ਟਰੰਪ ਵੱਲੋਂ ਉੱਤਰੀ ਕੋਰੀਆ ਨਾਲ ਹੋਣ ਵਾਲੀ ਸਿਖਰ ਵਾਰਤਾ ਰੱਦ


ਵਾਸਿੰ਼ਗਟਨ, 24 ਮਈ (ਪੋਸਟ ਬਿਊਰੋ) : ਬੜੇ ਹੀ ਨਾਟਕੀ ਢੰਗ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਗਲੇ ਮਹੀਨੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਨਾਲ ਹੋਣ ਜਾ ਰਹੀ ਸਿਖਰ ਵਾਰਤਾ ਰੱਦ ਕਰ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਵਾਰਤਾ ਦੇ ਰੱਦ ਹੋਣ ਨਾਲ ਸ਼ਾਂਤੀ ਦੀਆਂ ਕੋਸਿ਼ਸ਼ਾਂ ਨੂੰ ਝਟਕਾ ਲੱਗੇਗਾ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਉੱਤਰੀ ਕੋਰੀਆ ਦੀ ਕਿਸੇ ਵੀ ਬੇਵਕੂਫਾਨਾ ਕਾਰਵਾਈ ਦਾ ਜਵਾਬ ਦੇਣ ਲਈ ਅਮਰੀਕੀ ਫੌਜ ਪੂਰੀ ਤਰ੍ਹਾਂ ਤਿਆਰ ਹੈ।
ਸੱਭ ਤੋਂ ਪਹਿਲਾਂ ਟਰੰਪ ਨੇ ਆਪਣੇ ਇਸ ਫੈਸਲੇ ਦਾ ਐਲਾਨ ਕਿੰਮ ਨੂ੍ਹੰ ਲਿਖੀ ਇੱਕ ਚਿੱਠੀ ਵਿੱਚ ਕੀਤਾ, ਇਸ ਚਿੱਠੀ ਨੂੰ ਵਾੲ੍ਹੀਟ ਹਾਊਸ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਟਰੰਪ ਨੇ ਪਿੱਛੇ ਜਿਹੇ ਉੱਤਰੀ ਕੋਰੀਆ ਵੱਲੋਂ ਪ੍ਰਗਟਾਏ ਗੁੱਸੇ ਤੇ ਬੇਇਜ਼ਤੀ ਦੀ ਆਖੀ ਗੱਲ ਨੂੰ ਅਜਿਹੇ ਸਮੇਂ ਚਿਤਾਰਨ ਨੂੰ ਗੈਰਵਾਜਿਬ ਦੱਸਿਆ। ਟਰੰਪ ਨੇ ਆਖਿਆ ਕਿ ਲੰਮੀਆਂ ਕੋਸਿ਼ਸ਼ਾਂ ਦੇ ਬਾਅਦ ਜਦੋਂ ਮੀਟਿੰਗ ਹੋਣ ਜਾ ਰਹੀ ਸੀ ਤਾਂ ਅਜਿਹੇ ਵਿੱਚ ਉੱਤਰੀ ਕੋਰੀਆ ਨੂੰ ਅਜਿਹੀਆਂ ਗੱਲਾਂ ਨਹੀਂ ਸਨ ਕਰਨੀਆਂ ਚਾਹੀਦੀਆਂ।
ਬਾਅਦ ਵਿੱਚ ਵਾੲ੍ਹੀਟ ਹਾਊਸ ਵਿਖੇ ਗੱਲ ਕਰਦਿਆਂ ਟਰੰਪ ਨੇ ਆਖਿਆ ਕਿ ਉੱਤਰੀ ਕੋਰੀਆ ਉੱਤੇ ਵੱਧ ਤੋਂ ਵੱਧ ਦਬਾਅ ਪਾਏ ਜਾਣ ਦੀ ਮੁਹਿੰਮ ਜਾਰੀ ਰਹੇਗੀ। ਟਰੰਪ ਨੇ ਇਹ ਵੀ ਆਖਿਆ ਕਿ ਉਹ ਉਡੀਕ ਹੀ ਕਰ ਰਹੇ ਹਨ ਕਿ ਕਿੰਮ ਅਜੇ ਵੀ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਹੋਵੇ। ਉਨ੍ਹਾਂ ਅੱਗੇ ਆਖਿਆ ਕਿ ਇਸ ਦੀ ਪੂਰੀ ਸੰਭਾਵਨਾ ਸੀ ਕਿ ਮੌਜੂਦਾ ਸਿਖਰ ਵਾਰਤਾ ਹੋ ਸਕਦੀ ਜਾਂ ਕਿਸੇ ਅਗਲੀ ਤਰੀਕ ਵਿੱਚ ਅਜਿਹਾ ਹੋ ਸਕੇ।
12 ਜੂਨ ਨੂੰ ਹੋਣ ਵਾਲੀ ਇਸ ਸਿਖਰ ਵਾਰਤਾ ਨੂੰ ਇਸ ਤਰ੍ਹਾਂ ਅਚਾਨਕ ਰੱਦ ਕਰਨ ਨਾਲ ਅਮਰੀਕਾ ਇਤਿਹਾਸਕ ਪ੍ਰਮਾਣੂ ਸ਼ਾਂਤੀ ਸੰਧੀ ਤੋਂ ਇੱਕ ਵਾਰੀ ਤਾਂ ਪਾਸੇ ਹੋ ਗਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਉੱਤਰੀ ਕੋਰੀਆ ਦੇ ਆਗੂ ਨਾਲ ਮੁਲਾਕਾਤ ਨਹੀਂ ਕੀਤੀ ਗਈ।