ਟਰੰਪ ਨੇ ਵਿਦੇਸ਼ ਮੰਤਰੀ ਟਿੱਲਰਸਨ ਨੂੰ ਹਟਾਇਆ


*ਪੌਂਪੀਓ ਹੋਣਗੇ ਨਵੇਂ ਵਿਦੇਸ਼ ਮੰਤਰੀ
ਵਾਸਿ਼ੰਗਟਨ, 13 ਮਾਰਚ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਦੀ ਥਾਂ ਸੀਆਈਏ ਦੇ ਡਾਇਰੈਕਟਰ ਮਾਈਕ ਪੌਂਪੀਓ ਨੂੰ ਵਿਦੇਸ਼ ਮੰਤਰੀ ਥਾਪ ਦਿੱਤਾ ਗਿਆ ਹੈ। ਪੌਂਪੀਓ ਸੱਜੇ ਪੱਖੀ ਸਾਬਕਾ ਕਾਂਗਰਸਮੈਨ ਹਨ ਜਿਹੜੇ ਉੱਤਰੀ ਕੋਰੀਆ ਤੇ ਇਰਾਨ ਨਾਲ ਸਖ਼ਤ ਕਾਰਵਾਈ ਕਰਨ ਦੇ ਹਮਾਇਤੀ ਹਨ।
ਇਸ ਫੈਸਲੇ ਨਾਲ ਟਰੰਪ ਦੀ ਵਿਦੇਸ਼ ਨੀਤੀ ਹੋਰ ਸਖ਼ਤ ਹੋ ਜਾਵੇਗੀ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਟਰੰਪ ਦੇ ਮੁੱਖ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਅਸਤੀਫਾ ਦੇ ਦਿੱਤਾ ਸੀ। ਅਮਰੀਕੀ ਪ੍ਰਸ਼ਾਸਨ ਨੇ ਸੰਜਮ ਤੇ ਕੌਮਾਂਤਰੀਵਾਦ ਦੀ ਪੈਰਵੀ ਕਰਨ ਵਾਲੇ ਆਪਣੇ ਦੋ ਅਹਿਮ ਸਲਾਹਕਾਰਾਂ ਨੂੰ ਗੁਆ ਦਿੱਤਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟਿੱਲਰਸਨ ਵੱਲੋਂ ਇਰਾਨ ਦੀ ਜਿਹੜੀ ਪ੍ਰਮਾਣੂ ਡੀਲ ਦਾ ਸਮਰਥਨ ਕੀਤਾ ਜਾ ਰਿਹਾ ਸੀ ਪੌਂਪੀਓ ਉਸ ਨੂੰ ਖ਼ਤਮ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉੱਤਰੀ ਕੋਰੀਆ ਦੇ ਹਾਕਮ ਕਿਮ ਜੌਂਗ ਉਨ ਨੂੰ ਵੀ ਬਾਹਰ ਕਰਨ ਦੀ ਇੱਛਾ ਪ੍ਰਗਟਾਈ ਗਈ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਵੀ ਸੰਭਵ ਹੋ ਸਕਦਾ ਹੈ ਕਿ ਟਿੱਲਰਸਨ ਦੀ ਥਾਂ ਉੱਤੇ ਪੌਂਪੀਓ ਦੇ ਆਉਣ ਨਾਲ ਕੋਈ ਖਾਸ ਨੀਤੀਗਤ ਤਬਦੀਲੀਆਂ ਨਾ ਹੋਣ। ਇਹ ਵੀ ਮੰਨਿਆ ਜਾਂਦਾ ਹੈ ਕਿ ਟਰੰਪ ਆਪਣੇ ਡਿਪਲੋਮੈਟਸ ਦੀ ਗੱਲ ਵੀ ਘੱਟ ਹੀ ਸੁਣਦੇ ਹਨ ਸਗੋਂ ਉਨ੍ਹਾਂ ਦੇ ਫੈਸਲੇ ਆਪਣੀ ਸਮਝ ਮੁਤਾਬਕ ਹੀ ਲਏ ਜਾਂਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਨੂੰ ਲਗਾਤਾਰ ਰਹਿ ਰਹਿ ਕੇ ਝਟਕੇ ਲੱਗਦੇ ਰਹੇ ਹਨ। ਫਰਵਰੀ ਦੇ ਅਖੀਰ ਵਿੱਚ ਟਰੰਪ ਦੀ ਕਮਿਊਨਿਕੇਸ਼ਨ ਡਾਇਰੈਕਟਰ ਹੋਪ ਹਿੱਕਜ਼ ਨੇ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਸਟਾਫ ਸਕੱਤਰ ਰੌਬ ਪੌਰਟਰ ਵੀ ਅਸਤੀਫਾ ਦੇ ਚੁੱਕੇ ਹਨ। ਸੋੋਮਵਾਰ ਨੂੰ ਟਰੰਪ ਦੇ ਨਿਜੀ ਅਸਿਸਟੈਂਟ ਜੌਹਨ ਮੈਕੈਂਟੀ ਨੂੰ ਸਕਿਊਰਿਟੀ ਸਬੰਧੀ ਕਿਸੇ ਮੁੱਦੇ ਉੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਟਰੰਪ ਕਈ ਵਾਰੀ ਜਨਤਕ ਤੌਰ ਉੱਤੇ ਇਹ ਆਖ ਚੁੱਕੇ ਸਨ ਕਿ ਟਿੱਲਰਸਨ ਉਨ੍ਹਾਂ ਦੇ ਪੱਖ ਉੱਤੇ ਗੱਲ ਨਹੀਂ ਕਰਦੇ। ਇਨ੍ਹਾਂ ਕਨਸੋਆਂ ਵੀ ਹਨ ਕਿ ਟਰੰਪ ਅਜੇ ਇਸ ਤੋਂ ਵੀ ਵੱਡੀਆਂ ਤਬਦੀਲੀਆਂ ਕਰ ਸਕਦੇ ਹਨ। ਟਿੱਲਰਸਨ ਦਾ ਚਲੇ ਜਾਣ ਕੋਈ ਵੱਡੀ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ। ਇੱਕ ਵਾਰੀ ਤਾਂ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਟਿੱਲਰਸਨ ਵੱਲੋਂ ਟਰੰਪ ਨੂੰ ਮੂਰਖ ਦੱਸਿਆ ਗਿਆ ਸੀ। ਟਿੱਲਰਸਨ ਦਾ ਇਹ ਵੀ ਮੰਨਣਾ ਸੀ ਕਿ ਟਰੰਪ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਉਹ ਗੈਰਜਿ਼ੰਮੇਵਾਰ ਇਨਸਾਨ ਹਨ। ਦੂਜੇ ਪਾਸੇ ਟਰੰਪ ਟਿੱਲਰਸਨ ਨੂੰ ਗੈਰਵਫਾਦਾਰ, ਗੈਰਪ੍ਰਭਾਵਸ਼ਾਲੀ ਤੇ ਰਵਾਇਤੀ ਨੀਤੀਆਂ ਦਾ ਪੈਰੋਕਾਰ ਮੰਨਦੇ ਸਨ। ਉਨ੍ਹਾਂ ਦੋਵਾਂ ਵਿੱਚ ਕਤਰ, ਰੂਸ, ਨਾਟੋ ਤੇ ਪੈਰਿਸ ਦੇ ਵਾਤਾਵਰਣ ਸਬੰਧੀ ਸਮਝੌਤੇ ਨੂੰ ਲੈ ਕੇ ਝਗੜਾ ਸੀ।