ਟਰੰਪ ਦੇ ਪਾਬੰਦੀਆਂ ਲਾਉਣ ਪਿੱਛੋਂ ਅਮਰੀਕੀ ਯਾਤਰਾ ਵਿੱਚ ਲੋਕਾਂ ਦੀ ਦਿਲਚਸਪੀ ਘਟੀ

-ਸ਼ਿਵਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 27 ਜਨਵਰੀ ਨੂੰ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਉੱਤੇ ਅਮਰੀਕਾ ਵਿੱਚ ਦਾਖਲ ਹੋਣ ਉੱਤੇ ਪਾਬੰਦੀ ਦੇ ਕਾਰਜਕਾਰੀ ਹੁਕਮਾਂ ਤੋਂ ਤੁਰੰਤ ਬਾਅਦ ਅਮਰੀਕਾ ਦੀ ਯਾਤਰਾ ਕਰਨ ਦੀ ਦਿਲਚਸਪੀ ਵਿੱਚ ਬਹੁਤ ਗਿਰਾਵਟ ਆ ਗਈ ਹੈ। ਇਹ ਅੰਕੜੇ ਕਈ ਟਰੈਵਲ ਕੰਪਨੀਆਂ ਤੇ ਖੋਜ ਫਰਮਾਂ ਦੇ ਡਾਟਾ ਉੱਤੇ ਆਧਾਰਤ ਹਨ। ਮਿਸਾਲ ਵਜੋਂ ਏਅਰਫੋਅਰ ਪ੍ਰੀਡਿਕਸ਼ਨ ਐਪ ਹੋਪਰ ਨੇ 26 ਜਨਵਰੀ ਅਤੇ ਇੱਕ ਫਰਵਰੀ ਦੇ ਦਰਮਿਆਨ 30 ਕਰੋੜ 30 ਲੱਖ ਉਡਾਣ ਸਰਚਾਂ ਦਾ ਅਧਿਐਨ ਕੀਤਾ ਤੇ ਦੇਖਿਆ ਕਿ ਅਮਰੀਕਾ ਦੀ ਯਾਤਰਾ ਉੱਤੇ ਪਾਬੰਦੀ ਲੱਗਣ ਤੋਂ ਬਾਅਦ ਜਨਵਰੀ ਦੇ ਪਹਿਲੇ ਤਿੰਨ ਹਫਤਿਆਂ ਦੇ ਮੁਕਾਬਲੇ ਅਮਰੀਕਾ ਲਈ 122 ਕੌਮਾਂਤਰੀ ਦੇਸ਼ਾਂ ਤੋਂ ਉਡਾਣ ਸਰਚ ਦੀ ਮੰਗ ਵਿੱਚ 17 ਫੀਸਦੀ ਗਿਰਾਵਟ ਆਈ ਹੈ। ਤਿੰਨ ਫਰਵਰੀ ਨੂੰ ਅਸਥਾਈ ਤੌਰ ‘ਤੇ ਪਾਬੰਦੀ ਹਟਣ ਪਿੱਛੋਂ ਇਸ ਮੰਗ ਵਿੱਚ ਕੁਝ ਵਾਧਾ ਹੋਇਆ, ਪਰ ਹੋਪਰ ਦੇ ਚੀਫ ਡਾਟਾ ਸਾਇੰਟਿਸਟ ਪੈਟ੍ਰਿਕ ਸੱਰੀ ਅਨੁਸਾਰਜ ਨਵਰੀ ਦੇ ਪਹਿਲੇ ਤਿੰਨ ਹਫਤਿਆਂ ਦੇ ਮੁਕਾਬਲੇ 10 ਫਰਵਰੀ ਤੱਕ ਇਸ ਵਿੱਚ 10 ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਆਨਲਾਈਨ ਟਰੈਵਲ ਸਾਈਟ ‘ਚੀਪਫਲਾਈਟਸ ਡਾਟ ਕਾਮ’ ਅਨੁਸਾਰ 27 ਤੋਂ 29 ਜਨਵਰੀ ਦੇ ਵਿਚਾਲੇ ਪਿਛਲੇ ਹਫਤੇ ਦੇ ਅਖੀਰ ਦੇ ਮੁਕਾਬਲੇ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਦੀ ਸਰਚ ਵਿੱਚ 38 ਫੀਸਦੀ ਗਿਰਾਵਟ ਆਈ ਹੈ ਤੇ ਜਨਵਰੀ ਵਿੱਚ ਔਸਤਨ ਗਿਣਤੀ ਦੇ ਮੁਕਾਬਲੇ 10 ਤੋਂ 14 ਫਰਵਰੀ ਦੇ ਦਰਮਿਆਨ ਇਹ ਗਿਰਾਵਟ 16 ਫੀਸਦੀ ਰਹੀ। ਕੰਪਨੀ ਦੀ ਬੁਲਾਰਾ ਐਮਿਲੀ ਫਿਸ਼ਰ ਨੇ ਦੱਸਿਆ ਕਿ ਇਹ ਗਿਰਾਵਟ ਮੌਸਮੀ ਗਿਰਾਵਟ ਦੇ ਮੁਕਾਬਲੇ ਜ਼ਿਆਦਾ ਸੀ, ਜੋ ਪਾਬੰਦੀ ਲਾਗੂ ਕਰਨ ਤੋਂ ਬਾਅਦ ਸਭ ਤੋਂ ਵੱਧ ਜ਼ਿਕਰਯੋਗ ਸੀ। ਇਸ ਤੋਂ ਇਲਾਵਾ ਸਵੀਡਨ ਦੇ ਟਰੈਵਲ ਸਰਚ ਇੰਜਣ ‘ਫਲਾਈਗ੍ਰੇਸੋਰ ਡਾਟ ਐੱਸ ਈ’ ਨੇ ਆਪਣੀ ਵੈਬਸਾਈਟ ਅਤੇ ਐਪ ‘ਤੇ ਯਾਤਰਾ ਪਾਬੰਦੀ ਦੇ ਐਲਾਨ ਪਿੱਛੋਂ ਵੀਕੈਂਡ ਤੱਕ 25 ਲੱਖ ਫਲਾਈਟ ਸਰਚਾਂ ਦਾ ਅਧਿਐਨ ਕੀਤਾ ਤੇ ਦੇਖਿਆ ਕਿ ਅਮਰੀਕਾ ਲਈ ਸਰਚ ਵਿੱਚ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ 47 ਫੀਸਦੀ ਦੀ ਗਿਰਾਵਟ ਆਈ ਸੀ।
ਸਪੇਨ ਦੇ ਵੇਲੇਂਸੀਆ ਵਿੱਚ ਟਰੈਵਲ ਰਿਸਰਚ ਕੰਪਨੀ ਫਾਰਵਰਡਕੀਜ਼ ਅਨੁਸਾਰ ਪਾਬੰਦੀ ਤੋਂ ਬਾਅਦ ਅਮਰੀਕਾ ਲਈ ਫਲਾਈਟਾਂ ਦੀ ਬੁਕਿੰਗ ਵਿੱਚ ਵੀ ਕਮੀ ਆਈ। ਕੰਪਨੀ ਨੇ 28 ਜਨਵਰੀ ਤੋਂ ਚਾਰ ਫਰਵਰੀ ਦੇ ਦਰਮਿਆਨ 1.6 ਕਰੋੜ ਫਲਾਈ ਰਿਜ਼ਰਵੇਸ਼ਨਾਂ ਦੇਖੀਆਂ ਤੇ ਇਹ ਵੀ ਕਿ ਅਮਰੀਕਾ ਲਈ ਕੌਮਾਂਤਰੀ ਬੁਕਿੰਗਜ਼ ਵਿੱਚ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ 6.5 ਫੀਸਦੀ ਦੀ ਕਮੀ ਆਈ ਹੈ। ਕੁਝ ਹੋਰ ਟਰੈਵਲ ਕੰਪਨੀਆਂ ਨੇ ਅਮਰੀਕੀ ਯਾਤਰਾ ਲਈ ਅਰਜ਼ੀਆਂ ਤੇ ਬੁਕਿੰਗਜ਼ ਵਿੱਚ ਗਿਰਾਵਟ ਦਰਜ ਕੀਤੀ। ਇਸ ਪਾਬੰਦੀ ਪਿੱਛੋਂ ਇੰਗਲੈਂਡ ਦੇ ਬ੍ਰਾਈਟਨ ਵਿੱਚ ਸਥਿਤ ਟੂਰ ਆਪਰੇਟਰ ਰਿਸਪਾਂਸੀਬਲ ਟਰੈਵਲ ਵਿੱਚ ਅਮਰੀਕਾ ਲਈ ਯਾਤਰਾ ਦੀ ਪੁੱਛਗਿੱਛ ਵਿੱਚ 22 ਫੀਸਦੀ ਦੀ ਕਮੀ ਆਈ।
ਇਸ ਦੇ ਉਲਟ ਕੰਪਨੀ ਦੇ ਮੁੱਖ ਕਾਰਜਕਾਰੀ ਜਸਟਿਨ ਫਰਾਂਸਿਸ ਅਨੁਸਾਰ ਕੰਪਨੀ ਦਾ ਕੁੱਲ ਕਾਰੋਬਾਰ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ 30 ਫੀਸਦੀ ਜ਼ਿਆਦਾ ਰਿਹਾ। ਉਨ੍ਹਾਂ ਦੱਸਿਆ ਕਿ ਪਾਬੰਦੀ ਤੋਂ ਪਹਿਲਾਂ ਅਮਰੀਕਾ ਸਭ ਤੋਂ ਪਸੰਦੀਦਾ ਸੈਲਾਨੀ ਥਾਵਾਂ ਵਿੱਚੋਂ ਸੀ, ਪਰ ਹੁਣ ਕੰਪਨੀ ਦੇ ਗਾਹਕ ਯਾਤਰਾ ਲਈ ਹੋਰਨਾਂ ਦੇਸ਼ਾਂ ਨੂੰ ਜਾਂਦੇ ਹਨ। ਟੂਰ ਆਪਰੇਟਰ ਇੰਟ੍ਰੇਪਿਡ ਟਰੈਵਲ ਨੇ 27 ਜਨਵਰੀ ਤੋਂ 16 ਫਰਵਰੀ ਤੱਕ ਆਸਟਰੇਲੀਆ ਤੋਂ ਅਮਰੀਕਾ ਦੀ ਯਾਤਰਾ ਲਈ ਵਿਕਰੀ ਵਿੱਚ 21 ਫੀਸਦੀ ਤਾਂ ਬ੍ਰਿਟੇਨ ਤੋਂ ਅਮਰੀਕਾ ਦੀ ਯਾਤਰਾ ਲਈ ਵਿਕਰੀ ਵਿੱਚ ਤੀਹ ਫੀਸਦੀ ਦੀ ਗਿਰਾਵਟ ਦੇਖੀ। ਕੰਪਨੀ ਦੇ ਉੱਤਰੀ ਅਮਰੀਕੀ ਨਿਰਦੇਸ਼ਕ ਲੇਹ ਬਾਰਨੇਸ ਨੇ ਦੱਸਿਆ ਕਿ ਇਹ ਜਨਵਰੀ ਦੇ ਸ਼ੁਰੂ ਦੇ ਮੁਕਾਬਲੇ ਇੱਕ ਵੱਡੀ ਤਬਦੀਲੀ ਸੀ, ਜਦੋਂ ਕੰਪਨੀ ਨੇ ਇਨ੍ਹਾਂ ਦੇਸ਼ਾਂ ਤੋਂ ਅਮਰੀਕਾ ਦੀ ਯਾਤਰਾ ਕਰਨ ਵਾਲਿਆਂ ਦੀ ਰਿਕਾਰਡ ਬੁਕਿੰਗ ਕੀਤੀ ਸੀ।
ਅਮਰੀਕਾ ਲਈ ਯਾਤਰਾ ਦੀ ਕੁਝ ਸਮੇਂ ਦੀ ਕਮਜ਼ੋਰ ਮੰਗ ਇੱਕ ਪਾਸੇ ਰੱਖ ਦੇਈਏ ਤਾਂ ਯਾਤਰਾ ਸਮੀਖਿਅਕਾਂ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਪਾਬੰਦੀ ਨਾਲ ਆਉਣ ਵਾਲੇ ਸਾਲਾਂ ਵਿੱਚ ਅਮਰੀਕਾ ਦੇ ਸੈਰ-ਸਪਾਟਾ ਉਦਯੋਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ ਦੇ ਵਣਜ ਵਿਭਾਗ ਦੀ ਬਿਊਰੋ ਆਫ ਇਕਨਾਮਿਕ ਅਨੈਲਸਿਸ ਦੇ ਅੰਕੜੇ ਦਰਸਾਉਂਦੇ ਹਨ ਕਿ 2015 ਵਿੱਚ ਅਮਰੀਕਾ ਵਿੱਚ ਸੈਰ ਸਪਾਟੇ ਸੰਬੰਧੀ ਖਰਚੇ 1æ56 ਖਰਾਬ ਡਾਲਰ ਸਨ ਅਤੇ ਉਸੇ ਸਾਲ ਅਮਰੀਕਾ ਵਿੱਚ ਸੈਰ ਸਪਾਟਾ ਖੇਤਰ ਨੇ 76 ਲੱਖ ਨੌਕਰੀਆਂ ਦੀ ਸਿਰਜਣਾ ਕੀਤੀ।
ਟੂਰਿਜ਼ਮ ਇਕੋਨਾਮਿਕਸ ਦੇ ਮੁਖੀ ਐਡਮ ਸਾਕਸ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ ਅਤੇ ਅਮਰੀਕਾ ਪਹਿਲਾਂ ਵਾਲੀ ਨੀਤੀ ਇਸ ਯਾਤਰਾ ਵਿਹਾਰ ਨੂੰ ਪ੍ਰਭਾਵਤ ਕਰ ਰਹੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਸਮੂਹ ਨੇ ਲਾਸ ਏਂਜਲਸ ਕਾਊਂਟੀ ਲਈ ਯਾਤਰਾ ਦਾ ਅਧਿਐਨ ਕੀਤਾ ਤੇ ਦੇਖਿਆ ਕਿ ਕਾਊਂਟੀ ਨੂੰ ਆਉਣ ਵਾਲੇ ਤਿੰਨ ਸਾਲਾਂ ਵਿੱਚ ਯਾਤਰਾ ‘ਤੇ ਪਾਬੰਦੀ ਦੇ ਸਿੱਧੇ ਨਤੀਜੇ ਵਜੋਂ ਅੱਠ ਲੱਖ ਕੌਮਾਂਤਰੀ ਸੈਲਾਨੀਆਂ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ, ਜੋ ਕਿ 73.60 ਕਰੋੜ ਡਾਲਰ ਦੇ ਸੈਰ-ਸਪਾਟਾ ਖਰਚੇ ਦੇ ਬਰਾਬਰ ਹੈ।