ਟਰੰਪ ਨੇ ਅੱਤਵਾਦੀਆਂ ਦੀਆਂ ਪਨਾਹਗਾਹਾਂ ਮੁਕਾਉਣ ਦਾ ਪ੍ਰਣ ਲਿਆ

donald trump
ਵਾਸ਼ਿੰਗਟਨ, 12 ਸਤੰਬਰ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ 9/11 ਅੱਤਵਾਦੀ ਹਮਲੇ ਦੀ ਬਰਸੀ ਮੌਕੇ ਕਿਹਾ ਕਿ ਅਮਰੀਕਾ ਨੂੰ ‘ਡਰਾਇਆ ਨਹੀਂ ਜਾ ਸਕਦਾ’ ਅਤੇ ਉਨ੍ਹਾਂ ਇਸ ਮੌਕੇ ਦੁਨੀਆ ਦੇ ਹਰ ਹਿੱਸੇ ਵਿੱਚ ਮੌਜੂਦ ਅੱਤਵਾਦੀਆਂ ਦੀਆਂ ਪਨਾਹਗਾਹਾਂ ਦੇ ਸਫਾਏ ਦਾ ਪ੍ਰਣ ਲਿਆ ਹੈ।
16 ਸਾਲ ਪਹਿਲਾਂ ਏਸੇ ਦਿਨ ਅਮਰੀਕਾ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਭਿਆਨਕ ਦਹਿਸ਼ਤਗਰਦ ਹਮਲੇ ਵਿੱਚ ਕਰੀਬ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। 11 ਸਤੰਬਰ 2001 ਨੂੰ ਅਲ ਕਾਇਦਾ ਦੇ ਅੱਤਵਾਦੀਆਂ ਨੇ ਨਿਊ ਯਾਰਕ ਦੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਅਤੇ ਪੈਨਸਲਵੇਨੀਆ ਦੇ ਸ਼ੈਕਸਵਿਲ ਕੋਲ ਇੱਕ ਮੈਦਾਨ ਵਿੱਚ ਜਹਾਜ਼ ਮਾਰ ਦਿੱਤੇ ਸਨ, ਜਿਸ ਨਾਲ ਇੰਨੀ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ। ਟਰੰਪ ਨੇ 9/11 ਦੇ ਬਰਸੀ ਮੌਕੇ ਸੰਬੋਧਨ ਕਰਦਿਆਂ ਕਿਹਾ, ਸਾਡੇ ਉੱਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਸੋਚਿਆ ਸੀ ਕਿ ਸਾਡੇ ਅੰਦਰ ਡਰ ਪੈਦਾ ਕਰ ਦੇਣਗੇ ਅਤੇ ਸਾਡੇ ਮਨੋਬਲ ਨੂੰ ਕਮਜ਼ੋਰ ਕਰ ਦੇਣਗੇ, ਪਰ ਅਸੀਂ ਅੱਤਵਾਦੀਆਂ ਨੂੰ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਅਜਿਹੀ ਕੋਈ ਜਗ੍ਹਾ, ਪਨਾਹਗਾਹ ਨਹੀਂ ਹੈ, ਜੋ ਸਾਡੀ ਪਹੁੰਚ ਤੋਂ ਬਾਹਰ ਹੋਵੇ, ਜਿੱਥੇ ਉਹ ਲੁਕ ਸਕਣ।