ਟਰੰਪ ਦੇ ਹਾਂ ਪੱਖੀ ਸੰਕੇਤ ਪਿੱਛੋਂ ਕਿਮ ਤੇ ਮੂਨ ਵਿਚਾਲੇ ਮੀਟਿੰਗ

3ਸਿਓਲ, 27 ਮਈ (ਪੋਸਟ ਬਿਊਰੋ)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਕੱਲ੍ਹ ਫਿਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਮਿਲੇ, ਜਿਸ ਵਿੱਚ ਉਨ੍ਹਾਂ ਕਿਮ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੇ ਸੰਭਾਵਿਤ ਸੰਮੇਲਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਹ ਮੁਲਾਕਾਤ ਡੋਨਾਲਡ ਟਰੰਪ ਦੇ ਉਸ ਨਵੇਂ ਬਿਆਨ ਤੋਂ ਇੱਕ ਦਿਨ ਬਾਅਦ ਹੋਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਦੁਵੱਲੀ ਮੀਟਿੰਗ ਹੋ ਸਕਦੀ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਬਲੂ ਹਾਊਸ ਨੇ ਦੱਸਿਆ ਕਿ ਦੋਵਾਂ ਕੋਰੀਆਈ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਦੋਵਾਂ ਦੇਸ਼ਾਂ ਵਿਚਾਲੇ ਪੈਂਦੀ ਸਰਹੱਦ ਨੇੜੇ ਫੌਜ ਤੋਂ ਸੱਖਣੇ ਖੇਤਰ ਵਿਚਲੇ ਪਿੰਡ ਪਨਮੁਨਜੋਮ (ਸ਼ਾਂਤੀ ਪਿੰਡ) ‘ਚ ਕਰੀਬ ਦੋ ਘੰਟੇ ਚੱਲੀ, ਜਿੱਥੇ ਦੋਵੇਂ ਜਣੇ ਪਿਛਲੇ ਮਹੀਨੇ ਆਪਸ ਵਿੱਚ ਮਿਲੇ ਸਨ। ਬਲੂ ਹਾਊਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਉੱਤਰੀ ਕੋਰੀਆ-ਅਮਰੀਕਾ ਵਿਚਾਲੇ ਇੱਕ ਸਫਲ ਸੰਮੇਲਨ ਕਰਵਾਉਣ ਲਈ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ, ਜਿਸ ਬਾਰੇ ਕਾਫੀ ਆਸ ਬੱਝ ਰਹੀ ਹੈ।