ਟਰੰਪ ਨੇ ਫਿਰ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕਰ ਦਿੱਤੀ

trump
ਵਾਸ਼ਿੰਗਟਨ, 25 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਿਚ ਯਾਤਰਾ ਕਰਨ ਦੀ ਰੋਕ ਲਾਉਣ ਵਾਲੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਉੱਤਰੀ ਕੋਰੀਆ, ਵੈਨਜ਼ੁਏਲਾ ਤੇ ਚਾਡ ਸਮੇਤ 8 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਉੱਤੇ ਯਾਤਰਾ ਪਾਬੰਦੀ ਲਾਉਣ ਲਈ ਖ਼ਰਾਬ ਸੁਰੱਖਿਆ ਜਾਂਚ ਅਤੇ ਅਮਰੀਕੀ ਅਧਿਕਾਰੀਆਂ ਨਾਲ ਸਹੀ ਸਹਿਯੋਗ ਨਾ ਕਰਨ ਦਾ ਹਵਾਲਾ ਦਿੱਤਾ ਗਿਆ ਹੈ।
ਡੋਨਾਲਡ ਟਰੰਪ ਨੇ ਐਤਵਾਰ ਨੂੰ ਨਵੀਂ ਪਾਬੰਦੀ ਸੂਚੀ ਜਾਰੀ ਕੀਤੀ, ਜੋ ਖਤਮ ਹੋਏ ਪਹਿਲੇ ਹੁਕਮ ਦਾ ਥਾਂ ਲਏਗੀ। ਯਾਤਰਾ ਪਾਬੰਦੀ ਦੇ ਪਹਿਲੇ ਹੁਕਮ ਨੇ ਉਨ੍ਹਾਂ ਨੂੰ ਰਾਜਨੀਤਕ ਅਤੇ ਕਾਨੂੰਨੀ ਪੁਆੜੇ ਵਿਚ ਫਸਾ ਦਿੱਤਾ ਸੀ। ਆਲੋਚਕਾਂ ਨੇ ਦੋਸ਼ ਲਾਇਆ ਸੀ ਕਿ ਜਨਵਰੀ ਵਿਚ ਚਾਰਜ ਸੰਭਾਲਣ ਵੇਲੇ ਤੋਂ ਹੀ ਟਰੰਪ ਦੇਸ਼ ਵਿਚ ਮੁਸਲਮਾਨਾਂ ਦੇ ਦਾਖਲੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਵਿਚ ਹਨ। ਟਰੰਪ ਨੇ ਇਕ ਟਵੀਟ ਕੀਤਾ ਕਿ ਅਮਰੀਕਾ ਨੂੰ ਸੁਰੱਖਿਅਤ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ‘ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਦਾਖਲ ਨਹੀਂ ਹੋਣ ਦੇਵਾਂਗੇ, ਜਿਨ੍ਹਾਂ ਦੀ ਠੀਕ ਤਰੀਕੇ ਨਾਲ ਸੁਰੱਖਿਆ ਜਾਂਚ ਨਹੀਂ ਕਰ ਸਕਦੇ।’ ਸੂਡਾਨ ਮੁਸਲਮਾਨ ਬਹੁ-ਗਿਣਤੀ ਵਾਲੇ ਉਨ੍ਹਾਂ 6 ਦੇਸ਼ਾਂ ਵਿਚੋਂ ਇਕ ਸੀ, ਜਿਸ ਉੱਤੇ ਪਹਿਲਾਂ ਪਾਬੰਦੀ ਲਾਈ ਗਈ ਸੀ। ਹੁਣ ਨਵੀਂ ਸੂਚੀ ਵਿਚ ਸੂਡਾਨ ਦਾ ਨਾਮ ਹਟਾ ਲਿਆ ਗਿਆ ਹੈ।
ਅਮਰੀਕਾ ਦੀ ਯਾਤਰਾ ਕਰਨ ਉੱਤੇ ਲੱਗੀ ਨਵੀਂ ਪਾਬੰਦੀ ਵਾਲੀ ਸੂਚੀ ਵਿਚ ਹੁਣ 8 ਦੇਸ਼ ਹਨ, ਜਿਨ੍ਹਾਂ ਉੱਤੇ ਪੂਰੀ ਤਰ੍ਹਾਂ ਨਾਲ ਜਾਂ ਕੁਝ ਹੱਦ ਤੱਕ ਦੀ ਪਾਬੰਦੀ ਹੈ। ਉੱਤਰੀ ਕੋਰੀਆ ਤੇ ਚਾਡ ਦੇ ਨਾਗਰਿਕਾਂ ਉੱਤੇ ਪੂਰੀ ਪਾਬੰਦੀ ਹੈ, ਜਦੋਂ ਕਿ ਵੈਨਜ਼ੁਏਲਾ ਦੇ ਸਿਰਫ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਯਾਤਰਾ ਪਾਬੰਦੀ ਲਾਈ ਗਈ ਹੈ। ਹੋਰ ਦੇਸ਼ਾਂ ਵਿਚ ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਤੇ ਯਮਨ ਸ਼ਾਮਲ ਹਨ।
ਇਸ ਹੁਕਮ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਨਾਗਰਿਕਾਂ ਦੀ ਪਛਾਣ ਦੀ ਪ੍ਰਕਿਰਿਆ ਵਿਚ ਸੁਧਾਰ ਕਰਨ ਤੇ ਅਮਰੀਕਾ ਨਾਲ ਜਾਣਕਾਰੀ ਸਾਂਝਾ ਕਰਨ ਲਈ ਦਬਾਅ ਬਣਾਉਣ ਲਈ ਏਦਾਂ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਸੂਚੀ ਵਿਦੇਸ਼ ਨੀਤੀ, ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਦੀ ਰੋਕਥਾਮ ਦੇ ਟੀਚਿਆਂ ਲਈ ਬਣਾਈ ਗਈ ਹੈ। ਇਕ ਸੀਨੀਅਰ ਪ੍ਰਬੰਧਕੀ ਅਧਿਕਾਰੀ ਨੇ ਦੱਸਿਆ ਕਿ ਇਹ ਪਾਬੰਦੀ ਕੌਮੀ ਸੁਰੱਖਿਆ ਲਈ ਅਹਿਮ ਹੈ ਅਤੇ ਸ਼ਰਤ ਆਧਾਰਿਤ ਹੈ, ਸਮਾਂ ਆਧਾਰਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੇਸ਼ ਅਮਰੀਕਾ ਦੀ ਯਾਤਰਾ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਸ ਦਾ ਨਾਮ ਸੂਚੀ ਤੋਂ ਹਟਾਇਆ ਜਾ ਸਕਦਾ ਹੈ।