ਟਰੰਪ ਨੇ ਇਮੀਗਰੇਸ਼ਨ ਨੀਤੀ ਜਾਇਜ਼ ਠਹਿਰਾਈ, ਡੈਮੋਕਰੇਟਾਂ ਨੂੰ ਦੋਸ਼ ਦਿੱਤਾ


ਵਾਸ਼ਿੰਗਟਨ, 19 ਜੂਨ (ਪੋਸਟ ਬਿਊਰੋ)- ਅਮਰੀਕੀ ਸਰਹੱਦ ਉੱਤੇ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀ ਵਿਵਾਦਮਈ ‘ਜ਼ੀਰੋ ਟੋਲਰੈਂਸ’ ਸਰਹੱਦੀ ਨੀਤੀ ਦਾ ਟਰੰਪ ਪ੍ਰਸ਼ਾਸਨ ਨੇ ਅੱਜ ਬਚਾਅ ਕੀਤਾ ਅਤੇ ਦੋਸ਼ ਲਾਇਆ ਕਿ ਡੈਮਕ੍ਰੇਟਸ ਮੌਜੂਦਾ ਇਮੀਗ੍ਰੇਸ਼ਨ ਸੰਕਟ ਦਾ ਸਮੁੱਚੇ ਤੌਰ ਉੱਤੇ ਹੱਲ ਨਹੀਂ ਚਾਹੁੰਦੇ।
ਹੋਮਲੈਂਡ ਸੁਰੱਖਿਆ ਵਿਭਾਗ ਦੇ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਜ਼ੀਰੋ ਟੋਲਰੈਂਸ’ ਇਮੀਗ੍ਰੇਸ਼ਨ ਨੀਤੀ ਹੇਠ ਇਸ ਸਾਲ 19 ਅਪ੍ਰੈਲ ਤੋਂ 31 ਮਈ ਵਿਚਾਲੇ ਕਰੀਬ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਅਤੇ ਗਾਰਡੀਅਨ ਤੋਂ ਵੱਖ ਕਰ ਕੇ ਵਿਸ਼ੇਸ਼ ਕੇਂਦਰਾਂ ਵਿਚ ਰੱਖਿਆ ਗਿਆ ਹੈ। ਅਜਿਹੇ ਜ਼ਿਆਦਾ ਕੇਂਦਰ ਹਸਪਤਾਲਾਂ, ਗੋਦਾਮਾਂ ਆਦਿ ਦੀਆਂ ਪੁਰਾਣੀਆਂ ਪੈ ਚੁੱਕੀਆਂ ਇਮਾਰਤਾਂ ਹਨ। ਇਕ ਕੇਂਦਰ ਰੇਗਿਸਤਾਨ ਵਿਚ ਕੈਂਪ ਲਾ ਕੇ ਬਣਾਇਆ ਗਿਆ ਹੈ।
ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਮੌਕੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਮੰਤਰੀ ਕੇ. ਨੀਲਸਨ ਨੇ ਕਿਹਾ, ‘ਸਪਸ਼ੱਟ ਕਰ ਦੇਵਾਂ ਕਿ ਇਹ ਨਵਾਂ ਸੰਕਟ ਨਹੀਂ ਹੈ। ਇਹ ਦਹਾਕਿਆਂ ਤੋਂ ਚੱਲ ਰਿਹਾ ਹੈ ਤੇ ਇਸ ਦਾ ਦਾਇਰਾ ਵਧਦਾ ਜਾ ਰਿਹਾ ਹੈ। ਇਸ ਵੇਲੇ ਇਹ ਸਾਡੇ ਫੈਡਰਲ ਇਮੀਗ੍ਰੇਸ਼ਨ ਕਾਨੂੰਨ ਵਿਚ ਮੌਜੂਦ ਕਮੀਆਂ ਦਾ ਨਤੀਜਾ ਹੈ, ਜੋ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਣ ਵਾਲੇ ਨਾਬਾਲਗਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਣ ਤੋਂ ਰੋਕਦੇ ਹਨ।’ ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਕਾਨੂੰਨ ਵਿਚ ਕਮੀਆਂ ਨਾਲ ਅਸਲ ਵਿਚ ਸਰਹੱਦਾਂ ਖਤਮ ਹੋ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿਰਾਸਤ ਵਿਚ ਲੈਣ ਤੇ ਵਾਪਸ ਭੇਜਣ ਦੇ ਅਧਿਕਾਰਾਂ ਦੇ ਬਿਨਾਂ ਕਿਸੇ ਨੂੰ ਸਿਰਫ ਰੋਕ ਲੈਣਾ ਸੀਮਾ ਸੁਰੱਖਿਆ ਨਹੀਂ ਹੈ। ਨੀਲਸਨ ਨੇ ਕਿਹਾ, ‘ਅਸੀਂ ਬਾਰ-ਬਾਰ ਪਾਰਲੀਮੈਂਟ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕਮੀਆਂ ਨੂੰ ਦੂਰ ਕਰੇ।’