ਟਰੰਪ ਨੇ ਉੱਤਰੀ ਕੋਰੀਆ ਦਾ ਖੁਰਾ ਖੋਜ ਮਿਟਾਉਣ ਦੀ ਦਿੱਤੀ ਧਮਕੀ

2
ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਪਹਿਲੀ ਵਾਰੀ ਸੰਬੋਧਨ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਜੇ ਉੱਤਰੀ ਕੋਰੀਆ ਦਾ ਹਾਕਮ ਪ੍ਰਮਾਣੂ ਹਥਿਆਰਾਂ ਨਾਲ ਆਪਣਾ ਮੋਹ ਛੱਡ ਕੇ ਪ੍ਰੀਖਣ ਕਰਨੇ ਬੰਦ ਨਹੀਂ ਕਰਦਾ ਤਾਂ ਉੱਤਰੀ ਕੋਰੀਆ ਨੂੰ ਅਸੀਂ ਨੇਸਤਨਾਬੂਤ ਕਰ ਦੇਵਾਂਗੇ।
ਟਰੰਪ ਨੇ ਕਿਮ ਜੌਂਗ ਉਨ ਨੂੰ ਰਾਕੇਟ ਮੈਨ ਦੱਸਦਿਆਂ ਆਖਿਆ ਕਿ ਉਹ ਖੁਦ ਲਈ ਤੇ ਆਪਣੇ ਲੋਕਾਂ ਲਈ ਆਤਮਘਾਤੀ ਮਿਸ਼ਨ ਉੱਤੇ ਹੈ। ਉਨ੍ਹਾਂ ਆਖਿਆ ਕਿ ਜੇ ਅਮਰੀਕਾ ਨੂੰ ਆਪਣੀ ਤੇ ਆਪਣੇ ਭਾਈਵਾਲਾਂ ਦੀ ਰੱਖਿਆ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਸਾਡੇ ਕੋਲ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਸਾਫ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਉਨ੍ਹਾਂ ਆਖਿਆ ਕਿ ਸਾਡੀ ਧਰਤੀ ਦਾ ਸੱਭ ਤੋਂ ਵੱਡਾ ਕਸ਼ਟ ਅਜਿਹੇ ਦੇਸ਼ਾਂ ਦੇ ਸਿਰਫਿਰੇ ਆਗੂ ਹਨ। ਅਮੈਰੀਕਾ ਫਰਸਟ ਦੇ ਨਾਅਰੇ ਉੱਤੇ ਚੁਣੇ ਗਏ ਟਰੰਪ ਨੇ ਆਖਿਆ ਕਿ ਸਾਰੇ ਦੇਸ਼ਾਂ ਨੂੰ ਨਿਜੀ ਹਿਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਜਦੋਂ ਕਿਤੋਂ ਸਾਂਝਾ ਖਤਰਾ ਮਹਿਸੂਸ ਹੋਵੇ ਤਾਂ ਸਾਰਿਆਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਸਾਰੇ ਦੇਸ਼ਾਂ ਨੂੰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਦੀ ਗੁਹਾਰ ਵੀ ਲਾਈ। ਉਨ੍ਹਾਂ ਦੁਨੀਆ ਭਰ ਵਿੱਚ ਅੱਤਵਾਦ ਫੈਲਾ ਰਹੇ ਗੰਦੀ ਮਾਨਸਿਕਤਾ ਵਾਲੇ ਅੱਤਵਾਦੀਆਂ ਨੂੰ ਭਾਂਜ ਦੇਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਇਸਲਾਮਿਕ ਅੱਤਵਾਦ ਦੀ ਨਿੰਦਾ ਕੀਤੀ। ਸੀਰੀਆਈ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਟਰੰਪ ਨੇ ਆਖਿਆ ਕਿ ਹਿੰਸਾ ਦਾ ਸਿ਼ਕਾਰ ਦੁਨੀਆ ਦੇ ਕੁੱਝ ਹਿੱਸੇ ਨਰਕ ਵਿੱਚ ਜਾਣਗੇ। ਪਰ ਉਨ੍ਹਾਂ ਰੂਸ ਦਾ ਨਾਂ ਕਿਤੇ ਵੀ ਨਹੀਂ ਲਿਆ।
ਆਪਣੇ ਭਾਸਨ ਦਾ ਬਹੁਤਾ ਹਿੱਸਾ ਟਰੰਪ ਨੇ ਉੱਤਰੀ ਕੋਰੀਆ ਉੱਤੇ ਗੁੱਸਾ ਕੱਢਣ ਵਿੱਚ ਖਰਚਿਆ। ਟਰੰਪ ਨੇ ਉਹੀ ਗੱਲਾਂ ਦੁਹਰਾਈਆਂ ਜਿਹੜੀਆਂ ਉਹ ਪਹਿਲਾਂ ਵੀ ਕਰਦੇ ਰਹੇ ਹਨ। ਪਰ ਇਸ ਵਾਰੀ ਆਪਣੇ ਮੁਲਕ ਵਿੱਚ ਖੜ੍ਹੇ ਹੋ ਕੇ ਅਜਿਹੀਆਂ ਗੱਲਾਂ ਆਖਣ ਦੀ ਥਾਂ ਟਰੰਪ ਨੇ ਇਹ ਸੱਭ ਕੁੱਝ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਆਖੀਆਂ। ਉਨ੍ਹਾਂ ਅੱਗੇ ਆਖਿਆ ਕਿ ਉੱਤਰੀ ਕੋਰੀਆ ਵਿੱਚ ਮਿਲੀਅਨ ਲੋਕਾਂ ਨੂੰ ਭੁੱਖਾ ਰੱਖਿਆ ਜਾ ਰਿਹਾ ਹੈ, ਜਪਾਨ ਦੀ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ, ਉੱਥੇ ਕਮਿਊਨਿਸਟ ਸਰਕਾਰ ਨਹੀਂ ਸਗੋਂ ਮੁਜਰਮਾਂ ਦਾ ਟੋਲਾ ਕੰਮ ਕਰ ਰਿਹਾ ਹੈ।
ਟਰੰਪ ਨੇ ਵਿਸ਼ਵ ਆਗੂਆਂ ਨੂੰ ਆਪਣੀ ਖੁਦਮੁਖ਼ਤਿਆਰੀ ਦਾ ਮਾਣ ਕਰਨ ਦੀ ਸਲਾਹ ਦਿੱਤੀ ਤੇ ਆਖਿਆ ਕਿ ਇਸੇ ਕਾਰਨ ਹੀ ਕੋਈ ਦੇਸ਼ ਖੁਸ਼ਹਾਲ ਤੇ ਸੁਰੱਖਿਅਤ ਹੋ ਸਕਦਾ ਹੈ। ਇਸ ਭਾਸ਼ਣ ਉੱਤੇ ਦੁਨੀਆ ਭਰ ਦੇ ਆਗੂਆਂ ਨੇ ਵੱਖ ਵੱਖ ਟਿੱਪਣੀਆਂ ਕੀਤੀਆਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਨੇ ਟਵਿੱਟਰ ਉੱਤੇ ਲਿਖਿਆ ਕਿ ਸੰਯੁਕਤ ਰਾਸ਼ਟਰ ਵਿੱਚ ਆਪਣੇ 30 ਸਾਲਾਂ ਦੇ ਅਰਸੇ ਵਿੱਚ ਐਨਾ ਜੇਰੇ ਵਾਲਾ ਭਾਸ਼ਣ ਉਨ੍ਹਾਂ ਕਦੇ ਨਹੀਂ ਸੁਣਿਆ। ਪਰ ਸਵੀਡਨ ਦੇ ਵਿਦੇਸ਼ ਮੰਤਰੀ ਮਾਰਗਟ ਵਾਲਸਟਰੌਮ ਨੇ ਆਖਿਆ ਕਿ ਇਹ ਗਲਤ ਸਮੇਂ ਉੱਤੇ, ਗਲਤ ਦਰਸ਼ਕਾਂ ਨੂੰ ਦਿੱਤਾ ਗਿਆ ਗਲਤ ਭਾਸ਼ਣ ਸੀ।