ। ਇਨ੍ਹਾਂ ਵਿੱਚ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਦੀ ਬਾਦਸ਼ਾਹਤ ਕਾਇਮ ਹੈ। ਪਾਕਿਸਤਾਨ ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਜੇਤੂ ਟੀਮ ਦੇ ਖਿਡਾਰੀ ਗੇਂਦਬਾਜ਼ ਈਮਾਦ ਵਸੀਮ ਟਵੰਟੀ-20 ਗੇਂਦਬਾਜ਼ਾਂ ਵਿੱਚ ਪਹਿਲੇ ਸਥਾਨ ਉੱਤੇ ਪੁੱਜ ਗਏ ਹਨ।  ਦੂਜੇ ਪਾਸੇ ਦੱਖਣੀ ਅਫਰੀਕਾ ਦੇ ਇਮਰਾਨ ਤਹਿਰ ਨੇ ਇੰਗਲੈਂਡ ਦੇ ਖਿਲਾਫ਼ ਲੜੀ ਦੇ ਖਤਮ ਹੋਣ ਬਾਅਦ ਆਪਣਾ ਇਹ ਸਥਾਨ ਗਵਾ ਦਿੱਤਾ ਹੈ। ਟਵੰਟੀ-20 ਗੇਂਦਬਾਜ਼ਾਂ ਦੀ ਤਾਜ਼ਾ ਦਰਜਾਬੰਦੀ ਇੰਗਲੈਂਡ ਵੱਲੋਂ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਉਣ ਦੇ ਇੱਕ ਦਿਨ ਬਾਅਦ ਜਾਰੀ ਕੀਤੀ ਗਈ ਹੈ। ਤਹਿਰ ਦੋ ਮੈਚਾਂ ਵਿੱਚ ਇੱਕ ਵਿਕਟ ਹੀ ਝਟਕਾ ਸਕਿਆ, ਇਸ ਤਰ੍ਹਾਂ ਉਸਨੇ ਦੋ ਸਥਾਨ ਗਵਾ ਦਿੱਤੇ। ਈਮਾਦ ਪਾਹਿਲੀ ਵਾਰ ਇਸ ਸਥਾਨ ਉੱਤੇ ਪੁੱਜਿਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਕੋਹਲੀ, ਆਸਟਰੇਲੀਆ ਦੇ ਇਰੋਨ ਫਿੰਚ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ ਆਪਣੇ ਸਿਖਰਲੇ ਤਿੰਨ ਸਥਾਨਾਂ ਉੱਤੇ ਕਬਜ਼ਾ ਬਰਕਰਾਰ ਰੱਖਿਆ ਹੈ।