ਟਰੰਪ ਨੇ ਟਵੀਟ ਰਾਹੀਂ ਉੱਤਰੀ ਕੋਰੀਆ ਖਿਲਾਫ ਜੰਗ ਦਾ ਕੀਤਾ ਐਲਾਨ : ਰੀ ਯੌਂਗ ਹੋ

1
ਉੱਤਰੀ ਕੋਰੀਆ ਦੇ ਉੱਘੇ ਡਿਪਲੋਮੈਟ ਨੇ ਸੋਮਵਾਰ ਨੂੰ ਆਖਿਆ ਕਿ ਵੀਕੈਂਡ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੀਤੇ ਗਏ ਟਵੀਟ ਵਿੱਚ ਉਨ੍ਹਾਂ ਜੰਗ ਦਾ ਐਲਾਨ ਹੀ ਕੀਤਾ ਸੀ। ਉਨ੍ਹਾਂ ਆਖਿਆ ਕਿ ਉੱਤਰੀ ਕੋਰੀਆ ਕੋਲ ਇਹ ਅਧਿਕਾਰ ਹੈ ਕਿ ਉਹ ਅਮਰੀਕੀ ਬੰਬਾਰਾਂ ਨੂੰ ਫੁੰਡ ਕੇ ਇਸ ਦਾ ਬਦਲਾ ਲੈ ਸਕੇ ਫਿਰ ਭਾਵੇਂ ਉਹ ਕੌਮਾਂਤਰੀ ਏਅਰਸਪੇਸ ਵਿੱਚ ਹੀ ਕਿਉਂ ਨਾ ਹੋਣ।
ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਸਾਲਾਨਾ ਮੰਤਰੀ ਪੱਧਰ ਦੀ ਮੀਟਿੰਗ ਦੌਰਾਨ ਉੱਤਰੀ ਕੋਰੀਆ ਤੇ ਅਮਰੀਕਾ ਵਿਚਾਲੇ ਚੱਲ ਰਹੀ ਅਜੀਬ ਖਿੱਚੋਤਾਣ ਅਤੇ ਸ਼ਬਦੀ ਜੰਗ ਵਿੱਚ ਇਹ ਨਵਾਂ ਵਾਧਾ ਮੰਨਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਰੀ ਯੌਂਗ ਹੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਭਾਈਚਾਰੇ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਉਹ ਸ਼ਬਦੀ ਜੰਗ ਨੂੰ ਅਮਲੀ ਕਾਰਵਾਈ ਵਿੱਚ ਵਟਿਆ ਨਹੀਂ ਵੇਖਣਾ ਚਾਹੁੰਦੇ। ਪਰ ਉਨ੍ਹਾਂ ਆਖਿਆ ਕਿ ਟਰੰਪ ਵੱਲੋਂ ਕੀਤਾ ਗਿਆ ਇਹ ਟਵੀਟ “ਉੱਤਰੀ ਕੋਰੀਆ ਦੇ ਕਿਮ ਜੌਂਗ ਉਨ ਦੀ ਲੀਡਰਸਿ਼ਪ ਬਹੁਤਾ ਸਮਾਂ ਨਹੀਂ ਰਹਿਣ ਵਾਲੀ”, ਇਸ ਤੋਂ ਤਾਂ ਇਹੋ ਲੱਗਦਾ ਹੈ ਕਿ ਟਰੰਪ ਨੇ ਸਾਡੇ ਨਾਲ ਸਿੱਧੀ ਜੰਗ ਐਲਾਨ ਦਿੱਤੀ ਹੈ।
ਸੰਯੁਕਤ ਰਾਸ਼ਟਰ ਦੇ ਚਾਰਟਰ ਤਹਿਤ ਰੀ ਨੇ ਆਖਿਆ ਕਿ ਉੱਤਰੀ ਕੋਰੀਆ ਨੂੰ ਆਤਮ ਰੱਖਿਆ ਦਾ ਪੂਰਾ ਅਧਿਕਾਰ ਹੈ ਤੇ ਆਪਣੇ ਬਚਾਅ ਲਈ ਕਦਮ ਚੁੱਕਣ ਦਾ ਵੀ ਪੂਰਾ ਹੱਕ ਹੈ। ਇਸ ਵਿੱਚ ਅਮਰੀਕਾ ਵੱਲੋਂ ਭੇਜੇ ਜਾਣ ਵਾਲੇ ਬੰਬਾਰ ਵੀ ਸ਼ਾਮਲ ਹਨ ਫਿਰ ਭਾਵੇਂ ਉਹ ਸਾਡੇ ਦੇਸ਼ ਦੀ ਏਅਰਸਪੇਸ ਦੀ ਹੱਦ ਅੰਦਰ ਵੀ ਦਾਖਲ ਨਾ ਹੋਏ ਹੋਣ। ਇਸ ਤੋਂ ਕਈ ਘੰਟਿਆਂ ਬਾਅਦ ਵਾੲ੍ਹੀਟ ਹਾਊਸ ਨੇ ਰੀ ਦੇ ਦਾਅਵੇ ਨੂੰ ਦਰਕਿਨਾਰ ਕਰਦਿਆਂ ਆਖਿਆ ਕਿ ਅਸੀਂ ਉੱਤਰੀ ਕੋਰੀਆ ਨਾਲ ਕਿਸੇ ਕਿਸਮ ਦੀ ਕੋਈ ਜੰਗ ਦਾ ਐਲਾਨ ਨਹੀਂ ਕੀਤਾ। ਟਵੀਟ ਦਾ ਹਵਾਲਾ ਦਿੰਦਿਆਂ ਟਰੰਪ ਪ੍ਰਸ਼ਾਸਨ ਨੇ ਜੋ਼ਰ ਦੇ ਕੇ ਆਖਿਆ ਕਿ ਅਮਰੀਕਾ ਉੱਤਰੀ ਕੋਰੀਆ ਦੀ ਸਰਕਾਰ ਨੂੰ ਡੇਗਣ ਦਾ ਕੋਈ ਮਨ ਨਹੀਂ ਬਣਾ ਰਿਹਾ।
ਅਮਰੀਕਾ ਦੇ ਕੈਬਨਿਟ ਅਧਿਕਾਰੀਆਂ, ਖਾਸ ਤੌਰ ਉੱਤੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਆਖਿਆ ਕਿ ਅਮਰੀਕਾ ਦੀ ਅਗਵਾਈ ਵਿੱਚ ਉੱਤਰੀ ਕੋਰੀਆ ਉੱਤੇ ਪਾਇਆ ਜਾਣ ਵਾਲਾ ਡਿਪਲੋਮੈਟਿਕ ਤੇ ਆਰਥਿਕ ਦਬਾਅ ਉਸ ਮੁਲਕ ਦੇ ਪ੍ਰਮਾਣੂ ਹਥਿਆਰਾਂ ਸਬੰਧੀ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਹੈ ਨਾ ਕਿ ਉੱਥੋਂ ਦੀ ਸਰਕਾਰ ਨੂੰ ਕੋਈ ਨੁਕਸਾਨ ਪਹੁੰਚਾਉਣ ਲਈ।