ਟਰੰਪ ਦੇ ਅਮਰੀਕੀ ਬਜਟ ਵਿੱਚ ਪਾਕਿਸਤਾਨ ਨੂੰ 2140 ਕਰੋੜ ਰੁਪਏ ਦੇਣ ਦੀ ਪੇਸ਼ਕਸ਼


ਵਾਸ਼ਿੰਗਟਨ, 13 ਫਰਵਰੀ (ਪੋਸਟ ਬਿਊਰੋ)- ਥੋੜ੍ਹਾ ਸਮਾਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦੋ ਅਰਬ ਡਾਲਰ ਦੀ ਮਦਦ ਇਸ ਲਈ ਰੋਕੀ ਸੀ ਕਿ ਆਪਣੀ ਜ਼ਮੀਨ ‘ਤੇ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਵਿੱਚ ਪਾਕਿ ਸਰਕਾਰ ਕੋਈ ਰੁਚੀ ਨਹੀਂ ਦਿਖਾ ਰਹੀ ਸੀ, ਪਰ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਾਲਾਨਾ ਬਜਟ ਦਾ ਐਲਾਨ ਕੀਤਾ ਤਾਂ ਉਸ ਵਿੱਚ ਪਾਕਿਸਤਾਨ ਦੇ ਲਈ ਖਾਸ ਐਲਾਨ ਨਿਕਲਿਆ।
ਦੱਖਣੀ ਏਸ਼ੀਆ ਵਿੱਚ ਮਜ਼ਬੂਤੀ ਦੇ ਲਈ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਨਾਲ ਦੋਸਤੀ ਕਾਇਮ ਰਹੇ ਤਾਂ ਕਿ ਅਫਗਾਨਿਸਤਾਨ ਵਿੱਚ ਉਸ ਦਾ ਦਖਲ ਬਣਿਆ ਰਹੇ। ਡੋਨਾਲਡ ਟਰੰਪ ਨੇ ਪਾਕਿ ਨੂੰ ਇਸ ਸ਼ਰਤ ‘ਤੇ 33.6 ਕਰੋੜ ਡਾਲਰ (ਲਗਭਗ 2014 ਕਰੋੜ ਰੁਪਏ) ਦੇਣ ਦੀ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੀ ਧਰਤੀ ‘ਤੇ ਪਲ ਰਹੇ ਅੱਤਵਾਦੀਆਂ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰੇ। ਵ੍ਹਾਈਟ ਹਾਊਸ ਤੋਂ ਬਜਟ ਕਾਂਗਰਸ ਦੇ ਕੋਲ ਹਮਾਇਤ ਲਈ ਭੇਜਿਆ ਗਿਆ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ ਪੰਜ ਅਰਬ ਡਾਲਰ ਦੀ ਮਦਦ ਦਾ ਪ੍ਰਸਤਾਵ ਬਜਟ ਵਿੱਚ ਹੈ। ਉਥੇ ਅਮਰੀਕਾ ਆਈ ਐੱਸ, ਅਲ ਕਾਇਦਾ ਅਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਮਜ਼ਬੂਤੀ ਨਾਲ ਲੜਾਈ ਛੇੜਨਾ ਚਾਹੁੰਦਾ ਹੈ। ਪਿਛਲੀ ਦਿਨੀਂ ਹੋਏ ਬ੍ਰਸੇਲਸ ਸੰਮੇਲਨ ਵਿੱਚ ਟਰੰਪ ਨੇ ਅਫਗਾਨਿਸਤਾਨ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ। ਉਥੋਂ ਦੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਆਪਣੀ ਮਦਦ ਦੇਵੇਗਾ, ਜਿਸ ਨਾਲ ਅੱਤਵਾਦੀ ਸੰਗਠਨਾਂ ਨੂੰ ਤਬਾਹ ਕੀਤਾ ਜਾ ਸਕੇ।