ਟਰੰਪ ਨੇ ਲੰਡਨ ਦਾ ਦੌਰਾ ਕੀਤਾ ਰੱਦ

ਲੰਡਨ, 12 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੰਡਨ ਦੇ ਦੌਰੇ ਨੂੰ ਰੱਦ ਕਰ ਦਿੱਤਾ ਜਿੱਥੇ ਉਹ ਇੱਕ ਬਿਲੀਅਨ ਡਾਲਰ ਦੀ ਲਾਗਤ ਨਾਲ ਨਵੀਂ ਅਮਰੀਕੀ ਅੰਬੈਸੀ ਖੋਲ੍ਹਣ ਜਾ ਰਹੇ ਸਨ।
ਕੁੱਝ ਬ੍ਰਿਟਿਸ਼ ਕਾਨੂੰਨਘਾੜਿਆਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਕੀ ਸੱਜੇ ਪੱਖੀ ਬ੍ਰਿਟਿਸ਼ ਗਰੁੱਪ ਦੇ ਟਵੀਟ ਕੀਤੇ ਵੀਡੀਓਜ਼ ਨੂੰ ਰੀਟਵੀਟ ਕਰਨ ਤੇ ਪਿਛਲੇ ਸਾਲ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲੰਡਨ ਦੇ ਮੇਅਰ ਸਾਦਿਕ ਖਾਨ ਦੀ ਆਲੋਚਨਾ ਕਰਨ ਤੋਂ ਬਾਅਦ ਵੀ ਟਰੰਪ ਦਾ ਸਵਾਗਤ ਕੀਤਾ ਜਾਵੇਗਾ। ਪਰ ਟਰੰਪ ਨੇ ਆਖਿਆ ਕਿ ਉਸ ਦਾ ਫੈਸਲਾ, ਜਿਸ ਨੂੰ ਦੇਰ ਰਾਤ ਨੂੰ ਟਵੀਟ ਕੀਤਾ ਗਿਆ ਸੀ, ਟੋਨੀ ਮੇਅਫੇਅਰ ਡਿਸਟ੍ਰਿਕਟ ਤੋਂ ਲੰਡਨ ਦੇ ਘੱਟ ਫੈਸ਼ਨੇਬਲ ਥਾਂ ਉੱਤੇ ਮੂਵ ਕੀਤੇ ਜਾਣ ਕਾਰਨ ਖੜ੍ਹੀ ਹੋਈ ਚਿੰਤਾ ਕਾਰਨ ਲਿਆ ਗਿਆ।
ਟਰੰਪ ਨੇ ਟਵੀਟ ਕਰਕੇ ਆਖਿਆ ਕਿ ਲੰਡਨ ਦਾ ਆਪਣਾ ਦੌਰਾ ਰੱਦ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਲੰਡਨ ਦੀ ਬਿਹਤਰੀਨ ਥਾਂ ਉੱਤੇ ਸਥਿਤ ਅੰਬੈਸੀ ਨੂੰ ਕੌਡੀਆਂ ਵੱਟੇ ਵੇਚਣ ਦੇ ਓਬਾਮਾ ਪ੍ਰਸ਼ਾਸਨ ਦੇ ਫੈਸਲੇ ਤੋਂ ਉਹ ਖੁਸ਼ ਨਹੀਂ ਸਨ ਤੇ ਨਾ ਹੀ ਕਿਸੇ ਹੋਰ ਥਾਂ ਉੱਤੇ 1.2 ਬਿਲੀਅਨ ਡਾਲਰ ਦੀ ਲਾਗਤ ਨਾਲ ਨਵੀਂ ਇਮਾਰਤ ਦਾ ਨਿਰਮਾਣ ਕਰਨ ਲਈ ਹੀ ਤਿਆਰ ਸਨ। ਇਹ ਇੱਕ ਮਾੜਾ ਸੌਦਾ ਸੀ ਤੇ ਇਸ ਦਾ ਰਿਬਨ ਵੀ ਉਹ ਸਾਡੇ ਤੋਂ ਹੀ ਕਟਵਾਉਣਾ ਚਾਹੁੰਦੇ ਸਨ।
ਅੰਬੈਸੀ ਨੂੰ ਬਦਲਣ ਦਾ ਐਲਾਨ 2008 ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਦੀ ਚੋਣ ਤੋਂ ਪਹਿਲਾਂ ਕੀਤਾ ਗਿਆ ਸੀ। ਉਸ ਸਮੇਂ ਅਮਰੀਕਾ ਦੇ ਅੰਬੈਸਡਰ ਰੌਬਰਟ ਟਟਲ ਨੇ ਆਖਿਆ ਕਿ ਪੰਜ ਏਕੜ ਸਾਈਟ ਨੂੰ ਰਿਵਰ ਥੇਮਜ਼ ਦੇ ਦੱਖਣੀ ਹਿੱਸੇ ਵੱਲ ਬਦਲੀ ਕਰਨ ਦਾ ਫੈਸਲਾ ਲੰਮੇ ਤੇ ਸਾਵਧਾਨੀ ਨਾਲ ਲਏ ਗਏ ਫੈਸਲੇ ਮਗਰੋਂ ਹੀ ਕੀਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੰਪ ਦੇ ਦੌਰੇ ਦੀ ਪੁਸ਼ਟੀ ਕਦੇ ਵੀ ਨਹੀਂ ਸੀ ਕੀਤੀ ਗਈ। ਕਿਆਸਅਰਾਈਆਂ ਇਹ ਸਨ ਕਿ ਰਾਸ਼ਟਰਪਤੀ ਫਰਵਰੀ ਵਿੱਚ ਰਸਮੀ ਤੌਰ ਉੱਤੇ ਇੱਕ ਸਮਾਰੋਹ ਵਿੱਚ ਅੰਬੈਸੀ ਖੋਲ੍ਹਣਗੇ। ਦਸੰਬਰ ਵਿੱਚ ਅੰਬੈਸਡਰ ਵੂਡੀ ਜੌਹਨਸਨ ਨੇ ਵੀ ਇਹ ਆਖਿਆ ਸੀ ਕਿ ਉਹ ਰਾਸ਼ਟਰਪਤੀ ਦਾ ਸਵਾਗਤ ਕਰਨਗੇ ਜਦੋਂ ਉਹ ਬ੍ਰਿਟੇਨ ਦੇ ਦੌਰੇ ਉੱਤੇ ਆਉਣਗੇ।