ਟਰੰਪ ਵੱਲੋਂ ਵਾਰਤਾ ਰੱਦ ਕੀਤੇ ਜਾਣ ਦੇ ਬਾਵਜੂਦ ਉੱਤਰੀ ਕੋਰੀਆ ਨੂੰ ਗੱਲਬਾਤ ਮੁੜ ਹੋਣ ਦੀ ਆਸ

ਸਿਓਲ, 25 ਮਈ (ਪੋਸਟ ਬਿਊਰੋ) : ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਹ ਅਜੇ ਵੀ ਅਮਰੀਕਾ ਨਾਲ ਵਾਰਤਾ ਕਰਨਾ ਚਾਹੁੰਦਾ ਹੈ। ਇਸ ਲਈ ਭਾਵੇਂ ਕੋਈ ਵੀ ਸਮਾਂ ਹੋਵੇ ਜਾਂ ਕੋਈ ਵੀ ਫੌਰਮੈਟ ਹੋਵੇ, ਉਹ ਗੱਲ ਕਰਨ ਲਈ ਤਿਆਰ ਹੈ। ਵੱਡੀਆਂ ਵੱਡੀਆਂ ਫੜ੍ਹਾਂ ਮਾਰਨ ਵਾਲੇ ਮੁਲਕ ਦੀ ਇਹੋ ਜਿਹੀ ਅਪੀਲ ਤੇ ਪ੍ਰਤੀਕਿਰਿਆ ਕਾਫੀ ਹੈਰਾਨੀਭਰੀ ਹੈ। ਜਿ਼ਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਚਾਨਕ ਹੀ ਉੱਤਰੀ ਕੋਰੀਆ ਨਾਲ 12 ਜੂਨ ਨੂੰ ਹੋਣ ਵਾਲੀ ਵਾਰਤਾ ਰੱਦ ਕਰ ਦਿੱਤੀ ਗਈ ਸੀ।
ਲੰਮੇਂ ਸਮੇਂ ਤੋਂ ਪ੍ਰਮਾਣੂ ਵਾਰਤਾਕਾਰ ਤੇ ਸੀਨੀਅਰ ਡਿਪਲੋਮੈਟ ਰਹੇ ਉੱਪ ਵਿਦੇਸ਼ ਮੰਤਰੀ ਕਿੰਮ ਕਾਇ ਗਵੈਨ, ਨੇ ਆਖਿਆ ਕਿ ਉੱਤਰੀ ਕੋਰੀਆ ਅਮਰੀਕਾ ਨੂੰ ਸਮਾਂ ਤੇ ਮੌਕਾ ਦੇਣਾ ਚਾਹੁੰਦਾ ਹੈ ਤਾਂ ਕਿ ਇਸ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾ ਸਕੇ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਉੱਤਰੀ ਕੋਰੀਆ ਕੌਮਾਂਤਰੀ ਪਾਬੰਦੀਆਂ ਨੂੰ ਖਤਮ ਕਰਨ ਲਈ ਇਸ ਵਾਰਤਾ ਨੂੰ ਢਾਲ ਵਜੋਂ ਵਰਤਣਾ ਚਾਹੁੰਦਾ ਹੋਵੇ ਜਾਂ ਫਿਰ ਟਰੰਪ ਨਾਲ ਮੁਲਾਕਾਤ ਕਰਕੇ ਉੱਤਰੀ ਕੋਰੀਆ ਖੁਦ ਨੂੰ ਤੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਆਪਣੇ ਵਿਰੋਧੀ ਦੀਆਂ ਨਜ਼ਰਾਂ ਵਿੱਚ ਉੱਚ ਦਰਜੇ ਦਾ ਸਨਮਾਨ ਦਿਵਾਉਣਾ ਚਾਹੁੰਦਾ ਹੋਵੇ।
ਇੱਕ ਵਿਸ਼ਲੇਸ਼ਕ ਦਾ ਤਾਂ ਇੱਥੋਂ ਤੱਕ ਆਖਣਾ ਹੈ ਕਿ ਉੱਤਰੀ ਕੋਰੀਆ ਦੀ ਇਹ ਪ੍ਰਤੀਕਿਰਿਆ ਕਿਸੇ ਖਿਮਾ ਮੰਗਣ ਵਾਲੀ ਚਿੱਠੀ ਤੋਂ ਘੱਟ ਨਹੀਂ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਉੱਤੇ ਗੱਡੀਆਂ ਗਈਆਂ ਹਨ ਕਿ ਇਸ ਪ੍ਰਤੀਕਿਰਿਆ ਉੱਤੇ ਟਰੰਪ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਹਨ।