ਟਰੰਪ ਵੱਲੋਂ ਲਾਏ ਟੈਰਿਫ ਅਸਵੀਕਾਰਯੋਗ : ਟਰੂਡੋ


ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦਾ ਐਲਾਨ
ਓਟਵਾ, 31 ਮਈ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਤੇ ਸਟੀਲ ਉੱਤੇ ਟੈਰਿਫ ਲਾਏ ਜਾਣ ਦੇ ਕੀਤੇ ਐਲਾਨ ਨੂੰ ਦਮਨਕਾਰੀ ਤੇ ਅਸਵੀਕਾਰਯੋਗ ਦੱਸ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਜਵਾਬੀ ਕਾਰਵਾਈ ਕਰਨ ਦੀ ਓਟਵਾ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਆਖਿਆ ਕਿ ਇਹ ਮਾਪਦੰਡ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਇਹ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਮਰੀਕਾ ਆਪਣੇ ਇਸ ਫੈਸਲੇ ਤੋਂ ਪਿੱਛੇ ਨਹੀਂ ਹਟ ਜਾਂਦਾ।
ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਨੇ ਇਸ ਪਲ ਨੂੰ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿੱਚ ਆਉਣ ਵਾਲਾ ਟਰਨਿੰਗ ਪੁਆਇੰਟ ਦੱਸਿਆ। ਕੈਨੇਡਾ ਵੱਲੋਂ ਸਟੀਲ, ਐਲੂਮੀਨੀਅਮ ਤੇ ਅਮਰੀਕਾ ਤੋਂ ਆਉਣ ਵਾਲੀਆਂ ਹੋਰਨਾਂ ਵਸਤਾਂ ਉੱਤੇ 16.6 ਬਿਲੀਅਨ ਡਾਲਰ ਦੇ ਟੈਰਿਫ ਲਾਏ ਜਾਣ ਦਾ ਮਨ ਬਣਾਇਆ ਗਿਆ ਹੈ। ਫਰੀਲੈਂਡ ਨੇ ਆਖਿਆ ਕਿ ਕੈਨੇਡੀਅਨ ਐਕਸਪੋਰਟ ਉੱਤੇ ਟਰੰਪ ਦੇ ਇਸ ਕਦਮ ਨਾਲ ਪੈਣ ਵਾਲੇ ਅਸਰ ਨੂੰ ਹੀ ਉਨ੍ਹਾਂ ਦਾ ਇਹ ਫੈਸਲਾ ਦਰਸਾਉਂਦਾ ਹੈ।
ਫਰੀਲੈਂਡ ਨੇ ਇਹ ਵੀ ਆਖਿਆ ਕਿ ਜੰਗ ਤੋਂ ਬਾਅਦ ਵਾਲੇ ਯੁੱਗ ਵਿੱਚ ਕੈਨੇਡਾ ਵੱਲੋਂ ਚੁੱਕਿਆ ਜਾਣ ਵਾਲਾ ਇਹ ਸਖਤ ਟਰੇਡ ਕਦਮ ਹੈ। ਅਮਰੀਕਾ ਦੇ ਬਹੁਤ ਹੀ ਮਾੜੇ ਫੈਸਲੇ ਦਾ ਇਹ ਕੈਨੇਡੀਅਨ ਜਵਾਬ ਹੈ। ਅਮਰੀਕਾ ਤੋਂ ਆਉਣ ਵਾਲੀ ਕੌਫੀ, ਤਿਆਰ ਮੀਲਜ਼, ਪਿਜ਼ਾ, ਚੌਕਲੇਟ, ਟੁਆਲਿਟਰੀਜ਼, ਬੀਅਰ ਕੈੱਗਜ਼, ਵ੍ਹਿਸਕੀਜ਼, ਘਰਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਤੇ ਮੋਟਰਬੋਟ ਆਦਿ ਵੀ ਉਹ ਚੀਜ਼ਾਂ ਹਨ ਜਿਨ੍ਹਾਂ ਉੱਤੇ ਕੈਨੇਡਾ ਟੈਰਿਫ ਵਸੂਲੇਗਾ।
ਕੈਨੇਡਾ ਵੱਲੋਂ ਉਨ੍ਹਾਂ ਵਸਤਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੂੰ ਉਹ ਲੋਕਲ ਚੀਜ਼ਾਂ ਨਾਲ ਜਾਂ ਹੋਰਨਾਂ ਕੌਮਾਂਤਰੀ ਵਸਤਾਂ ਨਾਲ ਬਦਲ ਸਕਦਾ ਹੈ। ਇਲ ਲਈ ਕੈਨੇਡੀਅਨਾਂ ਨੂੰ ਉਨ੍ਹਾਂ ਵਸਤਾਂ ਦੀ ਪੈਣ ਵਾਲੀ ਲਾਗਤ ਦਾ ਵੀ ਧਿਆਨ ਰੱਖਿਆ ਗਿਆ ਹੈ। ਟਰੂਡੋ ਨੇ ਆਖਿਆ ਕਿ ਇਸ ਨਾਲ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੋਂ ਆਰ ਪਾਰ ਇਹ ਟੈਰਿਫ ਵਰਕਰਜ਼ ਤੇ ਸਪਲਾਈ ਚੇਨਜ਼ ਨੂੰ ਨੁਕਸਾਨ ਪਹੁੰਚਾਉਣਗੇ।
ਟਰੂਡੋ ਨੇ ਆਖਿਆ ਕਿ ਅਮਰੀਕੀ ਸਾਡੇ ਭਾਈਵਾਲ ਤੇ ਸਾਡੇ ਦੋਸਤ ਰਹਿਣਗੇ। ਇਹ ਸੱਭ ਅਮਰੀਕੀ ਲੋਕਾਂ ਲਈ ਨਹੀਂ ਹੈ। ਸਾਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਦੀ ਕਾਮਨ ਸੈਂਸ ਕੰਮ ਕਰ ਰਹੀ ਹੈ। ਪਰ ਅਮਰੀਕੀ ਪ੍ਰਸ਼ਾਸਨ ਦੀ ਅੱਜ ਵਾਲੀ ਹਰਕਤ ਤੋਂ ਅਜਿਹਾ ਨਜ਼ਰ ਨਹੀਂ ਆ ਰਿਹਾ। ਫਰੀਲੈਂਡ ਨੇ ਆਖਿਆ ਕਿ ਇਸ ਘੜੀ ਤੋਂ ਬਚਣ ਲਈ ਕੈਨੇਡਾ ਨੇ ਬਹੁਤ ਕੋਸਿ਼ਸ਼ ਕੀਤੀ। ਉਨ੍ਹਾਂ ਆਖਿਆ ਕਿ ਟਰੇਡ ਵਾਰਜ਼ ਨਾਲ ਕੁੱਝ ਹਾਸਲ ਨਹੀਂ ਹੁੰਦਾ।